ਸੁਨਾਮ : ਸੁਨਾਮ ਵਿਧਾਨ ਸਭਾ ਹਲਕੇ ਨਾਲ ਸਬੰਧਿਤ ਪੰਜਾਬ ਭਾਜਪਾ ਦੀ ਸੂਬਾ ਸਕੱਤਰ ਦਾਮਨ ਬਾਜਵਾ ਨੇ ਜੰਗ-ਏ-ਆਜ਼ਾਦੀ ਦੇ ਮਹਾਨ ਸਪੂਤ ਸ਼ਹੀਦ ਊਧਮ ਸਿੰਘ ਦੀਆਂ ਯਾਦਗਾਰਾਂ ਅਤੇ ਵਿਰਾਸਤ ਨੂੰ ਸੰਭਾਲਣ ਦੀ ਮੰਗ ਕਰਦਿਆਂ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕੀਤੀ। ਭਾਜਪਾ ਆਗੂ ਦਾਮਨ ਬਾਜਵਾ ਅਤੇ ਹਰਮਨਦੇਵ ਸਿੰਘ ਬਾਜਵਾ ਨੇ ਦੱਸਿਆ ਕਿ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਦਾ ਧਿਆਨ ਸੁਨਾਮ ਵਿਖੇ ਸਥਿਤ ਸ਼ਹੀਦ ਊਧਮ ਸਿੰਘ ਦੇ ਮੈਮੋਰੀਅਲ ਵੱਲ ਕੇਂਦਰਿਤ ਕਰਦਿਆਂ ਜਾਣੂੰ ਕਰਵਾਇਆ ਕਿ ਸ਼ਹੀਦ ਊਧਮ ਸਿੰਘ ਜੀ ਦੇ ਮੈਮੋਰੀਅਲ ਵਿੱਚ ਹੋਰ ਵਿਕਾਸ ਕਾਰਜਾਂ ਅਤੇ ਉਸ ਸ਼ਹੀਦ ਦੀ ਵਿਰਾਸਤ ਨੂੰ ਸੰਭਾਲਣ ਲਈ ਅਤੇ ਹੋਰ ਉਭਾਰਨ ਵਾਸਤੇ ਤਾਂ ਜੋ ਉਨ੍ਹਾਂ ਨੂੰ ਬਣਦਾ ਮਾਣ ਸਨਮਾਨ ਦੇ ਸਕੀਏ। ਉਨ੍ਹਾਂ ਦੱਸਿਆ ਕਿ ਪਹਿਲਾਂ ਲਿਖ਼ਤੀ ਪੱਤਰਾਂ ਰਾਹੀਂ ਉਕਤ ਮਾਮਲੇ ਕੇਂਦਰੀ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਦੇ ਧਿਆਨ ਵਿੱਚ ਲਿਆਂਦੇ ਗਏ ਸਨ ਜਿਸ ਤੋਂ ਬਾਅਦ ਸੱਭਿਆਚਾਰਕ ਮਹਿਕਮਾ ਵੱਡੇ ਫੰਡ ਦੇਣ ਨੂੰ ਤਿਆਰ ਹੈ ਕੇਂਦਰੀ ਮੰਤਰੀ ਦੁਆਰਾ ਬਕਾਇਦਾ ਪੱਤਰ ਲਿਖਕੇ ਸ਼ਹੀਦ ਊਧਮ ਸਿੰਘ ਦੀਆਂ ਯਾਦਗਾਰਾਂ ਨੂੰ ਹੋਰ ਵਧੇਰੇ ਪੁਖਤਾ ਬਣਾਉਣ ਲਈ ਮੈਨੂੰ (ਦਾਮਨ ਬਾਜਵਾ) ਅਤੇ ਸੂਬਾ ਸਰਕਾਰ ਨੂੰ ਚਿੱਠੀ ਲਿਖ ਕੇ ਵੀ ਜਾਣਕਾਰੀ ਦਿੱਤੀ ਹੈ ਅਤੇ ਵੱਖ ਵੱਖ ਸਕੀਮਾਂ ਤਹਿਤ ਸੂਬਾ ਸਰਕਾਰ ਤੋਂ ਪਰਪੋਜ਼ਲ ਮੰਗੇ ਹਨ ਲੇਕਿਨ ਸੂਬਾ ਸਰਕਾਰ ਨੇ ਹਾਲੇ ਤੱਕ ਕੋਈ ਤਵੱਜੋ ਨਹੀਂ ਦਿੱਤੀ। ਮੈਡਮ ਦਾਮਨ ਬਾਜਵਾ ਨੇ ਦੱਸਿਆ ਕਿ ਇਸ ਬਾਰੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਜਾਣੂੰ ਕਰਵਾਇਆ ਅਤੇ ਉਨ੍ਹਾਂ ਤੋਂ ਮੱਦਦ ਮੰਗੀ ਕਿ ਉਹ ਜਲਦ ਤੋਂ ਜਲਦ ਸੂਬਾ ਸਰਕਾਰ ਨੂੰ ਕਹਿ ਕੇ ਇੱਕ ਵਧੀਆ ਪ੍ਰੋਜੈਕਟ ਕੇਂਦਰ ਸਰਕਾਰ ਨੂੰ ਪਹੁੰਚਾਉਣ ਤਾਂ ਜੋ ਕੇਂਦਰ ਸਰਕਾਰ ਸਾਨੂੰ ਵੱਧ ਤੋਂ ਵੱਧ ਇਸ ਪ੍ਰੋਜੈਕਟ ਲਈ ਫੰਡ ਜਾਰੀ ਕਰ ਸਕੇ ਅਤੇ ਅਸੀਂ ਉਸ ਮਹਾਨ ਸ਼ਹੀਦ ਨੂੰ ਬਣਦਾ ਮਾਣ ਸਨਮਾਨ ਦਿਵਾ ਸਕੀਏ।