ਰਾਹਗੀਰਾਂ ਨੂੰ ਕਰਨਾ ਪੈ ਰਿਹਾ ਮੁਸ਼ਕਿਲਾਂ ਦਾ ਸਾਹਮਣਾ
ਐਸਡੀਓ ਨੇ ਕੰਮ ਜਲਦੀ ਸ਼ੁਰੂ ਹੋਣ ਦੀ ਆਖੀ ਸੀ ਗੱਲ
ਸੁਨਾਮ : ਮੁੱਖ ਮੰਤਰੀ ਭਗਵੰਤ ਮਾਨ ਦੇ ਜੱਦੀ ਪਿੰਡ ਨੂੰ ਜੋੜਦੀ ਸੜਕ ਦੀ ਅਪਗ੍ਰੇਡਸ਼ਨ ਦਾ ਚਾਰ ਮਹੀਨੇ ਪਹਿਲਾਂ ਨੀਂਹ ਪੱਥਰ ਰੱਖੇ ਜਾਣ ਦੇ ਬਾਵਜੂਦ ਕੰਮ ਸ਼ੁਰੂ ਨਾ ਹੋਣ ਕਰਕੇ ਰਾਹਗੀਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਾਂਗਰਸੀ ਆਗੂ ਰਾਜਿੰਦਰ ਦੀਪਾ ਨੇ ਸਰਕਾਰ ਦੀ ਕਾਰਗੁਜ਼ਾਰੀ ਤੇ ਸਵਾਲ ਖੜ੍ਹੇ ਕੀਤੇ ਹਨ। ਰਾਜਿੰਦਰ ਦੀਪਾ ਨੇ ਇਲਾਕੇ ਦੇ ਲੋਕਾਂ ਦੀ ਮੌਜੂਦਗੀ ਵਿੱਚ ਐਤਵਾਰ ਨੂੰ ਸੁਨਾਮ ਤੋਂ ਜਖੇਪਲ, ਧਰਮਗੜ੍ਹ ਸੜਕ ਦੀ ਅਪਗ੍ਰੇਡਸ਼ਨ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਕ਼ਰੀਬ ਚਾਰ ਮਹੀਨੇ ਪਹਿਲਾਂ ਰੱਖੇ ਨੀਂਹ ਪੱਥਰ ਕੋਲ ਖੜਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਕਤ ਸੜਕ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਪਿੰਡ ਸਤੌਜ ਨੂੰ ਵੀ ਜੋੜਦੀ ਹੋਣ ਦੇ ਬਾਵਜੂਦ ਅਪਗ੍ਰੇਡਸ਼ਨ ਦਾ ਕੰਮ ਸ਼ੁਰੂ ਨਹੀਂ ਕੀਤਾ ਜਾ ਰਿਹਾ, ਉਨ੍ਹਾਂ ਆਖਿਆ ਕਿ ਵਿੱਤ ਮੰਤਰੀ ਹਰਪਾਲ ਸਿੰਘ ਚੀਮਾਂ ਦੇ ਹਲਕਾ ਦਿੜ੍ਹਬਾ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਹਲਕੇ ਦੇ ਪਿੰਡਾਂ ਵਿਚਕਾਰੋਂ ਵੀ ਲੰਘਦੀ ਹੈ । ਉਨ੍ਹਾਂ ਕਿਹਾ ਕਿ ਧਰਮਗੜ੍ਹ ਤੋਂ ਮਹਿਜ਼ ਕੁੱਝ ਹੀ ਦੂਰ ਸਤੌਜ ਨੂੰ ਮਿਲਾਉਂਦੀ ਹੋਣ ਕਰਕੇ ਉਕਤ ਸੜਕ ਵੱਲ ਵੀ ਅਧਿਕਾਰੀ ਧਿਆਨ ਨਹੀਂ ਦੇ ਰਹੇ। ਉਨ੍ਹਾਂ ਦੱਸਿਆ ਕਿ ਸੁਨਾਮ, ਜਖੇਪਲ ਧਰਮਗੜ੍ਹ ਸੜਕ ਨੂੰ ਮੁੜ ਤੋਂ ਬਣਾਉਣ ਲਈ ਇਲਾਕੇ ਦੇ ਲੋਕਾਂ ਵੱਲੋਂ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਲੇਕਿਨ ਨੀਂਹ ਪੱਥਰ ਰੱਖਣ ਤੋਂ ਬਾਅਦ ਵੀ ਕੰਮ ਸ਼ੁਰੂ ਨਹੀਂ ਹੋਇਆ। ਸੜਕ ਤੇ ਪਏ ਖੱਡਿਆਂ ਕਾਰਨ ਰਾਹਗੀਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੀਨੀਅਰ ਕਾਂਗਰਸੀ ਆਗੂ ਰਾਜਿੰਦਰ ਦੀਪਾ ਨੇ ਸੁਨਾਮ ਜਖੇਪਲ ਧਰਮਗੜ੍ਹ ਸੜਕ ਦੀ ਅਪਗ੍ਰੇਡਸ਼ਨ ਦੀ ਟੈਂਡਰ ਪ੍ਰਣਾਲੀ ਤੇ ਸ਼ੰਕਾ ਜ਼ਾਹਿਰ ਕਰਦਿਆਂ ਕਿਹਾ ਕਿ ਸਰਕਾਰ ਦੀ ਨੀਤੀ ਨਾਲ ਛੋਟੇ ਕਾਰੋਬਾਰੀਆਂ ਨੂੰ ਕੰਮ ਤੋਂ ਵਿਹਲਾ ਕੀਤਾ ਜਾ ਰਿਹਾ ਹੈ ਜਦਕਿ ਮੁੱਖ ਮੰਤਰੀ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ ਅੰਗਰੇਜ਼ ਕੰਮ ਦੀ ਭਾਲ ਲਈ ਪੰਜਾਬ ਆਇਆ ਕਰਨਗੇ। ਉਨ੍ਹਾਂ ਆਖਿਆ ਕਿ ਉਕਤ ਸੜਕ ਦੀ ਅਪਗ੍ਰੇਡਸ਼ਨ ਦਾ ਪਹਿਲਾ ਹੋਇਆ ਟੈਂਡਰ ਕੈਂਸਲ ਕਰ ਦਿੱਤਾ ਗਿਆ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਰਾਹਗੀਰਾਂ ਨੂੰ ਮੁਸ਼ਕਿਲਾਂ ਤੋਂ ਛੁਟਕਾਰਾ ਦਿਵਾਉਣ ਲਈ ਉਕਤ ਸੜਕ ਦੀ ਅਪਗ੍ਰੇਡਸ਼ਨ ਦਾ ਕੰਮ ਜਲਦੀ ਸ਼ੁਰੂ ਕਰਵਾਇਆ ਜਾਵੇ। ਦੱਸ ਦੇਈਏ ਲੋਕ ਨਿਰਮਾਣ ਵਿਭਾਗ ਦੇ ਐਸਡੀਓ ਅਨਿਲ ਕੁਮਾਰ ਗਰਗ ਨੇ ਕਰੀਬ ਇੱਕ ਹਫ਼ਤਾ ਪਹਿਲਾਂ ਸੁਨਾਮ ਜਖੇਪਲ ਧਰਮਗੜ੍ਹ ਸੜਕ ਦੀ ਅਪਗ੍ਰੇਡਸ਼ਨ ਦਾ ਕੰਮ ਜਲਦੀ ਸ਼ੁਰੂ ਕਰਨ ਦੀ ਗੱਲ ਆਖੀ ਸੀ। ਇਸ ਮੌਕੇ ਬਲਾਕ ਕਾਂਗਰਸ ਕਮੇਟੀ ਸੁਨਾਮ ਦੇ ਪ੍ਰਧਾਨ ਅਤੇ ਕੌਂਸਲਰ ਮਨਪ੍ਰੀਤ ਸਿੰਘ ਮਨੀ ਵੜ੍ਹੈਚ, ਸਾਬਕਾ ਕੌਂਸਲਰ ਹਾਕਮ ਸਿੰਘ, ਜਸਪਾਲ ਸਿੰਘ ਪਾਲਾ ਤੋਂ ਇਲਾਵਾ ਇਲਾਕੇ ਦੇ ਲੋਕ ਹਾਜ਼ਰ ਸਨ।