Tuesday, December 02, 2025

Malwa

ਮਰੌੜੀ 'ਚ 50 ਘਰਾਂ ਦੀ ਤਲਾਸ਼ੀ, ਘੱਗਰ ਦਰਿਆ ਦੇ ਕੰਢੇ 5 ਛੋਟੀਆਂ ਤਰਪਾਲਾਂ 'ਚ ਲੁਕੋਈ 300 ਲੀਟਰ ਲਾਹਣ ਬਰਾਮਦ

May 19, 2025 06:37 PM
SehajTimes
ਆਬਕਾਰੀ ਵਿਭਾਗ ਪਟਿਆਲਾ ਤੇ ਜ਼ਿਲ੍ਹਾ ਪੁਲਿਸ ਵਲੋਂ ਨਜਾਇਜ਼ ਸ਼ਰਾਬ ਵਿਰੁੱਧ ਵੱਡੀ ਕਾਰਵਾਈ
 
ਨਜਾਇਜ਼ ਸ਼ਰਾਬ ਪੀਣ ਦੇ ਖ਼ਤਰਿਆਂ ਬਾਰੇ ਨਾਗਰਿਕਾਂ ਨੂੰ ਜਾਗਰੂਕ ਕਰਨ ਲਈ ਲੋਕ ਜਾਗਰੁਕਤਾ ਮੁਹਿੰਮ ਵੀ ਵਿੱਢੀ-ਤਰਸੇਮ ਚੰਦ
 
ਸਮਾਣਾ : ਆਬਕਾਰੀ ਵਿਭਾਗ ਪਟਿਆਲਾ ਅਤੇ ਜ਼ਿਲ੍ਹਾ ਪੁਲਿਸ ਪਟਿਆਲਾ ਨੇ ਪਿੰਡ ਮਰੌੜੀ ਵਿਖੇ ਸਾਂਝੇ ਅਪਰੇਸ਼ਨ ਦੌਰਾਨ ਨਜਾਇਜ ਸ਼ਰਾਬ ਵੇਚਣ ਅਤੇ ਘਰ ਵਿੱਚ ਰੂੜੀ ਮਾਰਕਾ ਸ਼ਰਾਬ ਕੱਢਣ ਵਾਲਿਆਂ ਅਤੇ ਨਜਾਇਜ਼ ਸ਼ਰਾਬ ਦੀ ਕਸ਼ੀਦਗੀ ਕਰਨ ਵਾਲਿਆਂ ਵਿਰੁੱਧ ਵੱਡੀ ਕਾਰਵਾਈ ਕੀਤੀ ਹੈ।
ਅੱਜ ਪਿੰਡ ਮਰੌੜੀ ਵਿਖੇ ਵੱਡੀ ਕਾਰਵਾਈ ਕਰਦੇ ਹੋਏ ਲਗਭਗ 50 ਘਰਾਂ ਦੀ ਤਲਾਸ਼ੀ ਕੀਤੀ ਗਈ ਅਤੇ ਘੱਗਰ ਦਰਿਆ ਦੇ ਨਾਲ ਲਗਦੇ ਕੰਡਿਆਂ ਤੇ 5 ਛੋਟੀਆਂ ਤਰਪਾਲਾਂ ਵਿੱਚ ਲੁਕਾਈ 300 ਲੀਟਰ ਲਾਹਣ ਬਰਾਮਦ ਕੀਤੀ ਗਈ। ਇਸ ਲਾਹਣ ਨੂੰ ਮੌਕੇ 'ਤੇ ਹੀ ਨਸ਼ਟ ਕੀਤਾ ਗਿਆ। ਨਸ਼ਟ ਕੀਤੀ ਲਾਹਣ ਦੀ ਵਰਤੋਂ ਵਿੱਚ 3 ਪਲਾਸਟਿਕ ਕੈਨ, ਪਲਾਸਟਿਕ ਪਾਈਪਾਂ ਅਤੇ ਭੱਠੀ ਦਾ ਸਮਾਨ ਵੀ ਬਰਾਮਦ ਕੀਤਾ ਗਿਆ ਹੈ।
ਆਬਕਾਰੀ ਤੇ ਪੁਲਿਸ ਵੱਲੋਂ ਇਹ ਸਾਂਝੀ ਕਾਰਵਾਈ ਡਿਪਟੀ ਕਮਿਸ਼ਨਰ (ਆਬਕਾਰੀ) ਪਟਿਆਲਾ ਜੋਨ ਤਰਸੇਮ ਚੰਦ ਤੇ ਸਹਾਇਕ ਕਮਿਸ਼ਨਰ (ਆਬਕਾਰੀ) ਪਟਿਆਲਾ ਰੇਂਜ ਰਾਜੇਸ਼ ਐਰੀ ਅਤੇ ਆਬਕਾਰੀ ਪੁਲਿਸ ਦੇ ਕਪਤਾਨ ਸੁਖਮਿੰਦਰ ਸਿੰਘ ਚੌਹਾਨ ਦੇ ਨਿਰਦੇਸ਼ਾਂ ਤਹਿਤ ਆਬਕਾਰੀ ਅਫਸਰ ਜ਼ਿਲ੍ਹਾ ਪਟਿਆਲਾ-2 ਸਰੂਪਇੰਦਰ ਸਿੰਘ ਸੰਧੂ ਦੀ ਦੇਖ-ਰੇਖ ਹੇਠ ਕੀਤੀ ਗਈ।
ਆਬਕਾਰੀ ਡਿਪਟੀ ਕਮਿਸ਼ਨਰ ਤਰਸੇਮ ਚੰਦ ਨੇ ਦੱਸਿਆ ਕਿ ਵੱਖ-ਵੱਖ ਪਿੰਡਾਂ ਵਿੱਚ ਜਾ ਕੇ ਸਮੂਹ ਗ੍ਰਾਮ ਪੰਚਾਇਤਾਂ ਨਾਲ ਤਾਲ ਮੇਲ ਕਰਕੇ ਨਜਾਇਜ਼ ਸ਼ਰਾਬ ਪੀਣ ਦੇ ਖ਼ਤਰਿਆਂ ਬਾਰੇ ਨਾਗਰਿਕਾਂ ਨੂੰ ਜਾਗਰੂਕ ਕਰਨ ਲਈ ਇੱਕ ਲੋਕ ਜਾਗਰੁਕਤਾ ਮੁਹਿੰਮ ਵੀ ਚਲਾਈ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਇਸ ਸਬੰਧੀ ਵਿਭਾਗ ਵੱਲੋਂ ਫੀਲਡ ਅਪ੍ਰੇਸ਼ਨ ਵਧਾ ਦਿੱਤੇ ਗਏ ਹਨ ਅਤੇ ਸੰਵੇਦਨਸੀਲ ਇਲਾਕਿਆ ਵਿੱਚ ਵਿਆਪਕ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਨਜਾਇਜ਼ ਸ਼ਰਾਬ ਦੇ ਨੈਟਵਰਕ ਨੂੰ ਟਰੈਕ ਕਰਨ ਅਤੇ ਉਸ ਨੂੰ ਜੜ੍ਹਾਂ ਤੋਂ ਖਤਮ ਕਰਨ ਲਈ ਆਬਕਾਰੀ ਨਿਰੀਖਕਾਂ ਦੀਆਂ ਟੀਮਾਂ 24 ਘੰਟੇ ਤਇਨਾਤ ਕੀਤੀਆਂ ਗਈਆਂ ਹਨ।

Have something to say? Post your comment