Wednesday, September 17, 2025

Chandigarh

ਉੱਘੇ ਸਿੱਖ ਵਿਦਵਾਨ ਪਦਮ ਸ਼੍ਰੀ ਡਾ. ਰਤਨ ਸਿੰਘ ਜੱਗੀ ਨਹੀਂ ਰਹੇ

May 22, 2025 07:12 PM
SehajTimes

ਚੰਡੀਗੜ੍ਹ : ਪੰਜਾਬੀ ਤੇ ਹਿੰਦੀ ਸਾਹਿਤ ਦੇ ਉੱਘੇ ਸਿੱਖ ਵਿਦਵਾਨ ਪਦਮ ਸ਼੍ਰੀ ਡਾ. ਰਤਨ ਸਿੰਘ ਜੱਗੀ ਅੱਜ ਸਾਨੂੰ ਸਦੀਵੀਂ ਵਿਛੋੜਾ ਦੇ ਗਏ। ਉਹ 98 ਵਰ੍ਹਿਆਂ ਦੇ ਸਨ। ਉਹ ਪਿੱਛਲੇ ਥੋੜ੍ਹੇ ਅਰਸੇ ਤੋਂ ਬਿਮਾਰ ਸਨ। ਉਹ ਆਪਣੇ ਪਿੱਛੇ ਸਾਹਿਤ ਜਗਤ ਲਈ ਆਪਣੀਆਂ ਲਿਖਤਾਂ ਦੇ ਰੂਪ ਵਿੱਚ ਅਨਮੋਲ ਖ਼ਜ਼ਾਨਾ ਛੱਡ ਗਏ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਦਾ ਰਹੇਗਾ। ਪਰਿਵਾਰ ਵਿੱਚ ਉਹ ਪਿੱਛੇ ਆਪਣੀ ਧਰਮ ਪਤਨੀ ਦਾ ਡਾ ਗੁਰਸ਼ਰਨ ਕੌਰ ਜੱਗੀ (ਸੇਵਾ ਮੁਕਤ ਪ੍ਰਿੰਸੀਪਲ, ਸਰਕਾਰੀ ਕਾਲਜ ਲੜਕੀਆਂ, ਪਟਿਆਲਾ), ਪੁੱਤਰ ਮਾਲਵਿੰਦਰ ਸਿੰਘ ਜੱਗੀ (ਸੇਵਾ ਮੁਕਤ ਆਈ.ਏ.ਐਸ.) ਛੱਡ ਗਏ ਹਨ।

ਡਾ ਰਤਨ ਸਿੰਘ ਜੱਗੀ ਦਾ ਨਾਂ ਪੰਜਾਬੀ ਅਤੇ ਹਿੰਦੀ ਸਾਹਿਤ ਦੇ ਉੱਘੇ ਵਿਦਵਾਨਾਂ ਅਤੇ ਗੁਰਮਤਿ ਤੇ ਭਗਤੀ ਲਹਿਰ ਦੇ ਮਾਹਰਾਂ ਵਿੱਚ ਸ਼ੁਮਾਰ ਹੈ।ਉਨ੍ਹਾਂ 150 ਤੋਂ ਵੱਧ ਕਿਤਾਬਾਂ ਲਿਖੀਆਂ ਹਨ। ਸਾਹਿਤ ਤੇ ਸਿੱਖਿਆ ਦੇ ਖੇਤਰ ਵਿੱਚ ਪਾਏ ਯੋਗਦਾਨ ਸਦਕਾ ਉਨ੍ਹਾਂ ਨੂੰ ਭਾਰਤ ਸਰਕਾਰ ਨੇ ਪਦਮ ਸ਼੍ਰੀ, ਸਾਹਿਤ ਅਕਾਦਮੀ ਨੇ ਕੌਮੀ ਪੁਰਸਕਾਰ, ਪੰਜਾਬ ਸਰਕਾਰ ਨੇ ਪੰਜਾਬੀ ਸਾਹਿਤ ਸ਼੍ਰੋਮਣੀ ਪੁਰਸਕਾਰ ਨਾਲ ਸਨਮਾਨਿਆ। ਦਿੱਲੀ, ਹਰਿਆਣਾ ਤੇ ਉਤਰ ਪ੍ਰਦੇਸ਼ ਦੀਆਂ ਸਰਕਾਰਾਂ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਸਨਮਾਨਤ ਕਰਨ ਤੋਂ ਇਲਾਵਾ ਉਨ੍ਹਾਂ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਨੇ ਆਨਰੇਰੀ ਡੀ. ਲਿਟ ਦੀ ਡਿਗਰੀ ਵੀ ਪ੍ਰਦਾਨ ਕੀਤੀ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਗਿਆਨ ਰਤਨ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ। ਭਾਸ਼ਾ ਵਿਭਾਗ ਪੰਜਾਬ ਵੱਲੋਂ ਅੱਠ ਵਾਰ ਪਹਿਲਾ ਪੁਰਸਕਾਰ ਹਾਸਲ ਕਰਨ ਤੋਂ ਇਲਾਵਾ ਵੱਖ-ਵੱਖ ਸਾਹਿਤ ਅਕਾਦਮੀਆਂ, ਵਿੱਦਿਅਕ, ਸਾਹਿਤਕ ਤੇ ਧਾਰਮਿਕ ਸੰਸਥਾਵਾਂ, ਸਰਕਾਰੀ ਤੇ ਗੈਰ ਸਰਕਾਰੀ ਸੰਗਠਨਾਂ ਵੱਲੋਂ ਵੀ ਸਨਮਾਨ ਮਿਲੇ।

