ਕੁਰਾਲੀ : ਸਥਾਨਕ ਸ਼ਹਿਰ ਦੀ ਹੱਦ’ਚ ਚੰਡੀਗੜ੍ਹ ਰੋਡ (ਕੌਮੀ ਮਾਰਗ) ਤੇ ਬੀਤੀ ਰਾਤ ਚੋਰਾਂ ਨੇ ਇੱਕ ਦੁਕਾਨ ਨੂੰ ਆਪਣਾ ਨਿਸ਼ਾਨਾ ਬਣਾਉਂਦਿਆਂ ਹਜ਼ਾਰਾਂ ਰੁਪਏ ਦਾ ਸਮਾਨ ਚੋਰੀ ਕਰ ਲਿਆ ਹੈ। ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੀਪਕ ਸਿੰਗਲਾ ਅਤੇ ਅੱਛਰ ਸਿੰਗਲਾ (ਹਰੀ ਓਮ ਕਰਿਆਨਾ ਸਟੋਰ) ਨੇ ਦੱਸਿਆ ਕਿ ਬੀਤੀ ਰਾਤ ਕਰੀਬ 10 ਕੁ ਵਜੇ ਉਹ ਆਮ ਵਾਂਗ ਆਪਣੀ ਦੁਕਾਨ ਬੰਦ ਕਰਕੇ ਘਰ ਗਏ ਸਨ ਪਰੰਤੂ ਅੱਜ ਤੜਕਸਾਰ ਜਦੋਂ ਉਹ ਦੁਕਾਨ ਤੇ ਆਏ ਤਾਂ ਉਨ੍ਹਾਂ ਵੇਖਿਆ ਕਿ ਉਹਨਾਂ ਦੀ ਦੁਕਾਨ ਤੇ ਸ਼ਟਰਾਂ ਤੇ ਲੱਗੇ ਜਿੰਦਰੇ ਟੁੱਟੇ ਹੋਏ ਹਨ ਤੇ ਸ਼ਟਰ ਅੱਧੇ ਖੁੱਲੇ ਹਨ। ਉਨ੍ਹਾਂ ਦੁਕਾਨ ਜਾ ਕੇ ਦੇਖਿਆ ਤਾਂ ਚੋਰਾਂ ਵੱਲੋਂ ਉਹਨਾਂ ਦੀ ਦੁਕਾਨ ਦੀ ਪੂਰੀ ਤਰ੍ਹਾਂ ਫਰੋਲਾ ਫਰੋਲੀ ਕੀਤੀ ਹੋਈ ਸੀ ਅਤੇ ਚੋਰ ਉਹਨਾਂ ਦੀ ਦੁਕਾਨ ਵਿੱਚੋਂ ਹਜ਼ਾਰਾਂ ਰੁਪਏ ਦਾ ਕਰਿਆਨੇ ਦਾ ਸਮਾਨ, ਦੋ ਤਿੰਨ ਕੀਮਤੀ ਮੋਬਾਇਲ ਫੋਨ ਅਤੇ ਕਾਫੀ ਨਕਦੀ ਲੈ ਗਏ। ਇਸ ਦੇ ਨਾਲ ਹੀ ਉਨ੍ਹਾਂ ਦੀ ਦਵਾਈਆਂ ਦੀ ਦੁਕਾਨ ਵਿੱਚ ਵੀ ਪਈ ਨਕਦੀ ਅਤੇ ਹੋਰ ਸਮਾਨ ਤੇ ਚੋਰਾਂ ਨੇ ਹੱਥ ਫੇਰ ਦਿੱਤਾ। ਦੁਕਾਨ ਦੇ ਉਕਤ ਮਾਲਕਾਂ ਅਨੁਸਾਰ ਚੋਰੀ ਦੀ ਇਸ ਵਾਰਦਾਤ ਨੇ ਉਹਨਾਂ ਦੇ ਮਨ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਇਸ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਸਥਾਨਕ ਸ਼ਹਿਰ ਦੇ ਵਿਚਕਾਰ ਪੈਂਦੀ ਇਸ ਦੁਕਾਨ ਵਿੱਚ ਚੋਰੀ ਹੋਣ ਤੇ ਸ਼ਹਿਰ ਵਾਸੀਆਂ ਵਿੱਚ ਸੁਰੱਖਿਆ ਪ੍ਰਤੀ ਭਾਰੀ ਚਿੰਤਾ ਦਾ ਮਾਹੌਲ ਪਾਇਆ ਜਾ ਰਿਹਾ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅੰਮ੍ਰਿਤਪਾਲ ਸਿੰਘ ਲਾਲਾ ਯੂਥ ਆਗੂ ਅਤੇ ਸ਼ਹਿਰ ਦੇ ਹੋਰਨਾਂ ਮੋਹਤਬਰਾਂ ਨੇ ਦੱਸਿਆ ਕਿ ਜੇਕਰ ਸ਼ਹਿਰ ਦੇ ਕੌਮੀ ਸੜਕ ਤੇ ਸਥਿਤ ਇਸ ਦੁਕਾਨ ਦੀ ਸੁਰੱਖਿਆ ਨਹੀਂ ਹੋ ਸਕਦੀ ਤਾਂ ਆਮ ਲੋਕਾਂ ਦੀ ਸੁਰੱਖਿਆ ਰੱਬ ਆਸਰੇ ਹੈ। ਉਨ੍ਹਾਂ ਕਿਹਾ ਕਿ ਕੁਰਾਲੀ ਪੁਲਿਸ ਲੋਕਾਂ ਦੀ ਸੁਰੱਖਿਆ ਕਰਨ ਵਿੱਚ ਪੂਰੀ ਤਰ੍ਹਾਂ ਫੇਲ ਸਾਬਿਤ ਹੋ ਰਹੀ ਹੈਅਤੇ ਸ਼ਹਿਰ ਵਿੱਚ ਆਮ ਲੋਕਾਂ ਦੀ ਸੁਰੱਖਿਆ ਦਾ ਕੋਈ ਨਾਮੋ ਨਿਸ਼ਾਨ ਨਹੀਂ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਸ਼ਹਿਰ ਵਿੱਚ ਲੁੱਟਾਂ ਖੋਹਾਂ ਅਤੇ ਚੋਰੀ ਦੀਆਂ ਵਾਰਦਾਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ।