ਸਾਹਿਬਜ਼ਾਦਾ ਅਜੀਤ ਸਿੰਘ ਨਗਰ : ਸੁਚਾਰੂ ਆਵਾਜਾਈ ਨੂੰ ਯਕੀਨੀ ਬਣਾਉਣ, ਹਾਦਸਿਆਂ ਨੂੰ ਰੋਕਣ ਅਤੇ ਯਾਤਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ, ਜ਼ਿਲ੍ਹਾ ਪ੍ਰਸ਼ਾਸਨ ਮੋਹਾਲੀ (ਸਾਹਿਬਜ਼ਾਦਾ ਅਜੀਤ ਸਿੰਘ ਨਗਰ) ਨੇ ਸਵੇਰ ਦੇ ਭਾਰੀ ਆਵਾਜਾਈ ਦੇ ਚੋਣਵੇਂ ਸਮੇਂ ਦੌਰਾਨ ਏਅਰਪੋਰਟ ਰੋਡ (ਪੀ ਆਰ-7) 'ਤੇ ਸੈਕਟਰ-66/82 ਜੰਕਸ਼ਨ ਤੋਂ ਏਅਰਪੋਰਟ ਗੋਲ ਚੱਕਰ ਤੱਕ ਭਾਰੀ ਵਾਹਨਾਂ ਦੀ ਆਵਾਜਾਈ 'ਤੇ ਪਾਬੰਦੀ ਲਗਾ ਦਿੱਤੀ ਹੈ।
ਇਹ ਪਾਬੰਦੀ ਸਵੇਰੇ 8:00 ਵਜੇ ਤੋਂ 11:00 ਵਜੇ ਅਤੇ ਸ਼ਾਮ 5:00 ਵਜੇ ਤੋਂ 8:00 ਵਜੇ ਤੱਕ ਇਸ ਰਸਤੇ 'ਤੇ ਭਾਰੀ ਵਾਹਨਾਂ ਦੇ ਚੱਲਣ 'ਤੇ ਲਾਗੂ ਰਹੇਗੀ।
ਜ਼ਿਲ੍ਹਾ ਮੈਜਿਸਟ੍ਰੇਟ ਕੋਮਲ ਮਿੱਤਲ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਏਅਰਪੋਰਟ ਰੋਡ (ਪੀਆਰ-7) 'ਤੇ ਅਕਸਰ ਭੀੜ-ਭੜੱਕੇ (ਪੀਕ ਆਵਰਜ਼) ਦੇ ਸਮੇਂ ਦੌਰਾਨ ਭਾਰੀ ਟ੍ਰੈਫਿਕ ਜਾਮ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਕਾਰਨ ਯਾਤਰੀਆਂ ਨੂੰ ਕਾਫ਼ੀ ਅਸੁਵਿਧਾ ਹੁੰਦੀ ਹੈ, ਅਕਸਰ ਟ੍ਰੈਫਿਕ ਰੁਕਾਵਟਾਂ ਹੁੰਦੀਆਂ ਹਨ ਅਤੇ ਸੜਕ ਹਾਦਸਿਆਂ ਦਾ ਖ਼ਤਰਾ ਵੱਧ ਜਾਂਦਾ ਹੈ। ਮੋਹਾਲੀ, ਚੰਡੀਗੜ੍ਹ ਅਤੇ ਅੰਤਰ ਰਾਸ਼ਟਰੀ ਹਵਾਈ ਅੱਡੇ ਵਿਚਕਾਰ ਇੱਕ ਪ੍ਰਮੁੱਖ ਲਿੰਕ ਹੋਣ ਕਰਕੇ, ਇਹ ਕੋਰੀਡੋਰ ਰੋਜ਼ਾਨਾ ਭਾਰੀ ਆਵਾਜਾਈ ਦਾ ਸਾਹਮਣਾ ਕਰਦਾ ਹੈ, ਜਿਨ੍ਹਾਂ ਵਿੱਚ ਦਫਤਰ ਜਾਣ ਵਾਲੇ, ਸਕੂਲ ਬੱਸਾਂ ਅਤੇ ਜਨਤਕ ਆਵਾਜਾਈ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਸੁਰੱਖਿਅਤ ਅਤੇ ਮੁਸ਼ਕਲ ਰਹਿਤ ਯਾਤਰਾ ਨੂੰ ਯਕੀਨੀ ਬਣਾਉਣ ਲਈ, ਇਹ ਰੈਗੂਲੇਟਰੀ ਉਪਾਅ ਲਾਗੂ ਕੀਤਾ ਗਿਆ ਹੈ।