ਡਾ ਜੱਗੀ ਨੇ ਆਪਣਾ ਸਮੁੱਚਾ ਜੀਵਨ ਮੱਧਕਾਲੀਨ ਸਾਹਿਤ ਦਾ ਵੱਖ-ਵੱਖ ਦ੍ਰਿਸ਼ਟੀਕੋਣਾਂ ਤੋਂ ਅਧਿਐਨ ਕਰਨ, ਲਿਖਣ ਤੇ ਆਲੋਚਨਾਤਮਕ ਵਿਸ਼ਲੇਸ਼ਣ ਕਰਨ ਅਤੇ ਸਿੱਖ ਗੁਰੂ ਸਾਹਿਬਾਨ ਦੀ ਬਾਣੀ ਅਤੇ ਭਗਤੀ ਲਹਿਰ ਸਬੰਧੀ ਵੱਖ-ਵੱਖ ਪਹਿਲੂਆਂ ਦੀ ਖੋਜ ਕਰਨ ਲਈ (ਪੰਜਾਬੀ ਅਤੇ ਹਿੰਦੀ ਦੋਵਾਂ ਭਾਸ਼ਾਵਾਂ ਵਿੱਚ) ਸਮਰਪਿਤ ਕੀਤਾ।

ਡਾ ਜੱਗੀ ਦਾ ਜਨਮ 27 ਜੁਲਾਈ 1927 ਨੂੰ ਹੋਇਆ। ਉਨ੍ਹਾਂ ਛੇ ਦਹਾਕੇ ਤੋਂ ਵੱਧ ਸਮਾਂ ਪੂਰੀ ਤਨਦੇਹੀ ਅਤੇ ਸੁਹਿਰਦਤਾ ਨਾਲ ਮੱਧਕਾਲੀ ਸਾਹਿਤ ਦੇ ਲੇਖੇ ਲਾਏ ਹਨ। ਉਨ੍ਹਾਂ 1962 ਵਿੱਚ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ "ਦਸਮ ਗ੍ਰੰਥ ਦਾ ਪੌਰਾਣਿਕ ਅਧਿਐਨ" ਵਿਸ਼ੇ 'ਤੇ ਪੀਐਚ.ਡੀ. ਕੀਤੀ। 1973 ਵਿੱਚ ਮਗਧ ਯੂਨੀਵਰਸਿਟੀ, ਬੋਧਗਯਾ ਤੋਂ ਹਿੰਦੀ ਵਿੱਚ "ਸ੍ਰੀ ਗੁਰੂ ਨਾਨਕ: ਵਿਅਕਤਿਤਵ, ਕ੍ਰਿਤਿਤਵ ਔਰ ਚਿੰਤਨ" ਵਿਸ਼ੇ ‘ਤੇ ਡੀ.ਲਿਟ. ਦੀ ਡਿਗਰੀ ਹਾਸਲ ਕੀਤੀ। ਉਹ 1987 ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਸਾਹਿਤ ਅਧਿਐਨ ਵਿਭਾਗ ਦੇ ਪ੍ਰੋਫੈਸਰ ਅਤੇ ਮੁਖੀ ਵਜੋਂ ਸੇਵਾਮੁਕਤ ਹੋਏ। ਉਹ ਅੰਗਰੇਜ਼ੀ, ਹਿੰਦੀ, ਪੰਜਾਬੀ, ਉਰਦੂ, ਫਾਰਸੀ ਅਤੇ ਸੰਸਕ੍ਰਿਤ ਦੀ ਗੂੜ੍ਹੀ ਸੂਝ ਤੇ ਮੁਹਾਰਤ ਰੱਖਣ ਵਾਲੀ ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਸਨ। ਉਨ੍ਹਾਂ ਕਿਤਾਬਾਂ, ਟੀਕਾਕਾਰੀ ਅਤੇ ਵਿਸ਼ਵਕੋਸ਼ ਵਰਗੀਆਂ ਬੇਮਿਸਾਲ ਰਚਨਾਵਾਂ ਨਾਲ ਸਾਹਿਤ ਦੇ ਖੇਤਰ ਵਿੱਚ ਸ਼ਾਨਦਾਰ ਵਿਆਪਕ ਅਤੇ ਗਿਆਨ ਭਰਪੂਰ ਯੋਗਦਾਨ ਪਾਇਆ।

