ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵੱਲੋਂ ਤੀਆਂ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ ਅਤੇ ਪ੍ਰਤਿਭਾ ਖੋਜ ਮੁਕਾਬਲੇ ਵੀ ਕਰਵਾਏ ਗਏ। ਇਸ ਸਮਾਗਮ ਵਿੱਚ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਤੇ ਕਰਮਚਾਰੀਆਂ ਨੇ ਵੱਡੀ ਤਾਅਦਾਦ ਵਿੱਚ ਸ਼ਮੂਲੀਅਤ ਕੀਤੀ।
ਵਿਭਾਗ ਮੁਖੀ ਡਾ. ਰਾਜਵੰਤ ਕੌਰ ਪੰਜਾਬੀ ਨੇ ਸਮਾਗਮ ਦੇ ਆਰੰਭ ਵਿੱਚ ਮਹਿਮਾਨਾਂ, ਅਧਿਆਪਕਾਂ, ਕਰਮਚਾਰੀਆਂ, ਖੋਜਾਰਥੀਆਂ ਅਤੇ ਵਿਦਿਆਰਥੀਆਂ ਸਮੇਤ ਪੰਜਾਬੀ ਵਿਭਾਗ ਵਿੱਚ ਨਵੇਂ ਦਾਖਲ ਹੋਏ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ 'ਤੇ ਜੀ ਆਇਆ ਨੂੰ ਕਿਹਾ। ਉਨ੍ਹਾਂ ਕਿਹਾ ਕਿ ਵਾਈਸ–ਚਾਂਸਲਰ ਡਾ. ਜਗਦੀਪ ਸਿੰਘ ਜੀ ਦੀ ਸੁਚੱਜੀ ਅਗਵਾਈ ਹੇਠ ਪੰਜਾਬੀ ਯੂਨੀਵਰਸਿਟੀ ਅਕਾਦਮਿਕ ਖੇਤਰ ਦੇ ਨਾਲ–ਨਾਲ ਆਪਣੀ ਸਭਿਆਚਾਰਕ ਵਿਰਾਸਤ ਨੂੰ ਵੀ ਜ਼ਿੰਦਾ ਰੱਖਣ ਵਿੱਚ ਬਹੁਤ ਉਸਾਰੂ ਭੂਮਿਕਾ ਨਿਭਾ ਰਹੀ ਹੈ।
ਡੀਨ ਰਿਸਰਚ ਡਾ. ਰਿਤੂ ਲਹਿਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਕਿਹਾ ਕਿ ਪੰਜਾਬੀ ਵਿਭਾਗ ਦਾ ਇਹ ਉਪਰਾਲਾ ਬਹੁਤ ਮਹੱਤਵਪੂਰਨ ਹੈ ਜੋ ਸਾਨੂੰ ਆਪਣੀਆਂ ਰਵਾਇਤੀ ਤੰਦਾਂ ਮਜਬੂਤ ਕਰਨ ਦੀ ਪ੍ਰੇਰਨਾ ਦਿੰਦਾ ਹੈ।
ਡੀਨ ਵਿਦਿਆਰਥੀ ਭਲਾਈ ਡਾ. ਮਮਤਾ ਸ਼ਰਮਾ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕੈਂਪਸ ਵਿੱਚ ਅਜਿਹੇ ਸਮਾਗਮਾਂ ਦਾ ਹੋਣਾ ਇਸ ਗੱਲ ਦੀ ਗਵਾਹੀ ਦਿੰਦਾ ਹੈ ਕਿ ਸਾਨੂੰ ਆਪਣੀਆਂ ਮੁੱਲਵਾਨ ਸਭਿਆਚਾਰਕ ਕਦਰਾਂ–ਕੀਮਤਾਂ ਨਹੀਂ ਭੁੱਲਣੀਆਂ ਚਾਹੀਦੀਆਂ ਕਿਉਂਕਿ ਅਜਿਹੇ ਸਮਾਗਮ ਨਵੀਂ ਪੀੜ੍ਹੀ ਵਿੱਚ ਤਾਜ਼ਗੀ ਤੇ ਊਰਜਾ ਵੀ ਪੈਦਾ ਕਰਦੇ ਹਨ।
