ਸੁਨਾਮ : ਸੂਬੇ ਦੀ ਭਗਵੰਤ ਮਾਨ ਸਰਕਾਰ ਵੱਲੋਂ ਲਿਆਂਦੀ ਜਾ ਰਹੀ ਲੈਂਡ ਪੂਲਿੰਗ ਸਕੀਮ ਦੇ ਵਿਰੋਧ ਵਿੱਚ ਸ਼ੁੱਕਰਵਾਰ ਨੂੰ ਸੁਨਾਮ ਵਿਖੇ ਭਾਜਪਾ ਜ਼ਿਲ੍ਹਾ ਸੰਗਰੂਰ -2 ਦੇ ਪ੍ਰਧਾਨ ਐਡਵੋਕੇਟ ਅੰਮ੍ਰਿਤ ਰਾਜਦੀਪ ਸਿੰਘ ਚੱਠਾ ਦੀ ਅਗਵਾਈ ਹੇਠ ਭਾਜਪਾ ਆਗੂਆਂ ਨੇ ਤਹਿਸੀਲਦਾਰ ਨੂੰ ਮੰਗ ਪੱਤਰ ਸੌਂਪਿਆ। ਭਾਰਤੀ ਜਨਤਾ ਪਾਰਟੀ ਦਾ ਤਰਕ ਹੈ ਕਿ ਲੈਂਡ ਪੂਲਿੰਗ ਸਕੀਮ ਕਿਸਾਨੀ ਦੇ ਖਾਤਮੇ ਦਾ ਮੁੱਢ ਬੰਨ੍ਹੇਗੀ। ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਅੰਮ੍ਰਿਤ ਰਾਜਦੀਪ ਸਿੰਘ ਚੱਠਾ ਅਤੇ ਜ਼ਿਲ੍ਹਾ ਜਨਰਲ ਸਕੱਤਰ ਸੰਜੇ ਗੋਇਲ ਨੇ ਕਿਹਾ ਕਿ ਜ਼ਮੀਨ ਕਿਸਾਨਾਂ ਦਾ ਗਹਿਣਾ ਹੈ, ਭਾਜਪਾ ਉਨ੍ਹਾਂ ਨੂੰ ਕਿਸੇ ਵੀ ਕੀਮਤ 'ਤੇ ਜ਼ਮੀਨ ਨਹੀਂ ਲੈਣ ਦੇਵੇਗੀ। ਲੈਂਡ ਪੂਲਿੰਗ ਸਕੀਮ ਸਿਰਫ਼ ਕਿਸਾਨਾਂ ਨਾਲ ਧੋਖਾ ਕਰਨ ਦੀ ਕੋਸ਼ਿਸ਼ ਹੈ। ਭਾਜਪਾ ਹਮੇਸ਼ਾ ਪੰਜਾਬ ਦੇ ਪੰਜਾਬੀਆਂ ਅਤੇ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕਰਦੀ ਰਹੀ ਹੈ। ਲੈਂਡ ਪੂਲਿੰਗ ਸਕੀਮ ਕਿਸਾਨੀ ਲਈ ਘਾਤਕ ਹੈ। ਭਾਜਪਾ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਉਕਤ ਨੀਤੀ ਰਾਹੀਂ ਕਥਿਤ ਤੌਰ ਤੇ ਆਪਣੀ ਟੀਮ ਨੂੰ ਲਾਭ ਪਹੁੰਚਾਉਣਾ ਚਾਹੁੰਦੇ ਹਨ, ਭਾਜਪਾ ਹੁਣ ਅਜਿਹਾ ਨਹੀਂ ਹੋਣ ਦੇਵੇਗੀ। ਇਸ ਮੌਕੇ ਭਾਜਪਾ ਮੰਡਲ ਪ੍ਰਧਾਨ ਰਾਜੀਵ ਮੱਖਣ, ਦਰਸ਼ਨ ਸਿੰਘ, ਨਿਰਭੈ ਸਿੰਘ, ਪ੍ਰੇਮ ਗੁਗਨਾਨੀ, ਸ਼ੰਕਰ ਬਾਂਸਲ, ਡਾਕਟਰ ਜਗਮਹਿੰਦਰ ਸੈਣੀ, ਸੀਮਾ ਰਾਣੀ, ਜਰਨੈਲ ਸਿੰਘ ਢੋਟ, ਅੰਕਿਤ, ਸੱਤਪਾਲ ਸਿੰਗਲਾ, ਮਿੰਟੂ ਕੁਮਾਰ, ਡਾਕਟਰ ਰਾਜ ਬਾਂਸਲ ਸਮੇਤ ਹੋਰ ਮੈਂਬਰ ਹਾਜ਼ਰ ਸਨ।