ਸੁਨਾਮ : ਸੁਨਾਮ ਰੇਲਵੇ ਸਟੇਸ਼ਨ ਤੇ ਮਾਲ ਗੱਡੀਆਂ ਵਿੱਚ ਮਾਲ ਲੋਡਿੰਗ ਅਤੇ ਅਣਲੋਡਿੰਗ ਕਰਨ ਲਈ ਬਣੀ ਪਲੇਟੀ ਦਾ ਪੱਧਰ ਸਹੀ ਕਰਨ ਦੀ ਮੰਗ ਨੂੰ ਲੈਕੇ ਪੱਲੇਦਾਰ ਮਜ਼ਦੂਰ ਯੂਨੀਅਨ ਅਤੇ ਰੇਲਵੇ ਪ੍ਰਸ਼ਾਸਨ ਦਰਮਿਆਨ ਚੱਲ ਰਹੇ ਰੇੜਕੇ ਦੇ ਚੱਲਦਿਆਂ ਸ਼ਨਿੱਚਰਵਾਰ ਨੂੰ ਭਾਜਪਾ ਦੀ ਸੂਬਾ ਸਕੱਤਰ ਦਾਮਨ ਬਾਜਵਾ ਅਤੇ ਹਰਮਨਦੇਵ ਸਿੰਘ ਬਾਜਵਾ ਨੇ ਮੌਕੇ ਤੇ ਪੁੱਜਕੇ ਗੱਲਬਾਤ ਕੀਤੀ। ਇਸ ਮੌਕੇ ਰੇਲਵੇ ਵਿਭਾਗ ਤੋਂ ਆਈ.ਓ.ਡਬਲਿਯੂ ਸੁਰੇਸ਼ ਕੁਮਾਰ ਸੰਗਰੂਰ ਵੀ ਹਾਜ਼ਰ ਸਨ।
ਇਸ ਮੌਕੇ ਭਾਜਪਾ ਦੀ ਸੂਬਾ ਸਕੱਤਰ ਦਾਮਨ ਬਾਜਵਾ ਅਤੇ ਰੇਲਵੇ ਵਿਭਾਗ ਦੇ ਆਈ.ਡਬਲਿਯੂ ਸੁਰੇਸ਼ ਕੁਮਾਰ ਸੰਗਰੂਰ ਨੂੰ ਪੱਲੇਦਾਰ ਮਜ਼ਦੂਰ ਯੂਨੀਅਨ ਵੱਲੋਂ ਦੱਸਿਆ ਗਿਆ ਕਿ ਸੁਨਾਮ ਰੇਲਵੇ ਸਟੇਸ਼ਨ ਤੇ ਲਾਈਨ 04 ਜਿਸ ਤੇ ਮਜ਼ਦੂਰਾਂ ਵੱਲੋਂ ਅਨਾਜ, ਖਾਦ ਦਾ ਲੋਡਿੰਗ ਅਤੇ ਅਨਲੋਡਿੰਗ ਦਾ ਕੰਮ ਕੀਤਾ ਜਾਂਦਾ ਹੈ ਉਸ ਜਗ੍ਹਾਂ ਤੇ ਪਲੇਟੀ ਰੇਲਵੇ ਲਾਈਨ ਨਾਲੋਂ ਕਾਫੀ ਉੱਚੀ ਹੈ ਜਿਸ ਕਰਕੇ ਮਜ਼ਦੂਰਾਂ ਨੂੰ ਕੰਮ ਕਰਦੇ ਸਮੇਂ ਬਹੁਤ ਜਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੈਡਮ ਦਾਮਨ ਬਾਜਵਾ ਨੇ ਕਿਹਾ ਕਿ ਉਕਤ ਮਾਮਲੇ ਦੀ ਜਾਣਕਾਰੀ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਧਿਆਨ ਵਿੱਚ ਲਿਆ ਦਿੱਤੀ ਹੈ ਆਉਣ ਵਾਲੇ ਕੁੱਝ ਹੀ ਦਿਨਾਂ ਵਿੱਚ ਰੇਲਵੇ ਵਿਭਾਗ ਵੱਲੋਂ ਸੀਨੀਅਰ ਅਧਿਕਾਰੀਆਂ ਦੀ ਟੀਮ ਆਵੇਗੀ ਜਿਸ ਤਰ੍ਹਾਂ ਵੀ ਇਸ ਮਸਲੇ ਦਾ ਹੱਲ ਨਿਕਲਦਾ ਹੋਇਆ ਅਸੀਂ ਹਰ ਹਾਲਤ ਵਿੱਚ ਇਸ ਦਾ ਹੱਲ ਕਰਵਾਕੇ ਦੇਵਾਂਗੇ।
ਇਸ ਮੌਕੇ ਪੰਜਾਬ ਪ੍ਰਦੇਸ਼ ਪੱਲੇਦਾਰ ਮਜ਼ਦੂਰ ਯੂਨੀਅਨ ਦੁਆਰਾ ਮੈਡਮ ਦਾਮਨ ਬਾਜਵਾ ਅਤੇ ਹਰਮਨਦੇਵ ਬਾਜਵਾ ਨੂੰ ਮੰਗ ਪੱਤਰ ਵੀ ਦਿੱਤਾ ਗਿਆ। ਮੈਡਮ ਦਾਮਨ ਬਾਜਵਾ ਨੇ ਆਖਿਆ ਕਿ ਲੋਕਾਂ ਨੂੰ ਦਰਪੇਸ਼ ਮੁਸ਼ਕਿਲਾਂ ਦੇ ਹੱਲ ਲਈ ਕੇਂਦਰ ਸਰਕਾਰ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ ਕਿਸੇ ਵੀ ਸਮੱਸਿਆ ਦਾ ਹੱਲ ਕਰਵਾਉਣ ਲਈ ਯਤਨ ਹਮੇਸ਼ਾ ਜਾਰੀ ਰਹਿਣਗੇ। ਇਸ ਮੌਕੇ ਪ੍ਰਧਾਨ ਕੇਵਲ ਸਿੰਘ, ਸੈਕਟਰੀ ਨਰੈਣ ਸਿੰਘ, ਪ੍ਰੇਮ ਸਿੰਘ, ਸਾਬਕਾ ਪ੍ਰਧਾਨ ਜੋਰਾ ਸਿੰਘ, ਪ੍ਰਵੀਨ ਗੋਇਲ, ਚੰਦਰ ਮੋਹਨ ਆਦਿ ਹਾਜ਼ਰ ਸਨ।