ਸੁਨਾਮ : ਸ਼ਹੀਦ ਊਧਮ ਸਿੰਘ ਉਲੰਪਿਕ ਸਟੇਡੀਅਮ ਸੁਨਾਮ ਵਿਖੇ ਸੰਪੰਨ ਹੋਏ ਪੰਜਾਬ ਸਕੂਲਜ ਜੋਨ ਪੱਧਰੀ ਮੁਕਾਬਲਿਆਂ ਵਿੱਚ ਚਾਈਲਡ ਕੇਅਰ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਸੁਨਾਮ ਦੀ ਫੁੱਟਬਾਲ ਟੀਮ ਅੰਡਰ 19 ਪਹਿਲੇ ਸਥਾਨ ਤੇ ਰਹੀ। ਖੇਡ ਇੰਚਾਰਜ਼ ਸ੍ਰੀਮਤੀ ਸਮ੍ਰਿਤੀ ਔਲ ਦੀ ਅਗਵਾਈ ਵਿੱਚ ਸਕੂਲ ਟੀਮ ਨੇ ਜਿਲ੍ਹਾ ਪੱਧਰੀ ਖੇਡਾਂ ਵਿੱਚ ਆਪਣੀ ਜਗ੍ਹਾ ਬਣਾਈ। ਚਾਈਲਡ ਕੇਅਰ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਦੇ ਐਮ. ਡੀ ਪਵਨਜੀਤ ਸਿੰਘ ਹੰਝਰਾ ਨੇ ਫੁਟਬਾਲ ਟੀਮ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਖੇਡਾਂ ਵਿੱਚ ਵੀ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ ਤਾਂ ਜੋ ਬੱਚਿਆਂ ਵਿੱਚ ਮਾਨਸਿਕ ਵਿਕਾਸ ਦੇ ਨਾਲ - ਨਾਲ ਸਰੀਰਕ ਵਿਕਾਸ ਵੀ ਹੋ ਸਕੇ। ਬੱਚਿਆ ਨੂੰ ਕੰਪਿਊਟਰ ,ਮੋਬਾਇਲ, ਟੈਬ ਤੇ ਖੇਡੀਆਂ ਜਾਣ ਵਾਲੀਆਂ ਖੇਡਾਂ ਤੋਂ ਹਟਕੇ ਮੈਦਾਨ ਵਿੱਚ ਉਤਾਰਨਾ ਚਾਹੀਦਾ ਹੈ ਤਾਂ ਜੋ ਪ੍ਰਤੀਯੋਗਤਾ ਵਾਲੀਆਂ ਖੇਡਾਂ ਵੱਲ ਵਧੇਰੇ ਧਿਆਨ ਦਿੱਤਾ ਜਾ ਸਕੇ। ਜਿਸ ਨਾਲ ਬੱਚੇ ਘਰ ਦੇ ਵਾਤਾਵਰਨ ਤੋਂ ਨਿਕਲ ਕੇ ਗਰਾਊਂਡ ਦੇ ਵਾਤਾਵਰਨ ਵੱਲ ਪ੍ਰੇਰਿਤ ਹੋਣ । ਉਨ੍ਹਾਂ ਆਖਿਆ ਕਿ ਨੌਜਵਾਨ ਪੀੜ੍ਹੀ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਦੇ ਨਾਲ ਨਸ਼ਿਆਂ ਵਰਗੀਆਂ ਅਲਾਮਤਾਂ ਤੋਂ ਦੂਰ ਰੱਖਿਆ ਜਾ ਸਕਦਾ ਹੈ। ਉਨ੍ਹਾਂ ਨੇ ਫੁੱਟਬਾਲ ਟੀਮ ਦੀਆਂ ਵਿਦਿਆਰਥਣਾ ਚੇਤਨਾ ਕੌਰ, ਹਰਜੋਤ ਕੌਰ, ਜਪਨੀਤ ਕੌਰ, ਖੁਸ਼ੀ ਨਾਗਰ, ਨਵੇਲੀ, ਕਰੁਨਾ, ਮਹਿਕ, ਸੋਨੀਆ ਕੌਰ, ਸ਼ਗੁਨ, ਸੋਨੀਆ ਕੌਰ, ਗਗਨਦੀਪ ਕੌਰ, ਰਮਨਦੀਪ ਕੌਰ,ਸ਼ਾਇਨਾ ਸ਼ੀਖਾਨ, ਮਨਿਸ਼ਾ, ਗੁਰਜੋਤ ਕੌਰ ਦਾ ਹੌਸਲਾ ਅਫਜ਼ਾਈ ਕਰਦਿਆਂ ਹੋਰ ਮਿਹਨਤ ਕਰਦੇ ਹੋਏ ਅੱਗੇ ਵਧਣ ਲਈ ਆਖਿਆ।