ਲੜਕੀਆਂ ਵੱਲੋਂ ਹੋਰ ਵੀ ਕੀਤੇ ਜਾ ਰਹੇ ਹਨ ਲੋਕ ਭਲਾਈ ਦੇ ਕਾਰਜ
ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੇ ਬੀਬੀ ਸਾਹਿਬ ਕੌਰ ਹੋਸਟਲ ਵਿੱਚ ਵਿਦਿਆਰਥੀ ਲੜਕੀਆਂ ਵੱਲੋਂ ਆਪਣੇ ਪੱਧਰ ਉੱਤੇ ਮਦਦ ਜੁਟਾ ਕੇ ਤਿਆਰ ਕੀਤੇ ਗਏ ਨਵੇਂ ਮਹਿਮਾਨ ਕਮਰੇ ਦਾ ਅੱਜ ਉਪ-ਕੁਲਪਤੀ ਡਾ. ਜਗਦੀਪ ਸਿੰਘ ਵੱਲੋਂ ਉਦਘਾਟਨ ਕੀਤਾ ਗਿਆ।
ਡੀਨ ਵਿਦਿਆਰਥੀ ਭਲਾਈ ਪ੍ਰੋ. ਮਮਤਾ ਸ਼ਰਮਾ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੋਸਟਲ ਦੀਆਂ ਵਿਦਿਆਰਥਣਾਂ ਜਸਨੀਤ ਕੌਰ (ਕਾਮਰਸ ਵਿਭਾਗ), ਗਗਨ ਬਰਾੜ (ਬਨਸਪਤੀ ਵਿਭਾਗ) ਅਤੇ ਗੁਰਵਰਿੰਦਰ ਕੌਰ (ਬਨਸਪਤੀ ਵਿਭਾਗ ) ਨੇ ਆਪਣੇ ਹੋਸਟਲ ਲਈ ਕੁਝ ਵਧੀਆ ਕਰਨ ਦੀ ਇੱਛਾ ਨਾਲ਼ ਅਜਿਹਾ ਕਦਮ ਉਠਾਇਆ ਹੈ। ਉਨ੍ਹਾਂ ਦੱਸਿਆ ਕਿ ਆਪਣੇ ਥੀਸਿਸ ਜਮ੍ਹਾਂ ਕਰਵਾਉਣ ਤੋਂ ਬਾਅਦ, ਵਿਦਿਆਰਥਣਾਂ ਨੇ ਆਪਣੇ ਹੋਸਟਲ ਦੀ ਸੀਨੀਅਰ ਵਾਰਡਨ ਮੈਡਮ ਹਰਪ੍ਰੀਤ ਕੌਰ ਨਾਲ ਮਿਲ ਕੇ ਮਹਿਮਾਨ ਕਮਰਾ ਤਿਆਰ ਕਰਨ ਦਾ ਵਿਚਾਰ ਕੀਤਾ ਅਤੇ ਇੱਥੇ ਟਾਈਲ ਲਗਵਾਉਣ ਤੋਂ ਲੈ ਕੇ ਫਰਨੀਚਰ ਆਦਿ ਤੱਕ ਦਾ ਆਪਣੇ ਪੱਧਰ ਉੱਤੇ ਇੰਤਜ਼ਾਮ ਕਰਦਿਆਂ ਇਸ ਕੰਮ ਨੂੰ ਨੇਪਰੇ ਚੜ੍ਹਿਆ।
ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਇਸ ਪਹਿਲਕਦਮੀ ਦੀ ਸ਼ਲਾਘਾ ਕਰਦਿਆਂ ਆਸ ਜਤਾਈ ਕਿ ਅਜਿਹੇ ਉਪਰਾਲੇ ਵਿਦਿਆਰਥੀਆਂ ਵਿੱਚ ਭਾਈਚਾਰੇ ਅਤੇ ਸਹਿਯੋਗ ਦੀ ਭਾਵਨਾ ਨੂੰ ਵਧਾਉਣਗੇ। ਉਨ੍ਹਾਂ ਕਿਹਾ ਕਿ ਇਹ ਕਦਮ ਦਰਸਾਉਂਦਾ ਹੈ ਕਿ ਸਾਡੇ ਵਿਦਿਆਰਥੀਆਂ ਵਿੱਚ ਯੂਨੀਵਰਸਿਟੀ ਪ੍ਰਤੀ ਕਿੰਨਾ ਦਿਲੀ ਲਗਾਅ ਹੈ।
ਪ੍ਰੋਵੋਸਟ ਡਾ. ਇੰਦਰਜੀਤ ਸਿੰਘ ਅਤੇ ਸੀਨੀਅਰ ਵਾਰਡਨ ਹਰਪ੍ਰੀਤ ਕੌਰ ਨੇ ਦੱਸਿਆ ਕਿ ਇਨ੍ਹਾਂ ਵਿਦਿਆਰਥਣਾਂ ਨੇ ਤਿੰਨ ਹੋਰ ਭਲਾਈ ਵਾਲੇ ਕੰਮ ਵੀ ਸ਼ੁਰੂ ਕੀਤੇ ਹਨ। ਇਨ੍ਹਾਂ ਕਾਰਜਾਂ ਵਿੱਚ ਅਜਿਹੇ ਥ੍ਰਿਫਟ ਸਟੋਰ ਦੀ ਸ਼ੁਰੂਆਤ ਕਰਨਾ ਵੀ ਸ਼ਾਮਿਲ ਹੈ ਜਿੱਥੇ ਲੋੜਵੰਦ ਵਿਦਿਆਰਥੀ ਕੱਪੜੇ ਅਤੇ ਹੋਰ ਚੀਜ਼ਾਂ ਲੈ ਸਕਦੇ ਹਨ। ਇਸੇ ਤਰ੍ਹਾਂ ਇੱਕ ਬੁੱਕ-ਬੈਂਕ ਸਥਾਪਿਤ ਕੀਤਾ ਗਿਆ ਹੈ ਜਿੱਥੇ ਪੁਰਾਣੀਆਂ ਕਿਤਾਬਾਂ ਰੱਖੀਆਂ ਜਾ ਸਕਦੀਆਂ ਹਨ, ਅਤੇ ਇੱਕ ਇਮਾਨਦਾਰੀ ਸਟੇਸ਼ਨ ਦੀ ਵੀ ਸ਼ੁਰੂਆਤ ਕੀਤੀ ਗਈ ਹੈ ਜਿੱਥੇ ਵਿਦਿਆਰਥੀ ਸਟੇਸ਼ਨਰੀ ਲੈ ਕੇ ਆਪਣੀ ਸਮਰੱਥਾ ਅਨੁਸਾਰ ਦਾਨ ਕਰ ਸਕਦੇ ਹਨ।