ਅੰਮ੍ਰਿਤਸਰ : ਭਾਜਪਾ ਦੇ ਸੂਬਾਈ ਬੁਲਾਰੇ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਜੂਨ 1984 ਵਿੱਚ ਸ਼੍ਰੀਮਤੀ ਇੰਦਰਾ ਗਾਂਧੀ ਦੀ ਕਾਂਗਰਸ ਸਰਕਾਰ ਦੁਆਰਾ ਸ੍ਰੀ ਹਰਿਮੰਦਰ ਸਾਹਿਬ 'ਤੇ ਕੀਤੇ ਗਏ 'ਹਮਲੇ' ਦੇ ਫ਼ੌਜੀ ਕਾਰਵਾਈ ਦੌਰਾਨ ਬ੍ਰਿਟਿਸ਼ ਫ਼ੌਜ ਦੀ ਸ਼ਮੂਲੀਅਤ ਬਾਰੇ ਭਾਜਪਾ ਸੰਸਦ ਮੈਂਬਰ ਨਿਸ਼ੀਕਾਂਤ ਦੂਬੇ ਦੇ ਦਾਅਵਿਆਂ ਦਾ ਸਮਰਥਨ ਕੀਤਾ ਅਤੇ ਕਿਹਾ ਕਿ ਇਹ ਜਗ ਜ਼ਾਹਿਰ ਹੈ ਅਤੇ ਕੋਈ ਲੁਕੀ ਛੁਪੀ ਗਲ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ 10 ਅਗਸਤ 2023 ਨੂੰ ਲੋਕ ਸਭਾ ਵਿੱਚ ਜੂਨ 84 ਵਿੱਚ ਸ੍ਰੀ ਦਰਬਾਰ ਸਾਹਿਬ 'ਤੇ ਕੀਤੀ ਗਈ ਕਾਰਵਾਈ ਨੂੰ ਪਹਿਲਾਂ ਹੀ 'ਹਮਲਾ' ਕਰਾਰ ਦੇ ਚੁੱਕੇ ਹਨ।
ਪ੍ਰੋ. ਸਰਚਾਂਦ ਸਿੰਘ ਨੇ ਕਿਹਾ ਕਿ ਸ਼੍ਰੀਮਤੀ ਇੰਦਰਾ ਗਾਂਧੀ ਦੁਆਰਾ ਸ਼੍ਰੀ ਦਰਬਾਰ ਸਾਹਿਬ 'ਤੇ ਹਮਲਾ ਰਾਜਨੀਤਿਕ ਤੌਰ 'ਤੇ ਪ੍ਰੇਰਿਤ ਸੀ ਅਤੇ ਇਹ ਉਨ੍ਹਾਂ ਦੀ ਸਭ ਤੋਂ ਵੱਡੀ ਇਤਿਹਾਸਕ ਗ਼ਲਤੀ ਵੀ ਸੀ। ਜੋ ਕਿ ਉਮੀਦ ਨਾਲੋਂ ਕਿਤੇ ਜ਼ਿਆਦਾ ਮਹਿੰਗਾ ਅਤੇ ਵਿਨਾਸ਼ਕਾਰੀ ਸਾਬਤ ਹੋਇਆ। ਸ਼੍ਰੀਮਤੀ ਇੰਦਰਾ ਗਾਂਧੀ ਨੇ ਆਪਣੇ ਰਾਜਨੀਤਿਕ ਉਦੇਸ਼ਾਂ ਲਈ ਆਪਣੇ ਹੀ ਲੋਕਾਂ 'ਤੇ ਭਾਰਤੀ ਫ਼ੌਜ ਦੀ ਬੇਸ਼ਰਮੀ ਨਾਲ ਦੁਰਵਰਤੋਂ ਕਰਕੇ ਸੰਵਿਧਾਨ ਦੀ ਵੀ ਉਲੰਘਣਾ ਕੀਤੀ ਸੀ। ਪੰਜਾਬ ਅਤੇ ਸਿੱਖਾਂ ਦੇ ਹਿੱਤਾਂ ਲਈ ਪੰਜਾਬੀ ਵਾਸੀਆਂ ਵੱਲੋਂ ਆਯੋਜਿਤ ਧਰਮ ਯੁੱਧ ਮੋਰਚੇ ਵਰਗੇ ਲੋਕ ਅੰਦੋਲਨ ਨੂੰ ਦਬਾਉਣ ਲਈ, ਕਾਂਗਰਸ ਦੀ ਇੰਦਰਾ ਸਰਕਾਰ ਨੇ ਬੇਸ਼ਰਮੀ ਨਾਲ ਫ਼ੌਜ ਨੂੰ ਆਪਣੇ ਹੀ ਲੋਕਾਂ ਵਿਰੁੱਧ ਵਰਤਿਆ ਸੀ। ਜਿਸ ਵਿੱਚ ਹਜ਼ਾਰਾਂ ਨਿਰਦੋਸ਼ ਲੋਕਾਂ ਨੇ ਆਪਣੀਆਂ ਜਾਨਾਂ ਗੁਆ ਦਿੱਤੀਆਂ। ਇਸ ਦਾ ਦਰਦ ਅਜੇ ਵੀ ਸਿੱਖ ਮਾਨਸਿਕਤਾ ਵਿੱਚ ਅਮਿੱਟ ਤੌਰ 'ਤੇ ਉੱਕਰਿਆ ਹੋਇਆ ਹੈ ਅਤੇ ਇਹ ਦੁਖਾਂਤ ਸਦੀਆਂ ਤੱਕ ਇੱਕ ਅਭੁੱਲ ਯਾਦ ਰਹੇਗਾ।
ਪ੍ਰੋਫੈਸਰ ਸਰਚਾਂਦ ਸਿੰਘ ਨੇ ਕਿਹਾ ਕਿ ਸ਼੍ਰੀਮਤੀ ਇੰਦਰਾ ਗਾਂਧੀ ਦਾ ਦੇਸ਼ ਦੇ ਅੰਦਰੂਨੀ ਮਾਮਲਿਆਂ ਨੂੰ ਹੱਲ ਕਰਨ ਲਈ ਵਿਦੇਸ਼ੀ ਮਦਦ ਮੰਗਣਾ ਗ਼ੁਲਾਮ ਮਾਨਸਿਕਤਾ ਦਾ ਸਬੂਤ ਸੀ। ਕਾਂਗਰਸ ਪਾਰਟੀ ਵੱਲੋਂ ਸ਼੍ਰੀ ਦੂਬੇ ਵੱਲੋਂ ਬ੍ਰਿਟੇਨ ਦੇ ਵਿਦੇਸ਼ ਅਤੇ ਰਾਸ਼ਟਰਮੰਡਲ ਦਫ਼ਤਰ ਦੇ ਤਤਕਾਲੀ ਨਿੱਜੀ ਸਕੱਤਰ ਬ੍ਰਾਇਨ ਫਾਲ ਅਤੇ ਗ੍ਰਹਿ ਸਕੱਤਰ ਦੇ ਨਿੱਜੀ ਸਕੱਤਰ ਹਿਊ ਟੇਲਰ ਨੂੰ 23 ਫਰਵਰੀ, 1984 ਨੂੰ ਲਿਖੇ ਗੁਪਤ ਪੱਤਰ ਦੀ ਪ੍ਰਮਾਣਿਕਤਾ ਤੋਂ ਇਨਕਾਰ ਕਰਨ ਦੀ ਕੋਸ਼ਿਸ਼ ਸਚਾਈ ਨੂੰ ਨਹੀਂ ਬਦਲ ਸਕੇਗੀ।
ਪ੍ਰੋ. ਸਰਚਾਂਦ ਸਿੰਘ ਨੇ ਕਿਹਾ ਕਿ ਉਕਤ 'ਹਮਲੇ' ਵਿੱਚ ਬਰਤਾਨੀਆ ਦੀ ਤਤਕਾਲੀ ਪ੍ਰਧਾਨ ਮੰਤਰੀ ਮਾਰਗਰੇਟ ਥੈਚਰ ਦੀ ਸਰਕਾਰ ਦੀ ਭੂਮਿਕਾ ਅਤੇ ਅੰਮ੍ਰਿਤਸਰ ਵਿੱਚ ਬ੍ਰਿਟਿਸ਼ ਸਪੈਸ਼ਲ ਏਅਰ ਸਰਵਿਸ ਦੀ ਮੌਜੂਦਗੀ ਦੀ ਜਾਂਚ ਲਈ 2014 ’ਚ ਬ੍ਰਿਟਿਸ਼ ਪ੍ਰਧਾਨ ਮੰਤਰੀ ਕੈਮਰੂਨ ਤੋਂ ਮੰਗ ਕੀਤੀ ਗਈ ਸੀ, ਜਿਸ 'ਤੇ, ਤਤਕਾਲੀ ਬ੍ਰਿਟਿਸ਼ ਵਿਦੇਸ਼ ਸਕੱਤਰ ਵਿਲੀਅਮ ਹੇਗ ਨੇ ਹਾਊਸ ਆਫ ਕਾਮਨਜ਼ ਵਿੱਚ ਇਸ 'ਹਮਲੇ' ਵਿੱਚ ਬ੍ਰਿਟਿਸ਼ ਸਰਕਾਰ ਦੀ ਅੰਸ਼ਿਕ ਭੂਮਿਕਾ ਨੂੰ ਸਵੀਕਾਰ ਕੀਤਾ ਸੀ। ਥੈਚਰ ਸਰਕਾਰ ਇੰਦਰਾ ਗਾਂਧੀ ਸਰਕਾਰ ਦੀ ਮਦਦ ਕਰਨ ਅਤੇ 'ਹਮਲੇ' ਦੀ ਯੋਜਨਾ ਬਣਾਉਣ ਵਿੱਚ ਸ਼ਾਮਲ ਸੀ। ਬ੍ਰਿਟਿਸ਼ ਫ਼ੌਜੀ ਸਲਾਹਕਾਰ 8 ਫਰਵਰੀ, 1984 ਤੋਂ 17 ਫਰਵਰੀ, 1984 ਤੱਕ ਭਾਰਤ ਵਿੱਚ ਰਹੇ।
ਉਨ੍ਹਾਂ ਕਿਹਾ ਕਿ ਸੈਨਾ ਦੀ ਦੁਰਵਰਤੋਂ ਬਾਰੇ, ਸਾਬਕਾ ਫ਼ੌਜ ਮੁਖੀ ਜਨਰਲ ਵੀ.ਐਨ. ਸ਼ਰਮਾ, ਜੋ ਕਿ ਉਕਤ ਆਪ੍ਰੇਸ਼ਨ ਦੀ ਸ਼ੁਰੂਆਤ ਸਮੇਂ ਡਾਇਰੈਕਟੋਰੇਟ ਆਫ਼ ਮਿਲਟਰੀ ਆਪ੍ਰੇਸ਼ਨਜ਼ ਵਿੱਚ ਐਡੀਸ਼ਨਲ ਡਾਇਰੈਕਟਰ ਜਨਰਲ ਮਿਲਟਰੀ ਆਪ੍ਰੇਸ਼ਨਜ਼ ਵਜੋਂ ਸੇਵਾ ਨਿਭਾਉਂਦੇ ਸਨ, ਵੱਲੋਂ ਮਹੱਤਵਪੂਰਨ ਖ਼ੁਲਾਸੇ ਕੀਤੇ ਜਾ ਚੁੱਕੇ ਹਨ। ਇਸ ਆਪ੍ਰੇਸ਼ਨ ਨੂੰ ਰਾਜਨੀਤੀ ਤੌਰ 'ਤੇ ਪ੍ਰੇਰਿਤ ਅਤੇ ਸ਼੍ਰੀਮਤੀ ਇੰਦਰਾ ਗਾਂਧੀ ਨੂੰ ਸ੍ਰੀ ਦਰਬਾਰ ਸਾਹਿਬ 'ਤੇ 'ਹਮਲਾ' ਕਰਨ ਲਈ ਬਜ਼ਿਦ ਦੱਸਿਆ। ਜਿਸ ਨੇ ਇਸ ਕੰਮ ਲਈ ਫ਼ੌਜ ਮੁਖੀ ਨੂੰ ਨਜ਼ਰਅੰਦਾਜ਼ ਕਰਦੇ ਹੋਏ, ਪੱਛਮੀ ਫ਼ੌਜ ਦੇ ਕਮਾਂਡਰ ਲੈਫ਼ਟੀਨੈਂਟ ਜਨਰਲ ਕੇ. ਸੁੰਦਰ ਜੀ ਨੂੰ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਫ਼ੌਜ ਭੇਜਣ ਦਾ ਹੁਕਮ ਦਿੱਤਾ। ਉਨਾਂ ਸਾਕਾ ਨੀਲਾ ਤਾਰਾ ਦੀ ਪੂਰੀ ਸਚਾਈ ਲੋਕਾਂ ਸਾਹਮਣੇ ਲਿਆਉਣ ਦੀ ਪ੍ਰਧਾਨ ਮੰਤਰੀ ਮੋਦੀ ਤੋਂ ਅਪੀਲ ਕੀਤੀ ਹੈ। ਤਾਂ ਕਿ ਕਾਂਗਰਸ ਦੀਆਂ ਕਰਤੂਤਾਂ ਲੋਕਾਂ ਸਾਹਮਣੇ ਆ ਸਕਣ।