ਸੁਨਾਮ : ਅਮਰੀਕਾ ਦੇ ਸ਼ਹਿਰ ਅਲਬਾਮਾ ਵਿਖੇ ਹੋਈਆਂ ਵਰਲਡ ਪੁਲਿਸ ਐਂਡ ਫਾਇਰ ਖੇਡਾਂ 2025 ਵਿੱਚ ਸੋਨੇ ਅਤੇ ਕਾਂਸੇ ਦਾ ਮੈਡਲ ਜਿੱਤਣ ਵਾਲੇ ਖੁਫ਼ੀਆ ਵਿਭਾਗ ਵਿੱਚ ਸੇਵਾਵਾਂ ਨਿਭਾਅ ਰਹੇ ਸੁਨਾਮ ਦੇ ਜੰਮਪਲ ਸਹਾਇਕ ਥਾਣੇਦਾਰ ਸਰਬਜੀਤ ਸਿੰਘ ਨੂੰ ਸ਼ਹੀਦ ਊਧਮ ਸਿੰਘ ਕੰਬੋਜ ਯਾਦਗ਼ਾਰ ਕਮੇਟੀ ਵੱਲੋਂ ਆਯੋਜਿਤ ਕੀਤੇ ਸਮਾਗਮ ਦੌਰਾਨ ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਸਨਮਾਨਿਤ ਕੀਤਾ ਗਿਆ। ਸ਼ਹੀਦੇ ਆਜ਼ਮ ਸਰਦਾਰ ਊਧਮ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਸ਼ਹੀਦ ਦੇ ਜੱਦੀ ਘਰ ਵਿਖੇ ਕੀਤੇ ਗਏ ਵਿਸ਼ੇਸ਼ ਸਮਾਗਮ ਵਿੱਚ ਅਮਨ ਅਰੋੜਾ ਕੈਬਨਿਟ ਮੰਤਰੀ , ਜਗਦੀਪ ਗੋਲਡੀ ਕੰਬੋਜ ਐਮ.ਐਲ.ਏ. ਜਲਾਲਾਬਾਦ, ਡਾਕਟਰ ਮਲਕੀਤ ਸਿੰਘ ਥਿੰਦ ਚੇਅਰਮੈਨ ਪਛੜੀਆਂ ਸ਼੍ਰੇਣੀਆਂ ਕਮਿਸ਼ਨ ਪੰਜਾਬ, ਨਿਸ਼ਾਨ ਸਿੰਘ ਟੋਨੀ ਪ੍ਰਧਾਨ ਨਗਰ ਕੌਂਸਲ ਸੁਨਾਮ ਨੇ ਕਿਹਾ ਕਿ ਸਰਬਜੀਤ ਸਿੰਘ ਵੱਲੋਂ ਪੁਲੀਸ ਵਿਭਾਗ ਵਿੱਚ ਸੇਵਾਵਾਂ ਨਿਭਾਉਣ ਦੇ ਨਾਲ ਖੇਡਾਂ ਵਿੱਚ ਵੀ ਕੌਮਾਂਤਰੀ ਪੱਧਰ ਤੇ ਨਾਮਣਾ ਖੱਟਿਆ ਜਾ ਰਿਹਾ ਹੈ। ਦੱਸ ਦੇਈਏ ਸਹਾਇਕ ਥਾਣੇਦਾਰ ਸਰਬਜੀਤ ਸਿੰਘ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 5 ਹਜ਼ਾਰ ਮੀਟਰ ਰੇਸ ਵਾਕ ਵਿੱਚ ਸੋਨੇ ਦਾ ਤਗਮਾ ਅਤੇ 110 ਮੀਟਰ ਹਰਡਲ ਰੇਸ ਵਿੱਚ ਕਾਂਸੀ ਦਾ ਤਗਮਾ ਜਿੱਤਕੇ ਭਾਰਤ ਅਤੇ ਪੰਜਾਬ ਦੇ ਨਾਲ ਨਾਲ ਸ਼ਹਿਰ ਸੁਨਾਮ ਦਾ ਨਾਂਅ ਰੌਸ਼ਨ ਕੀਤਾ ਹੈ। ਸਰਬਜੀਤ ਸਿੰਘ ਸਾਲ 2023 ਵਿੱਚ ਕੈਨੇਡਾ ਦੇ ਸ਼ਹਿਰ ਵਿੰਨੀਪੈਗ ਵਿਖੇ ਹੋਈਆਂ ਵਰਲਡ ਪੁਲਿਸ ਗੇਮਜ ਵਿੱਚ ਵੀ ਸਿਲਵਰ ਅਤੇ ਕਾਂਸੀ ਦੇ ਦੋ ਤਗਮੇ ਜਿੱਤਕੇ ਮੁਲਕ ਦੀ ਝੋਲੀ ਪਾ ਚੁੱਕਿਆ ਹੈ। ਇਸ ਮੌਕੇ ਯਾਦਗਾਰੀ ਕਮੇਟੀ ਦੇ ਪ੍ਰਧਾਨ ਕੇਸਰ ਸਿੰਘ ਢੋਟ, ਸਰਪੰਚ ਮਨਿੰਦਰ ਸਿੰਘ ਲਖਮੀਰਵਾਲਾ, ਤਰਸੇਮ ਸਿੰਘ, ਜੰਗੀਰ ਸਿੰਘ ਰਤਨ, ਭੋਲਾ ਸਿੰਘ ਸੰਗਰਾਮੀ ਸਮੇਤ ਹੋਰ ਮੈਂਬਰ ਹਾਜ਼ਰ ਸਨ।