ਸੰਦੌੜ : ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ "ਯੁੱਧ ਨਸ਼ਿਆਂ ਵਿਰੁੱਧ" ਤਹਿਤ ਜ਼ਿਲਾ ਮਾਲੇਰਕੋਟਲਾ ਵਿੱਚ ਸਿੱਖਿਆ ਵਿਭਾਗ ਪੰਜਾਬ ਵੱਲੋਂ ਦਿੱਤੇ ਆਦੇਸ਼ਾਂ ਅਨੁਸਾਰ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਸ੍ਰੀਮਤੀ ਤਰਵਿੰਦਰ ਕੌਰ ਅਤੇ ਉਪ ਜ਼ਿਲਾ ਸਿੱਖਿਆ ਅਫਸਰ ਸ੍ਰੀਮਤੀ ਮਨਜੀਤ ਕੌਰ ਦੀ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਕਬਰਪੁਰਾ, ਸਰਕਾਰੀ ਮਿਡਲ ਸਕੂਲ ਰਟੋਲਾ ਅਤੇ ਸਰਕਾਰੀ ਮਿਡਲ ਸਕੂਲ ਮੋਹਾਲੀ ਵਿਖੇ ਦੋ ਰੋਜ਼ਾ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ। ਜ਼ਿਲ੍ਹਾ ਨੋਡਲ ਅਫ਼ਸਰ ਸ੍ਰੀ ਸੱਜਾਦ ਅਲੀ ਗੌਰੀਆ ਅਤੇ ਜ਼ਿਲ੍ਹਾ ਰੀਸੋਰਸ ਕੋਆਰਡੀਨਟਰ ਸ.ਬਲਵੰਤ ਸਿੰਘ ਦੀ ਅਗਵਾਈ ਵਿੱਚ ਕਰਵਾਏ ਜਾ ਰਹੇ ਅਧਿਆਪਕਾਂ ਦੇ ਇਸ ਦੋ ਰੋਜ਼ਾ ਟ੍ਰੇਨਿੰਗ ਪ੍ਰੋਗਰਾਮ ਵਿੱਚ ਵੱਖ ਵੱਖ ਬੁਲਾਰਿਆਂ ਨੇ ਆਪਣੇ ਵਿਚਾਰ ਸਾਂਝੇ ਕੀਤੇ।
ਇਸ ਮੌਕੇ ਮਨੋਰੋਗ ਮਾਹਿਰ ਡਾਕਟਰ ਅਸ਼ੋਕ ਕੁਮਾਰ ਸ਼੍ਰੀ ਮੁਹੰਮਦ ਰਿਜ਼ਵਾਨ ਸਾਈਕੋਲੋਜਿਸਟ ਅਤੇ ਸ਼੍ਰੀ ਰਵਿੰਦਰ ਸਿੰਘ ਸਾਈਕੋਲੋਜਿਸਟ ਵੱਲੋਂ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ, ਰੋਗੀ ਵਿਦਿਆਰਥੀਆਂ ਦੀ ਪਹਿਚਾਣ ਅਤੇ ਸਿਹਤ ਵਿਭਾਗ ਵੱਲੋਂ ਨਸ਼ਾ ਛੁਡਾਉਣ ਲਈ ਕੀਤੇ ਜਾ ਰਹੇ ਵੱਖ ਵੱਖ ਉਪਰਾਲਿਆਂ ਤੰਦਰੁਸਤ ਜੀਵਨ ਜਿਉਣ ਅਤੇ ਉਸਾਰੂ ਗਤੀਵਿਧੀਆਂ ਨਾਲ ਜੋੜਨ ਦੇ ਉਪਰਾਲਿਆਂ ਬਾਰੇ ਗੱਲਬਾਤ ਕੀਤੀ ਗਈ।
ਇਸ ਮੌਕੇ ਐਸ.ਪੀ. ਸ੍ਰੀ ਰਾਜਨ ਸ਼ਰਮਾ ਅਹਿਮਦਗੜ੍ਹ, ਡੀਐਸਪੀ. ਸ. ਰਣਜੀਤ ਸਿੰਘ ਮਾਲੇਰਕੋਟਲਾ ਅਤੇ ਡੀਐਸਪੀ ਸ. ਦਵਿੰਦਰ ਸਿੰਘ ਅਮਰਗੜ੍ਹ ਨੇ ਨੌਜਵਾਨਾਂ ਵਿੱਚ ਵੱਖ ਵੱਖ ਤਰ੍ਹਾਂ ਦੇ ਨਸ਼ਿਆਂ, ਨੌਜਵਾਨਾਂ ਵਿਚ ਨਸ਼ਿਆਂ ਦੀ ਵਰਤੋਂ ਬਾਰੇ ਗਲਤ ਧਾਰਨਾਵਾਂ, ਨਸ਼ੇ ਦੇ ਸੇਵਨ ਨਾਲ ਉਨ੍ਹਾਂ ਦੇ ਪਰਿਵਾਰ, ਆਰਥਿਕਤਾ, ਸਰੀਰਕ, ਮਾਨਸਿਕ ਤੇ ਸਮਾਜਿਕ ਪ੍ਰਭਾਵ ਬਾਰੇ ਚਰਚਾ ਕੀਤੀ ਅਤੇ ਪੁਲਿਸ ਵਿਭਾਗ ਦੁਆਰਾ ਨਸ਼ਾ ਵੇਚਣ ਵਾਲਿਆਂ ਵਿਰੁੱਧ ਚੁੱਕੇ ਜਾ ਰਹੇ ਕਦਮਾਂ ਬਾਰੇ ਵਿਸਥਾਰ ਨਾਲ ਗੱਲਬਾਤ ਕੀਤੀ ਗਈ।
