ਸ਼ਹੀਦ ਦੀਆਂ ਯਾਦਗਾਰਾਂ ਦੇ ਰਹਿੰਦੇ ਕਾਰਜ ਕਰਾਂਵਾਗੇ ਪੂਰੇ
ਸੁਨਾਮ : ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਸੰਗਰੂਰ -2 ਦੀ ਪ੍ਰਧਾਨ ਬਣਨ ਉਪਰੰਤ ਦਾਮਨ ਬਾਜਵਾ ਨੇ ਭਾਜਪਾ ਆਗੂਆਂ ਸਮੇਤ ਸ਼ਹੀਦ ਊਧਮ ਸਿੰਘ ਦੀ ਸਮਾਰਕ ਤੇ ਸਿਜਦਾ ਕੀਤਾ। ਭਾਜਪਾ ਵੱਲੋਂ ਨਿਯੁਕਤ ਆਬਜ਼ਰਵਰ ਮੋਹਨ ਲਾਲ ਗਰਗ ਨੇ ਕਿਹਾ ਕਿ ਸ਼ਹੀਦਾਂ ਦੀਆਂ ਸ਼ਹਾਦਤਾਂ ਸਦਕਾ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ। ਭਾਜਪਾ ਦੀ ਸਰਬਸੰਮਤੀ ਨਾਲ ਜ਼ਿਲ੍ਹਾ ਸੰਗਰੂਰ -2 ਦੀ ਪ੍ਰਧਾਨ ਬਣੀ ਦਾਮਨ ਬਾਜਵਾ ਨੇ ਆਖਿਆ ਕਿ ਸ਼ਹੀਦ ਊਧਮ ਸਿੰਘ ਜੀ ਦੀਆਂ ਯਾਦਗਾਰਾਂ ਦੇ ਅਧੂਰੇ ਰਹਿੰਦੇ ਕਾਰਜਾਂ ਨੂੰ ਪੂਰਾ ਕਰਵਾਉਣ ਲਈ ਮਾਮਲਾ ਕੇਂਦਰ ਵਿਚਲੀ ਨਰਿੰਦਰ ਮੋਦੀ ਸਰਕਾਰ ਕੋਲ ਉਠਾਵਾਂਗੇ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੇ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਬਕਾਇਦਾ ਨੀਤੀ ਘੜੀ ਹੋਈ ਹੈ ਜਦਕਿ ਸੂਬੇ ਦੀ ਭਗਵੰਤ ਮਾਨ ਸਰਕਾਰ ਸਿਰਫ਼ ਵੋਟਾਂ ਬਟੋਰਨ ਲਈ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ। ਉਨ੍ਹਾਂ ਆਖਿਆ ਕਿ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੂੰ ਸ਼ਹੀਦਾਂ ਦੇ ਸੁਪਨੇ ਸਾਕਾਰ ਕਰਨ ਦਾ ਚੇਤਾ ਸਾਢੇ ਤਿੰਨ ਸਾਲ ਬਾਅਦ ਆਇਆ ਹੈ। ਉਨ੍ਹਾਂ ਆਖਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੀ ਸ਼ਹੀਦਾਂ ਦੇ ਨਾਂਅ ਤੇ ਬਣੀ ਸੀ। ਜ਼ਿਲ੍ਹਾ ਪ੍ਰਧਾਨ ਦਾਮਨ ਬਾਜਵਾ ਨੇ ਕਿਹਾ ਕਿ ਭਾਜਪਾ ਨੂੰ ਬੂਥ ਪੱਧਰ ਤੇ ਮਜ਼ਬੂਤ ਕਰਨ ਦੇ ਮੱਦੇਨਜ਼ਰ ਪਾਰਟੀ ਆਗੂਆਂ ਅਤੇ ਵਰਕਰਾਂ ਨਾਲ ਮੀਟਿੰਗਾਂ ਕੀਤੀਆਂ ਜਾਣਗੀਆਂ ਸਾਰਿਆਂ ਦੀ ਸਹਿਮਤੀ ਨਾਲ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਲਈ ਮੁਹਿੰਮ ਵਿੱਢੀ ਜਾਵੇਗੀ। ਇਸ ਮੌਕੇ ਹਰਮਨਦੇਵ ਸਿੰਘ ਬਾਜਵਾ, ਕੁਲਭੂਸ਼ਣ ਗੋਇਲ ਦਿੜਬਾ, ਡਾਕਟਰ ਜਗਮਹਿੰਦਰ ਸੈਣੀ, ਵਿਨੋਦ ਸਿੰਗਲਾ, ਸੰਜੇ ਗੋਇਲ, ਰਾਂਝਾ ਬਖਸ਼ੀ ਖਨੌਰੀ, ਅੰਮ੍ਰਿਤ ਰਾਜਦੀਪ ਸਿੰਘ ਚੱਠਾ, ਸ਼ੰਕਰ ਬਾਂਸਲ, ਹਿੰਮਤ ਸਿੰਘ ਬਾਜਵਾ, ਰਾਜੀਵ ਕੁਮਾਰ ਮੱਖਣ, ਅਸ਼ੋਕ ਗੋਇਲ, ਰਾਕੇਸ਼ ਕੁਮਾਰ ਟੋਨੀ, ਸ਼ੇਰਵਿੰਦਰ ਸਿੰਘ ਡਸਕਾ, ਜਗਪਾਲ ਸਿੰਘ ਗੰਢੂਆ ਨਵਾਬ ਨਾਗਰਾ ਸਮੇਤ ਵੱਡੀ ਗਿਣਤੀ ਵਿੱਚ ਭਾਜਪਾਈ ਹਾਜ਼ਰ ਸਨ।