ਸਾਹਿਤਕ ਖੇਤਰ ਵਿੱਚ ਡਾ ਜੱਗੀ ਵੱਲੋਂ ਕੀਤੇ ਵੱਡੇ ਕਾਰਜਾਂ ਵਿੱਚ ਉਨ੍ਹਾਂ ਪੰਜ ਜਿਲਦਾਂ ਵਿੱਚ "ਦਸਮ ਗ੍ਰੰਥ ਦਾ ਟੀਕਾ" ਪੇਸ਼ ਕੀਤਾ। ਬਾਅਦ ਵਿੱਚ ਹਿੰਦੀ ਵਿੱਚ ਵੀ ਪੰਜ ਜਿਲਦਾਂ ਵਿੱਚ “ਦਸ਼ਮ ਗ੍ਰੰਥ ਦਾ ਟੀਕਾ” ਪੇਸ਼ ਕੀਤਾ। "ਪੰਜਾਬੀ ਸਾਹਿਤ ਸੰਦਰਭ ਕੋਸ਼", "ਪੰਜਾਬੀ ਸਾਹਿਤ ਦਾ ਸਰੋਤ ਮੂਲਕ ਇਤਿਹਾਸ" ਤੇ "ਗੁਰੂ ਗ੍ਰੰਥ ਵਿਸ਼ਵਕੋਸ਼" ਦਾ ਸੰਕਲਨ ਕੀਤਾ ਜਿਨ੍ਹਾਂ ਨੂੰ ਪੰਜਾਬੀ ਯੂਨੀਵਰਸਿਟੀ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ। ਡਾ ਜੱਗੀ ਨੇ 8 ਜਿਲਦਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਵਿਆਪਕ ਟੀਕਾ "ਭਾਵ ਪ੍ਰਬੋਧਨੀ ਟੀਕਾ-ਸ੍ਰੀ ਗੁਰੂ ਗ੍ਰੰਥ ਸਾਹਿਬ" ਤਿਆਰ ਕਰਕੇ ਸਿੱਖ ਧਰਮ ਲਈ ਵੱਡੀ ਸੇਵਾ ਨਿਭਾਈ। ਇਸ ਟੀਕੇ ਦੀਆਂ ਪੰਜ ਜਿਲਦਾਂ ਨੂੰ ਹਿੰਦੀ ਵਿੱਚ ਵੀ ਪ੍ਰਕਾਸ਼ਿਤ ਕੀਤਾ।

ਉਨ੍ਹਾਂ “ਸਿੱਖ ਪੰਥ ਵਿਸ਼ਵਕੋਸ਼" ਤੇ “ਅਰਥਬੋਧ ਸ੍ਰੀ ਗੁਰੂ ਗ੍ਰੰਥ ਸਾਹਿਬ" ਸਿਰਲੇਖ ਵਾਲੀ ਰਚਨਾ ਤਿਆਰ ਕੀਤੀ ਜਿਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪੰਜ ਜਿਲਦਾਂ ਵਿੱਚ ਉਪ-ਟੀਕਾ ਸ਼ਾਮਲ ਹੈ ਜਿਸ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਾਰੀ ਕੀਤਾ ਗਿਆ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਦੌਰਾਨ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਵੱਲੋਂ ਰਚਿਤ ਪੁਸਤਕ "ਗੁਰੂ ਨਾਨਕ ਬਾਣੀ: ਪਾਠ ਅਤੇ ਵਿਆਖਿਆ" ਨੂੰ ਪੰਜਾਬੀ ਅਤੇ ਹਿੰਦੀ ਵਿੱਚ ਪ੍ਰਕਾਸ਼ਿਤ ਕੀਤਾ ਗਿਆ। ਉਨ੍ਹਾਂ ਗੁਰੂ ਨਾਨਕ ਬਾਣੀ ਤੇ ਅਧਾਰਿਤ ਪਹਿਲੀ ਰਚਨਾ "ਗੁਰੂ ਨਾਨਕ:ਜੀਵਨੀ ਅਤੇ ਵਿਅਕਤੀਤਵ" ਅਤੇ ਦੂਜੀ ਪੁਸਤਕ "ਗੁਰੂ ਨਾਨਕ ਦੀ ਵਿਚਾਰਧਾਰਾ" ਵੀ ਪ੍ਰਕਾਸ਼ਿਤ ਕੀਤੀ।ਪਵਿੱਤਰ ਗ੍ਰੰਥ "ਤੁਲਸੀ ਰਾਮਾਇਣ" (ਰਾਮ ਚਰਿਤ ਮਾਨਸ) ਦਾ ਪੰਜਾਬੀ ਵਿੱਚ ਲਿਪੀਅੰਤਰਨ ਅਤੇ ਅਨੁਵਾਦ ਕਰਨ ਦਾ ਵੀ ਵੱਡਮੁੱਲਾ ਕਾਰਜ ਨਿਭਾਇਆ ਜੋ ਪੰਜਾਬੀ ਯੂਨੀਵਰਸਿਟੀ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਸੀ ਅਤੇ ਇਸ ਕਿਤਾਬ ਨੂੰ ਸਾਹਿਤ ਅਕਾਦਮੀ, ਨਵੀਂ ਦਿੱਲੀ ਵੱਲੋਂ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।

ਡਾ ਜੱਗੀ ਨੂੰ ਮਿਲੇ ਮਾਣ-ਸਨਮਾਨ ਤੇ ਪੁਰਸਕਾਰਾਂ ਵਿੱਚ ਸਾਲ 2023 ਵਿੱਚ ਭਾਰਤ ਸਰਕਾਰ ਵੱਲੋਂ ਦੇਸ਼ ਦਾ ਚੌਥਾ ਸਰਵਉੱਚ ਨਾਗਰਿਕ ਸਨਮਾਨ “ਪਦਮ ਸ਼੍ਰੀ” ਸਨਮਾਨ ਨਾਲ ਨਿਵਾਜਿਆ ਗਿਆ। 1989 ਵਿੱਚ ਸਾਹਿਤ ਅਕਾਦਮੀ, ਨਵੀਂ ਦਿੱਲੀ ਵੱਲੋਂ ਰਾਸ਼ਟਰੀ ਪੁਰਸਕਾਰ ਨਾਲ, ਸਾਲ 1996 ਵਿੱਚ ਪੰਜਾਬ ਸਰਕਾਰ ਵੱਲੋਂ "ਪੰਜਾਬੀ ਸਾਹਿਤ ਸ਼੍ਰੋਮਣੀ" ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦੀਆਂ ਪੁਸਤਕਾਂ ਨੂੰ ਅੱਠ ਵਾਰ ਭਾਸ਼ਾ ਵਿਭਾਗ ਪੰਜਾਬ ਵੱਲੋਂ ਪਹਿਲਾ ਇਨਾਮ ਹਾਸਲ ਹੋਇਆ। ਹਰਿਆਣਾ ਸਰਕਾਰ ਨੇ 1968 ਵਿਚ ਉਨ੍ਹਾਂ ਦੀ ਪੁਸਤਕ ਲਈ ਪਹਿਲੇ ਇਨਾਮ ਨਾਲ ਸਨਮਾਨਿਤ ਕੀਤਾ।ਪੰਜਾਬੀ ਅਕਾਦਮੀ ਦਿੱਲੀ ਨੇ ਸਾਲ 2010 ਵਿੱਚ ਉਹਨਾਂ ਨੂੰ "ਪਰਮ ਸਾਹਿਤ ਸਤਿਕਾਰ ਸਨਮਾਨ" ਅਤੇ ਉੱਤਰ ਪ੍ਰਦੇਸ਼ ਸਰਕਾਰ ਨੇ ਉਹਨਾਂ ਨੂੰ ਸਾਲ 1996 ਵਿੱਚ "ਸੌਹਰਦ ਸਨਮਾਨ" ਨਾਲ ਸਨਮਾਨਿਤ ਕੀਤਾ।ਸਾਲ 2012 ਵਿੱਚ ਪੰਜਾਬੀ ਯੂਨੀਵਰਸਿਟੀ ਵੱਲੋਂ ਲਾਈਫ ਫੈਲੋਸ਼ਿਪ ਅਤੇ ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਵੱਲੋਂ ਫੈਲੋਸ਼ਿਪ ਪ੍ਰਾਪਤ ਕਰਨ ਦਾ ਮਾਣ ਮਿਲਿਆ।

Have something to say? Post your comment

 

More in Chandigarh

ਸਰਹੱਦੀ ਜਿਲ੍ਹਿਆਂ ਦੀ ਜ਼ਮੀਨ ਨੂੰ ਸਿਲਟ ਮੁਕਤ ਕਰਨ ਲਈ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਕੇਂਦਰ ਨੂੰ ਆਰ.ਕੇ.ਵੀ.ਵਾਈ ਯੋਜਨਾ ਤਹਿਤ 151 ਕਰੋੜ ਜਾਰੀ ਕਰਨ ਦੀ ਅਪੀਲ

ਪੰਜਾਬ ਸਰਕਾਰ ਦੇ ਯਤਨਾਂ ਨਾਲ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਲੀਹ 'ਤੇ ਪੈਣ ਲੱਗੀ ਜ਼ਿੰਦਗੀ

ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਮਨੁੱਖੀ ਸਿਹਤ ਤੇ ਜਾਨਵਰਾਂ ਦੀ ਤੰਦਰੁਸਤੀ ਲਈ ਪ੍ਰਸ਼ਾਸਨ ਨੂੰ ਸਖ਼ਤ ਹਦਾਇਤ

ਲਾਲਜੀਤ ਸਿੰਘ ਭੁੱਲਰ ਵੱਲੋਂ ਕੈਦੀਆਂ ਨੂੰ ਹੁਨਰ ਸਿਖਲਾਈ ਦੇਣ ਲਈ 11 ਜੇਲ੍ਹਾਂ ਵਿੱਚ ਆਈਟੀਆਈਜ਼ ਦਾ ਉਦਘਾਟਨ

'ਯੁੱਧ ਨਸ਼ਿਆਂ ਵਿਰੁੱਧ’ ਦੇ 199ਵੇਂ ਦਿਨ ਪੰਜਾਬ ਪੁਲਿਸ ਵੱਲੋਂ 359 ਥਾਵਾਂ 'ਤੇ ਛਾਪੇਮਾਰੀ; 86 ਨਸ਼ਾ ਤਸਕਰ ਕਾਬੂ

ਹੈਪੀ ਫੋਰਜਿੰਗਜ਼ ਲਿਮਟਿਡ ਪੰਜਾਬ ਵਿੱਚ 1000 ਕਰੋੜ ਰੁਪਏ ਦਾ ਨਿਵੇਸ਼ ਕਰੇਗੀ: ਕੈਬਨਿਟ ਮੰਤਰੀ ਸੰਜੀਵ ਅਰੋੜਾ

ਮੁੱਖ ਸਕੱਤਰ ਵੱਲੋਂ ਡਿਪਟੀ ਕਮਿਸ਼ਨਰਾਂ ਅਤੇ ਨਗਰ ਨਿਗਮ ਕਮਿਸ਼ਨਰਾਂ ਨੂੰ ਅਗਾਮੀ ਜਨਗਣਨਾ ਲਈ ਸੁਚਾਰੂ ਤਿਆਰੀਆਂ ਯਕੀਨੀ ਬਣਾਉਣ ਦੇ ਨਿਰਦੇਸ਼

ਪੰਜਾਬ ਰਾਜ ਖੁਰਾਕ ਕਮਿਸ਼ਨ ਵੱਲੋਂ ਸੋਸ਼ਲ ਆਡਿਟ, ਹੜ੍ਹਾਂ ਦੇ ਪ੍ਰਭਾਵ, ਪੋਸ਼ਣ ਯੋਜਨਾਵਾਂ ਅਤੇ ਖੇਤੀਬਾੜੀ ਸਮੱਗਰੀ ਦੀ ਸਪਲਾਈ ਬਾਰੇ ਵਿਸਥਾਰਿਤ ਚਰਚਾ

ਪੰਜਾਬ ਪੁਲਿਸ ਵੱਲੋਂ 5ਜੀ ਟੈਲੀਕਾਮ ਸਬੰਧੀ ਚੋਰੀਆਂ 'ਤੇ ਸਖ਼ਤ ਕਾਰਵਾਈ; 61 ਗ੍ਰਿਫ਼ਤਾਰ, 95 ਐਫਆਈਆਰਜ਼ ਦਰਜ

ਹੜ੍ਹਾਂ ਦੀ ਸਥਿਤੀ ਵਿੱਚ ਸੁਧਾਰ ਦੇ ਨਾਲ ਪੰਜਾਬ ਵਿੱਚ ਜਨ-ਜੀਵਨ ਮੁੜ ਲੀਹ 'ਤੇ ਪਰਤਿਆ : ਹਰਦੀਪ ਸਿੰਘ ਮੁੰਡੀਆਂ