ਖਨੌਰੀ : ਖਨੌਰੀ ਵਿਖੇ ਇਕ ਘੱਗਰ ਦਰਿਆ ਵਿੱਚ ਕੱਲ ਦਾ ਪਾਣੀ ਫਿਰ ਵਧਣਾ ਸ਼ੁਰੂ ਹੋ ਗਿਆ ਹੈ ਪ੍ਰੰਤੂ ਖਤਰੇ ਵਾਲੀ ਕੋਈ ਸਥਿਤੀ ਨਹੀਂ ਜਾਪ ਰਹੀ ਕਿਉਂਕਿ ਪਿਛਲੇ ਦੋ ਦਿਨਾਂ ਤੋਂ ਹਿਮਾਚਲ ਸਮੇਤ ਅੰਬਾਲਾ ਚੰਡੀਗੜ੍ਹ ਰਾਜਪੁਰਾ ਆਦਿ ਖੇਤਰਾਂ ਵਿੱਚ ਬਰਸਾਤ ਨਹੀਂ ਹੋ ਰਹੀ ਅਤੇ ਖਨੌਰੀ ਵਿਖੇ ਘੱਗਰ ਦਰਿਆ ਵਿੱਚ ਜਿਸ ਸਪੀਡ ਨਾਲ ਪਾਣੀ ਵੱਧ ਰਿਹਾ ਹੈ ਉਸ ਤੋਂ ਜਾਪ ਰਿਹਾ ਹੈ ਕਿ ਅੱਜ ਰਾਤ ਤੱਕ ਪਾਣੀ ਦਾ ਪੱਧਰ ਕੁਝ ਵਧੇਗਾ ਪ੍ਰੰਤੂ ਫਿਰ ਪਾਣੀ ਉਤਰਨਾ ਸ਼ੁਰੂ ਹੋ ਜਾਵੇਗਾ। ਖਨੌਰੀ ਵਿਖੇ ਘੱਗਰ ਦੇ ਆਰ ਡੀ 460 ਪੁੱਲ ਤੇ ਲੱਗੇ ਮਾਪਦੰਡ ਅਨੁਸਾਰ ਪਾਣੀ ਦਾ ਪੱਧਰ 740.7 ਤੇ ਚੱਲ ਰਿਹਾ ਹੈ ਜੋ ਕਿ ਖਤਰੇ ਦੇ ਨਿਸ਼ਾਨ 748 ਫੁੱਟ ਤੋਂ ਕਰੀਬ 7 ਫੁੱਟ ਹੇਠਾਂ ਚੱਲ ਰਿਹਾ ਹੈ।ਡੀ ਸੀ ਦਫਤਰ ਪਟਿਆਲਾ ਵਿਖੇ ਬਣਾਏ ਗਏ ਫਲੱਡ ਕੰਟਰੋਲ ਰੂਮ ਤੋਂ ਮਿਲੀ ਜਾਣਕਾਰੀ ਅਨੁਸਾਰ ਸਰਾਲਾ ਘੱਗਰ ਵਿੱਚ ਕੱਲ ਦੇ ਮੁਕਾਬਲੇ ਪਾਣੀ ਦਾ ਪੱਧਰ ਕਰੀਬ ਇਕ ਫੁੱਟ ਘਟ ਗਿਆ ਹੈ। ਕੰਟਰੋਲ ਰੂਮ ਅਨੁਸਾਰ 8 ਅਗਸਤ ਨੂੰ ਦੁਪਹਿਰ 12 ਵਜੇ ਤੱਕ ਭਾਂਖਰਪੁਰ 1 ਫੁੱਟ 1.6 ਤੇ, ਸਰਾਲਾ ਕਲਾ 9 ਫੁੱਟ ਤੇ, ਸਨੌਲੀ 2 ਫੁੱਟ ਤੇ, ਪਟਿਆਲਾ ਨਦੀ ਨਿੱਲ, ਢਕਾਣਸੂ ਦੋ ਫੁੱਟ ਤੇ, ਅਤੇ ਖਨੌਰੀ ਵਿਖੇ ਘੱਗਰ 740.7 ਫੁੱਟ ਤੇ ਚੱਲ ਰਿਹਾ ਹੈ। ਜ਼ਿਕਰਯੋਗ ਹੈ ਕਿ ਕੱਲ ਚੰਡੀਗੜ੍ਹ, ਰਾਜਪੁਰਾ ਆਦਿ ਖੇਤਰਾਂ ਵਿੱਚ ਘੱਗਰ ਵਿੱਚ ਪਾਣੀ ਦਾ ਪੱਧਰ ਕੁਝ ਜਿਆਦਾ ਚੱਲ ਰਿਹਾ ਸੀ ਤੇ ਉਹ ਪਾਣੀ ਖਨੌਰੀ ਵਿਖੇ ਪਹੁੰਚਣ ਨੂੰ ਕਰੀਬ 24 ਘੰਟੇ ਤੋਂ ਵੀ ਜਿਆਦਾ ਸਮਾਂ ਲੱਗਦਾ ਹੈ ਜਿਸ ਕਰਕੇ ਅੱਜ ਰਾਤ ਤੱਕ ਜਾਂ ਸਵੇਰ ਤੱਕ ਖਨੌਰੀ ਵਿਖੇ ਘੱਗਰ ਦੇ ਪਾਣੀ ਪੱਧਰ ਕੁਝ ਵਧੇਗਾ ਪ੍ਰੰਤੂ ਪਿਛਲੀ ਆ ਰਹੀਆਂ ਰਿਪੋਰਟਾਂ ਅਨੁਸਾਰ ਫਿਰ ਪਾਣੀ ਘਟਨਾ ਸ਼ੁਰੂ ਹੋ ਜਾਵੇਗਾ।