Wednesday, December 17, 2025

Malwa

ਸਿਹਤ ਮੰਤਰੀ ਵਲੋਂ ਭਾਵੁਕ ਅਪੀਲ, ਕਿਸਾਨ ਵੀਰ ਜਮੀਨ ‘ਚ ਫਸਲ ਦੀ ਰਹਿੰਦ-ਖੂੰਹਦ ਨੂੰ ਅੱਗ ਲਾ ਕੇ ਧਰਤੀ ਮਾਤਾ ਦੀ ਹਿੱਕ ਨਾ ਸਾੜਨ

May 30, 2025 01:17 PM
SehajTimes

ਦਰਖ਼ਤਾਂ, ਪਸ਼ੂ-ਪੰਛੀਆਂ ਤੇ ਕੀੜੇ-ਮਕੌੜਿਆਂ ਦੇ ਸੜਨ ‘ਤੇ ਗੰਭੀਰ ਚਿੰਤਾ ਦਾ ਪ੍ਰਗਟਾਵਾ

ਪਟਿਆਲਾ : ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਭਾਵੁਕ ਅਪੀਲ ਕੀਤੀ ਹੈ ਕਿ ਕਿਸਾਨ ਵੀਰ ਜਮੀਨ ‘ਚ ਫਸਲ ਦੀ ਰਹਿੰਦ-ਖੂੰਹਦ ਨੂੰ ਅੱਗ ਲਾ ਕੇ ਧਰਤੀ ਮਾਤਾ ਦੀ ਹਿੱਕ ਨਾ ਸਾੜਨ।
ਉਨ੍ਹਾਂ ਅੱਜ ਪਿੰਡ ਕਾਠਮੱਠੀ ਨੇੜੇ ਕਣਕ ਦੇ ਨਾੜ ਨੂੰ ਖੇਤਾਂ ਵਿੱਚ ਲਗਾਈ ਅੱਗ ਅਤੇ ਕਿਸਾਨਾਂ ਦੀ ਵਾਤਾਵਰਨ ਪ੍ਰਤੀ ਬੇਰੁਖ਼ੀ ‘ਤੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਜਿੱਥੇ ਇਹ ਅੱਗ ਪਸ਼ੂ-ਪੰਛੀਆਂ, ਮਿੱਤਰ ਕੀੜੇ ਮਕੌੜਿਆਂ ਤੇ ਦਰੱਖਤਾਂ ਨੂੰ ਸਾੜਦੀ ਹੈ ਉੱਥੇ ਹੀ ਇਸ ਦਾ ਧੂੰਆਂ ਬੱਚਿਆਂ, ਬਜ਼ੁਰਗਾਂ ਤੇ ਗਰਭਵਤੀ ਔਰਤਾਂ ਲਈ ਵੀ ਸਾਹ ਦੀਆਂ ਬਿਮਾਰੀਆਂ ਲਾਉਂਦਾ ਹੈ ਤੇ ਸਰੀਰ ਦੀ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਵੀ ਖਤਮ ਹੁੰਦੀ ਹੈ ਤੇ ਕਰੋਨਾ, ਦਮੇ ਤੇ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਵੀ ਫੈਲਦੀਆਂ ਹਨ।
ਸਿਹਤ ਮੰਤਰੀ ਨੇ ਕਿਹਾ ਕਿ ਇਸ ਤੋਂ ਇਲਾਵਾ ਮਨੁੱਖ ਦਿਮਾਗ, ਅਧਰੰਗ ਤੇ ਦਿਲ ਦੇ ਦੌਰੇ ਦਾ ਵੀ ਸ਼ਿਕਾਰ ਹੁੰਦਾ ਹੈ।ਬਹੁਤ ਸਾਰੇ ਕਿਸਾਨ ਫਸਲਾਂ ਦੀ ਰਹਿੰਦ-ਖੂੰਹਦ ਨੂੰ ਜਮੀਨ ਵਿੱਚ ਵਾਹ ਕੇ ਖਾਦ ਤਿਆਰ ਕਰਦੇ ਹਨ ਜੇ ਅਸੀਂ ਵਾਤਾਵਰਣ ਪੱਖੀ ਖੇਤੀ ਕਰਾਂਗੇ ਤਾਂ ਹੀ ਅਸੀਂ ਬਚਾਂਗੇ।
ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਦਰਖ਼ਤਾਂ, ਪਸ਼ੂ-ਪੰਛੀਆਂ ਤੇ ਕੀੜੇ-ਮਕੌੜਿਆਂ ਦੇ ਸੜਨ ‘ਤੇ ਗੰਭੀਰ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਧਰਤੀ ਮਾਤਾ ਨੂੰ ਬੰਜਰ ਨਾ ਬਣਾਉਣ ਸਗੋਂ ਧਰਤੀ, ਬੱਚਿਆਂ ਦੇ ਫੇਫੜਿਆਂ ਅਤੇ ਮਨੁੱਖਤਾ ਉਪਰ ਰਹਿਮ ਕਰਨ ਤੇ ਜਮੀਨ ਵਿੱਚ ਕਦੇ ਵੀ ਅੱਗ ਨਾ ਲਾਉਣ।

Have something to say? Post your comment