ਇਹ ਪਾਬੰਦੀ ਮੋਟਰ ਵਾਹਨ ਐਕਟ, 1988 ਦੀ ਧਾਰਾ 115 ਅਤੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ, 2023 (ਬੀਐਨਐਸਐਸ) ਦੀ ਧਾਰਾ 163 ਦੁਆਰਾ ਜ਼ਿਲ੍ਹਾ ਮੈਜਿਸਟ੍ਰੇਟ ਨੂੰ ਪ੍ਰਾਪਤ ਸ਼ਕਤੀਆਂ ਦੇ ਅਧੀਨ ਲਗਾਈ ਗਈ ਹੈ। ਇਹ ਹੁਕਮ 4 ਅਗਸਤ, 2025 ਤੋਂ ਲਾਗੂ ਹੋਵੇਗਾ ਅਤੇ ਅਗਲੇ ਹੁਕਮਾਂ ਤੱਕ ਲਾਗੂ ਰਹੇਗਾ।
"ਭਾਰੀ ਵਾਹਨਾਂ" ਵਿੱਚ ਟਰੱਕ, ਲਾਰੀਆਂ, ਮਲਟੀ-ਐਕਸਲ ਮਾਲ ਕੈਰੀਅਰ ਅਤੇ ਨਿਰਮਾਣ (ਉਸਾਰੀ) ਉਪਕਰਣ ਟਰਾਂਸਪੋਰਟਰ ਸ਼ਾਮਲ ਹੋਣਗੇ।
ਹਾਲਾਂਕਿ, ਐਮਰਜੈਂਸੀ ਵਾਹਨਾਂ (ਐਂਬੂਲੈਂਸਾਂ, ਫਾਇਰ ਟੈਂਡਰ, ਪੁਲਿਸ ਅਤੇ ਆਫ਼ਤ ਪ੍ਰਤੀਕਿਰਿਆ ਵਾਹਨ), ਨਾਸ਼ਵਾਨ ਜਾਂ ਜ਼ਰੂਰੀ ਵਸਤੂਆਂ (ਦੁੱਧ, ਪੀਣ ਵਾਲਾ ਪਾਣੀ, ਡਾਕਟਰੀ ਸਪਲਾਈ) ਦੀ ਢੋਆ-ਢੁਆਈ ਕਰਨ ਵਾਲੇ ਵਾਹਨਾਂ, ਜ਼ਰੂਰੀ ਡਿਊਟੀ 'ਤੇ ਸਰਕਾਰੀ ਅਤੇ ਨਗਰ ਨਿਗਮ ਦੇ ਜਨਤਕ ਡਿਊਟੀ ਵਾਹਨਾਂ ਨੂੰ ਛੋਟ ਦਿੱਤੀ ਗਈ ਹੈ।
ਜ਼ਿਲ੍ਹਾ ਮੈਜਿਸਟ੍ਰੇਟ ਨੇ ਸੀਨੀਅਰ ਸੁਪਰਡੈਂਟ ਆਫ਼ ਪੁਲਿਸ, ਐਸ.ਏ.ਐਸ. ਨਗਰ ਅਤੇ ਮੁੱਖ ਇੰਜੀਨੀਅਰ, ਗਮਾਡਾ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਪਾਬੰਦੀਸ਼ੁਦਾ ਰੂਟ 'ਤੇ ਪ੍ਰਭਾਵਸ਼ਾਲੀ ਲਾਗੂਕਰਨ ਉਪਾਵਾਂ ਅਤੇ ਢੁਕਵੇਂ ਟ੍ਰੈਫਿਕ ਸੰਕੇਤਾਂ ਰਾਹੀਂ ਇਸ ਹੁਕਮ ਨੂੰ ਸਖ਼ਤੀ ਨਾਲ ਲਾਗੂ ਕਰਨ ਨੂੰ ਯਕੀਨੀ ਬਣਾਉਣ।
ਇਸ ਨਿਰਦੇਸ਼ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਮੋਟਰ ਵਾਹਨ ਐਕਟ, 1988 ਤੇ ਬੀ.ਐਨ.ਐਸ. 2023, ਅਤੇ ਹੋਰ ਲਾਗੂ ਕਾਨੂੰਨਾਂ ਦੇ ਸਬੰਧਤ ਉਪਬੰਧਾਂ ਅਧੀਨ ਦੰਡਕਾਰੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ।