ਹੁਸ਼ਿਆਰਪੁਰ : ਪੈਸੇ ਚੋਰੀ ਦੇ ਝੂਠੇ ਇਲਜ਼ਾਮ ਲੱਗਣ ਅਤੇ ਹੋਈ ਕੁੱਟਮਾਰ ਦੀ ਨਮੋਸ਼ੀ ਵਜੋਂ ਟਰੱਕ ਡਰਾਈਵਰ ਅਤੇ ਕੰਡਕਟਰ ਵਲੋੰ ਕੀਤੀ ਖੁਦਕਸ਼ੀ ਮਾਮਲੇ ਵਿਚ ਪਿੰਡ ਨਿਆਲ ਦੇ ਪੀੜਤ ਪਰਿਵਾਰਾਂ ਨੂੰ ਇੰਨਸਾਫ ਦਿਵਾਉਣ ਅਤੇ ਮਾਮਲੇ ਦੇ ਮੁੱਖ ਦੋਸ਼ੀ ਨੂੰ ਗ੍ਰਿਫਤਾਰ ਕਰਾਉਣ ਲਈ ਪਿੰਡ ਵਾਸੀਆਂ ਵਲੋੰ ਬਣਾਈ ਐਕਸ਼ਨ ਕਮੇਟੀ ,ਕਿਸਾਨ ਜਥੇਬੰਦੀਆਂ ਅਤੇ ਇਲਾਕੇ ਦੇ ਲੋਕਾਂ ਵਲੋੰ ਲਗਾਏ ਧਰਨੇ ਵਿਚ ਆਲ ਇੰਡੀਆ ਆਦਿ ਧਰਮ ਮਿਸ਼ਨ (ਰਜਿ.) ਭਾਰਤ ਦੇ ਰਾਸ਼ਟਰੀ ਪ੍ਰਧਾਨ ਸੰਤ ਸਤਵਿੰਦਰ ਹੀਰਾ ਇੰਗਲੈਂਡ ਤੋਂ ਭਾਰਤ ਵਾਪਸੀ ਸਮੇਂ ਵਿਸ਼ੇਸ਼ ਤੋਰ ਤੇ ਧਰਨੇ ਵਾਲੇ ਸਥਾਨ ਤੇ ਪਹੁੰਚੇ ਅਤੇ ਇਸ ਘਟਨਾ ਦੀ ਨਿੰਦਿਆ ਕੀਤੀ, ਉਨਾਂ ਨਾਲ ਆਦਿ ਧਰਮ ਮਿਸ਼ਨ ਦੇ ਜਗਸੀਰ ਸਿੰਘ ਜੱਗੀ ਪਾਤੜਾਂ ਅਤੇ ਸੁਖਵੀਰ ਦੁਗਾਲ ਵੀ ਹਾਜਰ ਸਨ।
ਇਸ ਮੌਕੇ ਸੰਤ ਸਤਵਿੰਦਰ ਹੀਰਾ ਨੇ ਕਿਹਾ ਕਿ ਕਿਸੇ ਤੇ ਕਿਸੇ ਵੀ ਤਰਾਂ ਦਾ ਅੱਤਿਆਚਾਰ ਅਤੇ ਖੁਦਕਸ਼ੀ ਲਈ ਮਜ਼ਬੂਰ ਕਰਨਾ ਕਨੂੰਨੀ ਜੁਰਮ ਹੈ ਅਤੇ ਭਾਰਤੀ ਸੰਵਿਧਾਨ ਅਨੁਸਾਰ ਇਹ ਇੱਕ ਵੱਡਾ ਗੁਨਾਹ ਹੈ। ਸੰਤ ਸਤਵਿੰਦਰ ਹੀਰਾ ਨੇ ਕਿਹਾ ਕਿ ਇਨਾਂ ਅੱਤਿਆਚਾਰਾਂ ਦੇ ਖਿਲਾਫ਼ ਲੜਨ ਲਈ ਸਾਨੂੰ ਗੁਰੂਆਂ ਦੀ ਕ੍ਰਾਂਤੀਕਾਰੀ ਬਾਣੀ ਤੋਂ ਸੇਧ ਲੈਣੀ ਚਾਹੀਦੀ ਹੈ ਜਿਸ ਵਿੱਚ ਸਤਿਗੁਰੂ ਰਵਿਦਾਸ ਜੀ ਨੇ ਕਿਹਾ ਹੈ "ਸਤਿਸੰਗਤ ਮਿਲਿ ਰਹੀਏ ਮਾਧੋ ਜੈਸੇ ਮਧਪੁ ਮਖੀਰਾ" ਇਥੇ ਗੁਰੂ ਜੀ ਨੇ ਮਧੂ ਮੱਖੀਆਂ ਦੀ ਉਦਾਹਰਣ ਏਸ ਕਰਕੇ ਦਿੱਤੀ ਹੈ ਕਿ ਜਦੋਂ ਉਨਾਂ ਵੱਲ ਕੋਈ ਉਂਗਲ ਵੀ ਕਰੇ ਤਾਂ ਉਹ ਇਕੱਠੀਆਂ ਧਾਵਾ ਬੋਲ ਦਿੰਦੀਆਂ ਹਨ। ਇਸ ਕਰਕੇ ਸਮਾਜ ਨੂੰ ਵੀ ਪ੍ਰੇਰਨਾ ਲੈ ਕੇ ਏਕਤਾ ਅਤੇ ਆਪਸੀ ਭਾਈਚਾਰਾ ਬਣਾਕੇ ਰੱਖਣਾ ਬਹੁਤ ਜਰੂਰੀ ਹੈ।
ਸੰਤ ਸਤਵਿੰਦਰ ਹੀਰਾ ਨੇ ਕਿਹਾ ਕਿ ਪਿੰਡ ਨਿਆਲ ਦੇ ਦੋਵੇਂ ਵਿਅਕਤੀ ਬਹੁਤ ਮਿਹਨਤੀ, ਇਮਾਨਦਾਰ ਅਤੇ ਮਿਹਨਤ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਸਨ, ਉਨਾਂ ਦੀ ਮੌਤ ਤੋਂ ਬਾਅਦ ਪੀੜਤ ਪਰਿਵਾਰ ਦੁੱਖਾਂ ਵਿਚ ਘਿਰ ਗਿਆ ਹੈ । ਇਸ ਲਈ ਸਰਕਾਰ ਪਰਿਵਾਰ ਨੂੰ ਇੰਨਸਾਫ ਦਿਵਾਉਣ ਲਈ ਬੈਠੇ ਲੋਕਾਂ ਵਲੋੰ ਰੱਖੀਆਂ ਮੰਗਾਂ ਨੂੰ ਤੁਰੰਤ ਲਾਗੂ ਕਰੇ, ਪੀੜਤ ਪਰਿਵਾਰਾਂ ਦੇ ਇਕ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ ਯੋਗ ਮੁਆਵਜ਼ਾ ਦਿੱਤਾ ਜਾਵੇ।