ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੇ ਹਿੰਦੀ ਵਿਭਾਗ ਵੱਲੋਂ ਮਹਾਕਵੀ ਗੋਸਵਾਮੀ ਤੁਲਸੀਦਾਸ ਅਤੇ ਕਥਾ ਸਮਰਾਟ ਮੁਨਸ਼ੀ ਪ੍ਰੇਮਚੰਦ ਦੀ ਜਯੰਤੀ ਮੌਕੇ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਵਿਭਾਗ ਦੇ ਸਾਬਕਾ ਅਧਿਆਪਕ ਡਾ. ਰਵੀ ਕੁਮਾਰ ਅਨੂ, ਡਾ. ਸੁਖਵਿੰਦਰ ਕੌਰ ਬਾਠ ਅਤੇ ਡਾ. ਰਵੀ ਦੱਤ ਕੋਸ਼ਿਸ਼ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਪ੍ਰੋਗਰਾਮ ਦੀ ਸ਼ੁਰੂਆਤ ਵਿਭਾਗ ਦੇ ਮੁਖੀ ਡਾ. ਨੀਤੂ ਕੌਸ਼ਲ ਵੱਲੋਂ ਦਿੱਤੇ ਗਏ ਸਵਾਗਤੀ ਭਾਸ਼ਣ ਨਾਲ਼ ਹੋਈ।
ਡਾ. ਰਵੀ ਕੁਮਾਰ ਅਨੂ ਨੇ ਮੁਨਸ਼ੀ ਪ੍ਰੇਮਚੰਦ ਦੇ ਕਥਾ ਸਾਹਿਤ ਦੀਆਂ ਵਿਸ਼ੇਸ਼ਤਾਵਾਂ ਨੂੰ ਸਪਸ਼ਟ ਕਰਦਿਆਂ ਉਨ੍ਹਾਂ ਨੂੰ ਪੰਚਤੰਤਰ ਅਤੇ ਹਿਤੋਪਦੇਸ਼ ਦੀ ਅਗਲੀ ਕੜੀ ਦੱਸਿਆ। ਉਨ੍ਹਾਂ ਨੇ ਪ੍ਰੇਮਚੰਦ ਨੂੰ ਵਿਸ਼ਵ ਦੇ ਉੱਚ ਕੋਟੀ ਦੇ ਸਾਹਿਤਕਾਰਾਂ ਵਿੱਚ ਸ਼ੁਮਾਰ ਕਰਦਿਆਂ ਉਨ੍ਹਾਂ ਨੂੰ ਭਾਰਤੀ ਕਿਸਾਨ ਵਰਗ ਦਾ ਮਸੀਹਾ ਕਰਾਰ ਦਿੱਤਾ।
ਡਾ. ਸੁਖਵਿੰਦਰ ਕੌਰ ਬਾਠ ਨੇ ਪ੍ਰੇਮਚੰਦ ਦੀਆਂ ਕਹਾਣੀਆਂ ਦੇ ਉਦਾਹਰਣ ਦਿੰਦਿਆਂ ਮਨੁੱਖੀ ਸੰਵੇਦਨਾਵਾਂ ਨੂੰ ਪ੍ਰਗਟ ਕੀਤਾ। ਉਨ੍ਹਾਂ ਨੇ ਪ੍ਰੇਮਚੰਦ ਨੂੰ ਸਮਾਜਿਕ ਕੁਰੀਤੀਆਂ ਅਤੇ ਸੱਤਾ ਦੇ ਵਿਰੋਧ ਵਿੱਚ ਖੜ੍ਹਾ ਇੱਕ ਕ੍ਰਾਂਤੀਕਾਰੀ ਸਾਹਿਤਕਾਰ ਦੱਸਿਆ। ਡਾ. ਬਾਠ ਨੇ ਵਿਦਿਆਰਥੀਆਂ ਨੂੰ ਪ੍ਰੇਮਚੰਦ ਨੂੰ ਪੜ੍ਹਨ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਪ੍ਰੇਮਚੰਦ ਆਪਣੇ ਸਾਹਿਤ ਵਿੱਚ ਸਮੁੱਚੇ ਭਾਰਤੀ ਸਮਾਜ ਦੀ ਤਸਵੀਰ ਪੇਸ਼ ਕਰਦੇ ਹਨ।
ਡਾ. ਰਵੀ ਦੱਤ ਕੋਸ਼ਿਸ਼ ਨੇ ਇਸ ਮੌਕੇ ‘ਰਾਮਚਰਿਤਮਾਨਸ’ ਦੇ ਵੱਖ-ਵੱਖ ਕਾਂਡਾਂ ਦੀ ਜਾਣਕਾਰੀ ਦਿੰਦਿਆਂ ਇਸ ਦੀ ਮੂਲ ਸੰਵੇਦਨਾ ‘ਤੇ ਚਾਨਣਾ ਪਾਇਆ।
ਇਸ ਮੌਕੇ ਵਿਭਾਗ ਦੇ ਸਾਰੇ ਅਧਿਆਪਕ, ਡਾ. ਰਜਨੀ ਪ੍ਰਤਾਪ, ਡਾ. ਵੀਰੇਂਦਰ ਕੁਮਾਰ, ਡਾ. ਪੁਸ਼ਪੇਂਦਰ ਜੋਸ਼ੀ, ਡਾ. ਵਰਿੰਦਰਜੀਤ ਕੌਰ, ਡਾ. ਸੋਨੀਆ, ਡਾ. ਪਰਵਿੰਦਰ ਸਿੰਘ, ਡਾ. ਗੁਰਜੀਤ ਕੌਰ ਅਤੇ ਸਮੂਹ ਖੋਜਾਰਥੀ ਤੇ ਵਿਦਿਆਰਥੀ ਹਾਜ਼ਰ ਰਹੇ।