Sunday, November 16, 2025

Malwa

ਸਿੰਘ ਸਹਿਬਾਨ ਦੇ ਫ਼ੈਸਲੇ ਤੇ ਟਿਕੀਆਂ ਸਿੱਖ ਜਗਤ ਦੀਆਂ ਨਜ਼ਰਾਂ : ਢੀਂਡਸਾ 

August 09, 2024 07:55 PM
ਦਰਸ਼ਨ ਸਿੰਘ ਚੌਹਾਨ
 
ਸੁਨਾਮ : ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਪ੍ਰਜੀਡੀਅਮ ਦੇ ਮੈਂਬਰ ਸਾਬਕਾ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਸਿੱਖ ਜਗਤ ਦੀਆਂ ਨਜ਼ਰਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਿੰਘ ਸਾਹਿਬਾਨ ਦੇ ਫੈਸਲੇ ’ਤੇ ਟਿਕੀਆਂ ਹੋਈਆਂ ਹਨ। ਉਨ੍ਹਾਂ ਨੂੰ ਉਮੀਦ ਹੈ ਕਿ ਅਜਿਹਾ ਫੈਸਲਾ ਲਿਆ ਜਾਵੇਗਾ ਜਿਸ ਨਾਲ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ਰੁਤਬਾ ਅਤੇ ਸਤਿਕਾਰ ਵਧੇਗਾ। ਉਨ੍ਹਾਂ ਕਿਹਾ ਕਿ ਸਿੰਘ ਸਾਹਿਬਾਨ ਅਜਿਹਾ ਕੋਈ ਫੈਸਲਾ ਨਹੀਂ ਲੈਣਗੇ ਜਿਹੋ ਜਿਹਾ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਲਿਆ ਸੀ ਜਿਸ ਨਾਲ ਸਿੱਖ ਜਗਤ ਨੂੰ ਨਿਰਾਸ਼ਾ ਹੋਈ। ਢੀਂਡਸਾ ਸ਼ੁੱਕਰਵਾਰ ਨੂੰ ਅਕਾਲੀ ਦਲ ਦੇ ਆਗੂ ਡਾਕਟਰ ਨਰੇਸ਼ ਜਿੰਦਲ ਦੀ ਸਿਹਤ ਦਾ ਹਾਲ-ਚਾਲ ਪੁੱਛਣ ਲਈ ਸੁਨਾਮ ਪੁੱਜੇ ਸਨ। ਇਸੇ ਦੌਰਾਨ ਪਰਮਿੰਦਰ ਸਿੰਘ ਢੀਂਡਸਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੰਗਰੂਰ ਖੇਤਰ ਦਾ ਇਤਿਹਾਸ ਸੂਬੇ ਨੂੰ ਨਵੀਂ ਸਿਆਸੀ ਦਿਸ਼ਾ ਪ੍ਰਦਾਨ ਕਰਨ ਵਾਲਾ ਰਿਹਾ ਹੈ। ਪਰਜਾ ਮੰਡਲ, ਮੁਜ਼ਾਰਾ ਲਹਿਰ, ਨਕਸਲੀ ਲਹਿਰ, ਅਕਾਲੀ ਦਲ ਅਤੇ ‘ਆਪ’ ਦੀ ਨੀਂਹ ਇਸ ਇਲਾਕੇ ਤੋਂ ਮਜ਼ਬੂਤ ਹੋਈ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਰਹੇ ਮਰਹੂਮ ਸੰਤ ਹਰਚੰਦ ਲੌਂਗੋਵਾਲ ਦੀ ਬਰਸੀ ਮੌਕੇ 20 ਅਗਸਤ ਨੂੰ ਲੌਂਗੋਵਾਲ ਵਿਖੇ ਹੋਣ ਵਾਲਾ ਇਕੱਠ ਸਾਬਤ ਕਰੇਗਾ ਕਿ ਅਕਾਲੀ ਸਿਧਾਂਤਾਂ ਨਾਲ ਜੁੜੇ ਲੋਕ ਅਕਾਲੀ ਸੁਧਾਰ ਲਹਿਰ ਨਾਲ ਹਨ ਜਾਂ ਸੁਖਬੀਰ ਬਾਦਲ ਨਾਲ। ਉਨ੍ਹਾਂ ਦੱਸਿਆ ਕਿ ਸੰਤ ਲੌਂਗੋਵਾਲ ਦੀ ਬਰਸੀ ਦੀਆਂ ਤਿਆਰੀਆਂ ਨੂੰ ਲੈਕੇ ਅਕਾਲੀ ਦਲ ਸੁਧਾਰ ਲਹਿਰ ਵੱਲੋਂ ਵਰਕਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ, ਅਕਾਲੀ ਸੋਚ ਰੱਖਣ ਵਾਲੇ ਲੋਕ ਵੱਡੀ ਗਿਣਤੀ ਵਿੱਚ ਸ਼ਾਮਲ ਹੋ ਰਹੇ ਹਨ। ਢੀਂਡਸਾ ਨੇ ਕਿਹਾ ਕਿ ਪੰਜਾਬ 'ਚ ਹੋਣ ਵਾਲੀਆਂ ਉਪ ਚੋਣਾਂ 'ਚ ਅਕਾਲੀ ਦਲ ਸੁਧਾਰ ਲਹਿਰ ਸਿੱਧੇ ਤੌਰ 'ਤੇ ਕੋਈ ਉਮੀਦਵਾਰ ਨਹੀਂ ਖੜ੍ਹੇ ਕਰੇਗੀ, ਸਮਾਂ ਆਉਣ ’ਤੇ ਲਹਿਰ ਦੇ ਆਗੂ ਫੈਸਲਾ ਲੈਣਗੇ। ਸੁਖਬੀਰ ਬਾਦਲ 'ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਕਿਸੇ ਦੀਆਂ ਭਾਵਨਾਵਾਂ ਦੀ ਕੋਈ ਚਿੰਤਾ ਨਹੀਂ ਹੈ ਬਲਕਿ ਪ੍ਰਧਾਨ ਦੇ ਅਹੁਦੇ 'ਤੇ ਕਾਬਜ਼ ਰਹਿਣਾ ਚਾਹੁੰਦੇ ਹਨ। ਉਨ੍ਹਾਂ ਦੀ ਸੋਚ ਪਾਰਟੀ ਦੇ ਚੋਣ ਨਿਸ਼ਾਨ ਅਤੇ ਦਫ਼ਤਰ 'ਤੇ ਕਬਜ਼ਾ ਕਰਨ ਤੱਕ ਹੀ ਸੀਮਤ ਹੈ। ਇਸ ਡਰ ਕਾਰਨ ਹੀ ਨਵੇਂ ਡੈਲੀਗੇਟ ਨਿਯੁਕਤ ਕਰਨ ਦਾ ਫੈਸਲਾ ਕੀਤਾ ਗਿਆ ਹੈ ਅਤੇ ਡੈਲੀਗੇਟ ਨਿਯੁਕਤ ਕਰਨ ਦਾ ਅਧਿਕਾਰ ਖੁਦ ਹਾਸਲ ਕਰ ਲਿਆ ਹੈ। ਜਦੋਂ ਕਿ ਡੈਲੀਗੇਟਾਂ ਦੀ ਚੋਣ ਪਾਰਟੀ ਦੇ ਮੁੱਢਲੇ ਮੈਂਬਰਾਂ ਦੁਆਰਾ ਕੀਤੀ ਜਾਂਦੀ ਹੈ। ਜਿਸ ਕਾਰਨ ਉਸ ਦੀ ਘਬਰਾਹਟ ਸਾਫ ਦਿਖਾਈ ਦੇ ਰਹੀ ਹੈ। ਇਸ ਮੌਕੇ ਡਾਕਟਰ ਨਰੇਸ਼ ਜਿੰਦਲ, ਸਾਬਕਾ ਕੌਂਸਲਰ ਯਾਦਵਿੰਦਰ ਸਿੰਘ ਨਿਰਮਾਣ, ਹਰਜੋਤ ਸਿੰਘ ਆਦਿ ਹਾਜ਼ਰ ਸਨ | 

