ਹੁਸ਼ਿਆਰਪੁਰ : ਦਰੱਖਤ ਸਾਡੇ ਜੀਵਨ ਲਈ ਬਹੁਤ ਜਰੂਰੀ ਹਨ। ਦਰੱਖਤ ਸਾਨੂੰ ਮੁਫ਼ਤ ਵਿੱਚ ਆਕਸੀਜਨ ਪ੍ਰਦਾਨ ਕਰਦੇ ਹਨ, ਜਿਸ ਨਾਲ ਅਸੀਂ ਸਾਹ ਲੈ ਸਕਦੇ ਹਾਂ, ਅਤੇ ਹਵਾ ਵਿੱਚੋਂ ਕਾਰਬਨ ਡਾਈਆਕਸਾਈਡ ਵਰਗੀਆਂ ਹਾਨੀਕਾਰਕ ਗੈਸਾਂ ਨੂੰ ਆਪਣੇ ਵਿੱਚ ਸੋਖ ਕੇ ਹਵਾ ਨੂੰ ਸਾਫ਼ ਵੀ ਕਰਦੇ ਹਨ। ਇਸ ਕਾਰਨ ਇਹਨਾਂ ਨੂੰ ਧਰਤੀ ਦੇ ਫੇਫੜੇ ਕਿਹਾ ਜਾਂਦਾ ਹੈ। ਇਹਨਾਂ ਗੱਲਾਂ ਦਾ ਪ੍ਰਗਟਾਵਾ ਨਜ਼ਦੀਕੀ ਪਿੰਡ ਧੁੱਗਾ ਕਲਾਂ ਦੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਮੁੱਖ ਸੇਵਾਦਾਰ ਸੰਤ ਸਤਰੰਜਨ ਸਿੰਘ ਜੀ ਧੁੱਗਿਆ ਵਾਲਿਆ ਨੇ ਇੱਕ ਪ੍ਰੈਸ ਵਾਰਤਾ ਦੌਰਾਨ ਸਾਡੇ ਪੱਤਰਕਾਰ ਨਾਲ ਕੀਤਾ। ਉਹਨਾਂ ਕਿਹਾ ਕਿ ਪੌਦੇ ਵਾਤਾਵਰਣ ਦੇ ਸੰਤੁਲਨ ਨੂੰ ਬਰਕਰਾਰ ਰੱਖਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ਅਤੇ ਦਰੱਖਤ ਮਿੱਟੀ ਦੇ ਕਟਾਅ ਨੂੰ ਰੋਕਦੇ ਹਨ ਅਤੇ ਜਲ ਚੱਕਰ ਨੂੰ ਨਿਯਮਿਤ ਕਰਦੇ ਹਨ, ਅਤੇ ਮੌਸਮੀ ਬਦਲਾਵਾਂ ਦੇ ਪ੍ਰਭਾਵਾਂ ਨੂੰ ਘਟਾਉਣ ਵਿੱਚ ਮਦਦ ਕਰਦੇ ਹਨ। ਉਹਨਾਂ ਕਿਹਾ ਕਿ ਦਰੱਖਤਾ ਦੀਆਂ ਜੜ੍ਹਾਂ ਮਿੱਟੀ ਨੂੰ ਬੰਨ੍ਹ ਕੇ ਰੱਖਦੀਆਂ ਹਨ, ਜਿਸ ਨਾਲ ਬਰਸਾਤ ਅਤੇ ਭੂਅ ਖਲਨ ਦਾ ਖਤਰਾ ਘੱਟਦਾ ਹੈ ਅਤੇ ਨਾਲ ਹੀ, ਇਹ ਬੱਦਲਾਂ ਦੇ ਬਣਨ ਵਿੱਚ ਸਹਾਇਤਾ ਕਰਦੇ ਹਨ ਅਤੇ ਮੀਂਹ ਨੂੰ ਆਕਰਸ਼ਿਤ ਕਰਦੇ ਹਨ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ, ਦਰੱਖਤ ਅਨੇਕ ਜੀਵਾਂ ਲਈ ਆਵਾਸ ਪ੍ਰਦਾਨ ਕਰਦੇ ਹਨ। ਚਿੜੀਆਂ ਤੋਂ ਲੈ ਕੇ ਕੀੜੇ ਅਤੇ ਛੋਟੇ ਸਤਨਾਧਾਰੀ ਤੱਕ, ਕਈ ਪ੍ਰਜਾਤੀਆਂ ਦਰੱਖਤਾਂ ਤੇ ਨਿਰਭਰ ਹਨ। ਉਹਨਾਂ ਕਿਹਾ ਕਿ ਇਹ ਸਾਨੂੰ ਭੋਜਨ, ਦਵਾਈ, ਲੱਕੜ ਅਤੇ ਹੋਰ ਕਈ ਲਾਭਦਾਇਕ ਚੀਜ਼ਾਂ ਵੀ ਦਿੰਦੇ ਹਨ। ਫਲ, ਸਬਜ਼ੀਆਂ, ਅਨਾਜ- ਇਹ ਸਾਰੇ ਪੌਦਿਆਂ ਤੋਂ ਹੀ ਮਿਲਦੇ ਹਨ, ਜੋ ਸਾਡੇ ਰੋਜ਼ਾਨਾ ਦੇ ਜੀਵਨ ਦਾ ਅਨਿੱਖੜਵਾਂ ਹਿੱਸਾ ਹਨ। ਪਰ ਇਨਸਾਨ ਆਪਣੇ ਥੋੜੇ ਜਿਹੇ ਫਾਇਦੇ ਲਈ ਅਤੇ ਤਰੱਕੀ ਦੀ ਚਾਹ ਵਿੱਚ ਐਨਾ ਅੰਨਾ ਹੋ ਗਿਆ ਹੈ ਕੇ ਉਹ ਆਪਣੀ ਹਰੀ ਭਰੀ ਧਰਤੀ ਨੂੰ ਦਰਖਤਾਂ ਦੀ ਕਟਾਈ ਕਰਕੇ ਉਜਾੜ ਬਨਾਉਣ ਵਿੱਚ ਲੱਗਾ ਹੋਇਆ ਹੈ। ਦਰੱਖਤਾ ਦੀ ਕਟਾਈ ਕਰਨ ਨਾਲ ਪ੍ਰਦੂਸ਼ਣ, ਧਰਤੀ ਹੇਠਲੇ ਪਾਣੀ ਦਾ ਘੱਟਣਾ, ਮੌਸਮ, ਵਿਚ ਬਦਲਾਅ,ਹੜ੍ਹ ਭੁਚਾਲ ਅਤੇ ਹੋਰ ਵੀ ਅਨੇਕਾਂ ਮੁਸੀਬਤਾਂ ਦਾ ਸਾਹਮਣਾ ਕਰਨ ਲਈ ਮਨੁੱਖ ਦਰੱਖਤਾਂ ਦੀ ਕਟਾਈ ਕਰ ਰਿਹਾ ਹੈ ਪਰ ਇਨਸਾਨ ਅੱਜ ਵੀ ਆਪਣੇ ਹਸਰ ਤੋਂ ਅਨਜਾਣ ਹੈ ।