ਇਸ ਦੌਰਾਨ ਵਿਦਿਆਰਥੀਆਂ ਦੇ ਪ੍ਰਤਿਭਾ ਖੋਜ ਮੁਕਾਬਲੇ ਵੀ ਕਰਵਾਏ ਗਏ। ਲੋਕ–ਗੀਤ ਮੁਕਾਬਲਿਆਂ ਵਿੱਚੋਂ ਅਨਾਮਿਕਾ ਨੇ ਪਹਿਲਾ, ਸੋਨੀਆ ਅਤੇ ਸੋਨੀਆ ਨੇ ਸਾਂਝੇ ਤੌਰ 'ਤੇ ਦੂਜਾ ਅਤੇ ਮਨਪ੍ਰੀਤ ਕੌਰ ਤੇ ਪੂਜਾ ਰਾਣੀ ਨੇ ਸਾਂਝੇ ਤੌਰ 'ਤੇ ਤੀਜਾ ਸਥਾਨ ਹਾਸਲ ਕੀਤਾ ਜਦੋਂ ਕਿ ਮਹਿੰਦੀ ਲਗਾਉਣ ਦੇ ਮੁਕਾਬਲਿਆਂ ਵਿੱਚੋਂ ਚਰਨਜੀਤ ਕੌਰ ਨੇ ਪਹਿਲਾ, ਅਭੀਨੀਤ ਕੌਰ ਨੇ ਦੂਜਾ ਅਤੇ ਕਾਜਲ ਨੇ ਤੀਜਾ ਸਥਾਨ ਹਾਸਲ ਕੀਤਾ। ਗਿੱਧੇ ਦੇ ਪਿੜ ਵਿੱਚ ਬੋਲੀਆਂ ਦੇ ਮੁਕਾਬਲੇ ਵਿੱਚ ਸਿਮਰਨਜੀਤ ਕੌਰ ਨੇ ਪਹਿਲਾ, ਚਰਨਜੀਤ ਕੌਰ ਨੇ ਦੂਜਾ ਅਤੇ ਬੇਅੰਤ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ।
ਇਸ ਮੌਕੇ ਪੁੱਜੀਆਂ ਵਿਸ਼ੇਸ਼ ਸ਼ਖਸ਼ੀਅਤਾਂ ਨੂੰ ਪੰਜਾਬੀ ਵਿਭਾਗ ਵੱਲੋਂ ਫੁਲਕਾਰੀਆਂ ਆਦਿ ਨਾਲ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਯੂਨੀਵਰਸਿਟੀ ਵਿਦਿਆਰਣਾਂ ਨੇ ਪੀਂਘਾਂ ਝੂਟੀਆਂ ਅਤੇ ਗਿੱਧਾ ਪਾ ਕੇ ਖੁੱਲ੍ਹਦਿਲੀ ਨਾਲ ਆਪਣੇ ਵਲਵਲੇ ਸਾਂਝੇ ਕੀਤੇ। ਇਸ ਮੌਕੇ ਜਲੇਬੀਆਂ, ਪਕੌੜੇ, ਦਹੀਂ–ਭੱਲੇ, ਗੋਲਗੱਪੇ, ਚਾਹ–ਪਾਣੀ ਅਤੇ ਮੁਨਿਆਰੀ ਆਦਿ ਨਾਲ ਸਬੰਧਤ ਵੱਖ–ਵੱਖ ਸਟਾਲਾਂ ਖੂਬ ਸਜੀਆਂ ਹੋਈਆਂ ਵਿਖਾਈ ਦਿੱਤੀਆਂ।
ਇਸ ਸਮਾਗਮ ਦੀ ਕਾਮਯਾਬੀ ਵਿੱਚ ਪੰਜਾਬੀ ਵਿਭਾਗ ਦੀ ਸਾਹਿਤ ਸਭਾ ਦੇ ਇੰਚਾਰਜ ਡਾ. ਗੁਰਸੇਵਕ ਲੰਬੀ, ਡਾ. ਰਾਜਵਿੰਦਰ ਸਿੰਘ, ਡਾ. ਰਾਜਮਹਿੰਦਰ ਕੌਰ, ਡਾ. ਮਨਿੰਦਰ ਕੌਰ, ਡਾ. ਸਰਬਜੀਤ ਕੌਰ, ਡਾ.ਰਵਿੰਦਰ ਕੌਰ, ਡਾ. ਗਿੰਦਰ ਸਿੰਘ, ਡਾ. ਗੁਰਪ੍ਰੀਤ ਸਿੰਘ ਆਦਿ ਅਧਿਆਪਕਾਂ ਦੇ ਨਾਲ–ਨਾਲ, ਗੈਰ–ਅਧਿਆਪਨ ਅਮਲੇ, ਖੋਜਾਰਥੀਆਂ ਅਤੇ ਵਿਦਿਆਰਥੀਆਂ ਦਾ ਵਿਸ਼ੇਸ਼ ਸਹਿਯੋਗ ਰਿਹਾ।