Have something to say? Post your comment

 

More in Malwa

ਚਿਲਡਰਨ ਡੇਅ ਮੌਕੇ ਆਂਗਨਵਾੜੀ ਵਰਕਰਾਂ ਦਾ ਗੁੱਸਾ ਭੜਕਿਆ 

ਕੈਮਿਸਟਾਂ ਵੱਲੋਂ ਨਸ਼ਾ ਮੁਕਤ ਭਾਰਤ ਮੁਹਿੰਮ ਨੂੰ ਸਫਲ ਬਣਾਉਣ ਦਾ ਸੱਦਾ 

ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਲਈ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ

ਨੌਜਵਾਨਾਂ ਨੂੰ ਨੌਵੇਂ ਪਾਤਸ਼ਾਹ ਦੇ ਜੀਵਨ ਤੋਂ ਸੇਧ ਲੈਣ ਦੀ ਲੋੜ : ਲੌਂਗੋਵਾਲ 

ਸੁਨਾਮ ਹਲਕੇ ਦੇ ਲੋੜਵੰਦਾਂ ਦਾ ਪੱਕੇ ਮਕਾਨ ਵਾਲਾ ਸੁਪਨਾ ਹੋਇਆ ਸਾਕਾਰ

ਹਰਜੋਤ ਸਿੰਘ ਬੈਂਸ ਵੱਲੋਂ ਸਕੂਲਾਂ ਵਿੱਚ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਜੀਵਨ ਅਤੇ ਲਾਸਾਨੀ ਸ਼ਹਾਦਤ ਬਾਰੇ ਸਿੱਖਿਆ ਪ੍ਰੋਗਰਾਮ ਦੀ ਸ਼ੁਰੂਆਤ

ਅਕੇਡੀਆ ਵਰਲਡ ਸਕੂਲ 'ਚ ਕਰਵਾਈ ਸਾਲਾਨਾ ਐਥਲੈਟਿਕ ਮੀਟ

ਰਣ ਚੱਠਾ ਦੀ ਅਗਵਾਈ 'ਚ ਕਿਸਾਨ ਚੰਡੀਗੜ੍ਹ ਰਵਾਨਾ 

ਕਿਸਾਨਾਂ ਨੇ ਸੰਗਰੂਰ ਧਰਨੇ ਦੀ ਵਿਢੀ ਤਿਆਰੀ 

ਮੁੱਖ ਮੰਤਰੀ ਨੇ ਸ਼ਰਧਾਲੂਆਂ ਨੂੰ ਦਰਸ਼ਨਾਂ ਲਈ ਅੰਮ੍ਰਿਤਸਰ ਲਿਜਾਣ ਵਾਲੀਆਂ ਬੱਸਾਂ ਦੇ ਪਹਿਲੇ ਜਥੇ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