ਇਸ ਮੌਕੇ ਮੁਸਲਿਮ ਬਲੱਡ ਬੈਂਕ ਐਂਡ ਵੈਲਫੇਅਰ ਸੋਸਾਇਟੀ ਮਲੇਰਕੋਟਲਾ ਅਤੇ ਮੌਲਾਨਾ ਅਜ਼ਾਦ ਐਜੂਕੇਸ਼ਨ ਏਡ ਫਾਊਂਡੇਸ਼ਨ ਦੇ ਬੁਲਾਰਿਆਂ ਨੇ ਨਸ਼ੇ ਦੇ ਸੇਵਨ ਨਾਲ ਸਬੰਧਤ ਜ਼ਮੀਨੀ ਹਕੀਕਤਾਂ, ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਅਧਿਆਪਕਾਂ ਦੀ ਬਣਦੀ ਜ਼ਿੰਮੇਵਾਰੀ, ਨਸ਼ਿਆਂ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਨ ਅਤੇ ਮਾੜੇ ਸਮਾਜਿਕ ਅਨਸਰਾਂ ਵਿਰੁੱਧ ਕਾਰਵਾਈ ਵਿੱਚ ਪੁਲਿਸ ਅਤੇ ਪ੍ਰਸ਼ਾਸਨ ਦਾ ਸਾਥ ਦੇਣ ਸਬੰਧੀ ਗੱਲਬਾਤ ਕੀਤੀ।
ਜ਼ਿਲਾ ਨੋਡਲ ਅਫਸਰ ਸ੍ਰੀ ਸੱਜਾਦ ਅਲੀ ਗੋਰੀਆ ਵੱਲੋਂ ਦੱਸਿਆ ਗਿਆ ਕਿ ਇਸ ਮੁਹਿੰਮ ਦਾ ਨਾਂ ਵਿਭਾਗ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਰੱਖਿਆ ਗਿਆ ਹੈ। ਜਿਲਾ ਮਾਲੇਰਕੋਟਲਾ ਵਿੱਚ ਵੱਖ-ਵੱਖ ਥਾਵਾਂ ਤੇ ਚੱਲ ਰਹੀ ਇਸ ਟ੍ਰੇਨਿੰਗ ਦੇ ਆਯੋਜਨ ਵਿੱਚ ਜਿੱਥੇ ਬੀਐਨਓ. ਸ੍ਰੀ ਮੁਹੰਮਦ ਅਸਗਰ, ਸ੍ਰੀ ਮੁਹੰਮਦ ਇਮਰਾਨ ਅਤੇ ਸ੍ਰੀ ਮੁਹੰਮਦ ਜਾਹਿਦ ਸ਼ਫੀਕ ਨੇ ਅਹਿਮ ਭੂਮਿਕਾ ਨਿਭਾਈ ਹੈ, ਉਥੇ ਹੀ ਸ਼੍ਰੀ ਮੁਹੰਮਦ ਸਾਜਿਦ, ਸ੍ਰੀ ਯਸ਼ੂ ਅੱਗਰਵਾਲ, ਸ. ਜਗਸੀਰ ਸਿੰਘ ਅਤੇ ਸ. ਹਰਕੀਰਤ ਸਿੰਘ ਸਾਰੇ ਬੀਆਰਸੀ. ਨੇ ਬਤੌਰ ਰਿਸੋਰਸ ਪਰਸਨ ਅਧਿਆਪਕਾਂ ਨੂੰ ਬੜੇ ਵਧੀਆ ਤਰੀਕੇ ਨਾਲ ਟ੍ਰੇਨਡ ਕੀਤਾ ਹੈ, ਤਾਂ ਜੋ ਉਹ ਆਪਣੀ ਕਰਮ ਭੂਮੀ ਤੇ ਜਾ ਕੇ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵ ਤੋਂ ਜਾਣੂ ਕਰਵਾਉਂਦੇ ਹੋਏ ਵਿਭਾਗ ਦੁਆਰਾ ਦੱਸੀਆਂ ਹੋਈਆਂ ਹਦਾਇਤਾਂ ਦੀ ਰੋਸ਼ਨੀ ਵਿੱਚ ਵੱਖ-ਵੱਖ ਕਿਰਿਆਵਾਂ ਕਰਵਾ ਸਕਣ ਤਾਂ ਜੋ ਇਕ ਤੰਦਰੁਸਤ ਪੰਜਾਬ ਦੀ ਸਿਰਜਣਾ ਹੋ ਸਕੇ।