Wednesday, December 03, 2025

Malwa

ਪੰਜਾਬੀ ਯੂਨੀਵਰਸਿਟੀ ਤੋਂ ਪ੍ਰੋ. ਦਮਨਜੀਤ ਸੰਧੂ ਨੂੰ ਰੋਇਲ ਹਾਲੋਵੇ ਯੂਨੀਵਰਸਿਟੀ ਲੰਡਨ ਨੇ ਆਨਰੇਰੀ ਰਿਸਰਚ ਫ਼ੈਲੋ ਨਿਯੁਕਤ ਕੀਤਾ

June 20, 2025 01:27 PM
SehajTimes
ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੇ ਮਨੋਵਿਗਿਆਨ ਵਿਭਾਗ ਤੋਂ ਮੁਖੀ ਪ੍ਰੋ. ਦਮਨਜੀਤ ਸੰਧੂ ਨੂੰ ਯੂਕੇ ਦੀ ਰੋਇਲ ਹਾਲੋਵੇ ਯੂਨੀਵਰਸਿਟੀ ਲੰਡਨ ਵੱਲੋਂ ਤਿੰਨ ਸਾਲਾਂ ਲਈ ਆਨਰੇਰੀ ਰਿਸਰਚ ਫ਼ੈਲੋ ਨਿਯੁਕਤ ਕੀਤਾ ਗਿਆ ਹੈ।
ਪ੍ਰੋ. ਸੰਧੂ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਵੱਲੋਂ ਬਾਲ ਵਿਕਾਸ ਅਤੇ ਤੰਦਰੁਸਤੀ ਦੇ ਖੇਤਰ ਵਿੱਚ ਕੀਤੇ ਗਏ ਕਾਰਜ ਸਦਕਾ ਰੋਇਲ ਹਾਲੋਵੇ ਯੂਨੀਵਰਸਿਟੀ ਲੰਡਨ ਨੇ ਉਨ੍ਹਾਂ ਨੂੰ ਇਸ ਜਿ਼ੰਮੇਵਾਰੀ ਨਾਲ਼ ਨਿਵਾਜਦਿਆਂ ਯੂਨੀਵਰਸਿਟੀ ਦੀ ਖੋਜ ਅਤੇ ਅਧਿਆਪਨ ਖੇਤਰ ਵਿੱਚ ਸ਼ਮੂਲੀਅਤ ਵਧਾਉਣ ਲਈ ਆਪਣੀ ਮੁਹਾਰਤ ਅਤੇ ਅਨੁਭਵ ਸਾਂਝਾ ਕਰਨ ਹਿਤ ਸੱਦਾ ਦਿੱਤਾ ਹੈ।
ਉਨ੍ਹਾਂ ਦੱਸਿਆ ਕਿ ਉਹ ਰੋਇਲ ਹਾਲੋਵੇ ਯੂਨੀਵਰਸਿਟੀ ਦੇ ਇੱਕ ਸਰਗਰਮ ਮੈਂਬਰ ਵਜੋਂ ਵਿਚਰਦਿਆਂ ਇਸ ਨਵੀਂ ਸਮਰੱਥਾ ਤਹਿਤ ਵੱਖ-ਵੱਖ ਸਾਂਝੇ ਖੋਜ ਪ੍ਰੋਜੈਕਟਾਂ ਵਿੱਚ ਕੰਮ ਕਰਨਗੇ, ਵਿਦਿਆਰਥੀਆਂ ਨੂੰ ਸਲਾਹਕਾਰੀ ਨਾਲ਼ ਜੁੜੀਆਂ ਸੇਵਾਵਾਂ ਪ੍ਰਦਾਨ ਕਰਨਗੇ, ਵੱਖ-ਵੱਖ ਥਾਵਾਂ ਉੱਤੇ ਭਾਸ਼ਣ ਦੇਣਗੇ ਅਤੇ ਬਾਲ ਵਿਕਾਸ ਅਤੇ ਤੰਦਰੁਸਤੀ ਦੇ ਖੇਤਰ ਵਿੱਚ ਸੈਮੀਨਾਰਾਂ ਅਤੇ ਵਰਕਸ਼ਾਪਾਂ ਵਿੱਚ ਯੋਗਦਾਨ ਪਾਉਣਗੇ।
ਉਨ੍ਹਾਂ ਦੱਸਿਆ ਕਿ ਰੋਇਲ ਹਾਲੋਵੇ ਯੂਨੀਵਰਸਿਟੀ ਲੰਡਨ ਵੱਲੋਂ ਆਨਰੇਰੀ ਫੈਲੋਸਿ਼ਪ ਉਨ੍ਹਾਂ ਵਿਅਕਤੀਆਂ ਨੂੰ ਦਿੱਤੀ ਜਾਂਦੀ ਹੈ ਜਿਨ੍ਹਾਂ ਨੇ ਆਪਣੇ ਖੇਤਰ ਵਿੱਚ ਅਜਿਹੀਆਂ ਅਸਧਾਰਨ ਪ੍ਰਾਪਤੀਆਂ ਅਤੇ ਵਚਨਬੱਧਤਾ ਦਾ ਪ੍ਰਦਰਸ਼ਨ ਕੀਤਾ ਹੋਵੇ, ਜੋ ਉਸ ਯੂਨੀਵਰਸਿਟੀ ਦੀਆਂ ਕਦਰਾਂ ਕੀਮਤਾਂ ਅਤੇ ਦ੍ਰਿਸ਼ਟੀਕੋਣ ਨਾਲ ਮੇਲ ਖਾਂਦੀਆਂ ਹੋਣ।
ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਨੇ ਪ੍ਰੋ. ਦਮਨਜੀਤ ਸੰਧੂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਅਜਿਹੀਆਂ ਪ੍ਰਾਪਤੀਆਂ ਪੰਜਾਬੀ ਯੂਨੀਵਰਸਿਟੀ ਦੇ ਦੁਨੀਆ ਭਰ ਦੇ ਪ੍ਰਮੁੱਖ ਅਦਾਰਿਆਂ ਨਾਲ਼ ਬਿਹਤਰ ਸਬੰਧ ਸਥਾਪਿਤ ਕਰਨ ਦੇ ਰਾਹ ਵਿੱਚ ਅਹਿਮ ਭੂਮਿਕਾ ਨਿਭਾ ਸਕਦੀਆਂ ਹਨ।

Have something to say? Post your comment