Sunday, July 13, 2025

Malwa

ਸਪਾਂਸਰਸ਼ਿਪ ਅਤੇ ਫੋਸਟਰ ਕੇਅਰ ਸਕੀਮ ਦਾ 56 ਹੋਰ ਬੱਚਿਆਂ ਨੂੰ ਮਿਲੇਗਾ ਲਾਭ : ਡਿਪਟੀ ਕਮਿਸ਼ਨਰ

August 01, 2024 06:58 PM
SehajTimes

ਪਟਿਆਲਾ : ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਦੀ ਅਗਵਾਈ ਹੇਠ ਸਪਾਂਸਰਸ਼ਿਪ ਅਤੇ ਫੋਸਟਰ ਕੇਅਰ ਅਪਰੂਵਲ ਕਮੇਟੀ ਦੀ ਮੀਟਿੰਗ ਹੋਈ ਜਿਸ ਵਿੱਚ 56 ਨਵੇਂ ਬੱਚਿਆਂ ਨੂੰ ਸਪਾਂਸਰਸ਼ਿਪ ਸਕੀਮ ਦਾ ਲਾਭ ਦੇਣ ਸਬੰਧੀ ਕੇਸਾਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਇਸ ਸਕੀਮ ਅਧੀਨ ਬੱਚਿਆ ਨੂੰ 4000 ਰੁਪਏ ਮਹੀਨਾ ਦਿੱਤਾ ਜਾ ਦਾ ਹੈ। ਪਹਿਲਾ ਤੋਂ ਜ਼ਿਲ੍ਹੇ ਵਿੱਚ 64 ਬੱਚਿਆ ਨੂੰ ਇਸ ਸਕੀਮ ਦਾ ਲਾਭ ਦਿੱਤਾ ਜਾ ਰਿਹਾ ਹੈ। ਮੀਟਿੰਗ ’ਚ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਨਵਰੀਤ ਕੌਰ ਸੇਖੋਂ ਵੀ ਮੌਜੂਦ ਸਨ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਸਕੀਮ ਦਾ ਵੱਧ ਤੋਂ ਵੱਧ ਪ੍ਰਚਾਰ ਕੀਤਾ ਜਾਵੇ ਤਾਂ ਜੋ ਜ਼ਰੂਰਤਮੰਦ ਬੱਚਿਆਂ ਨੂੰ ਇਸ ਸਕੀਮ ਦਾ ਜ਼ਿਆਦਾ ਤੋਂ ਜ਼ਿਆਦਾ ਲਾਭ ਮਿਲ ਸਕੇ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਸਾਰੇ ਸਬ ਡਵੀਜ਼ਨਲ ਮੈਜਿਸਟ੍ਰੇਟ ਨੂੰ ਹਦਾਇਤ ਜਾਰੀ ਕੀਤੀ ਜਾ ਰਹੀ ਹੈ ਕਿ ਜੇਕਰ ਕੋਈ ਅਜਿਹੇ ਕੇਸ ਜੋ ਸਪਾਂਸਰਸ਼ਿਪ ਸਕੀਮ ਦੀਆ ਸ਼ਰਤਾਂ ਪੂਰੀਆਂ ਕਰਦੇ ਹੋਣ ਤਾਂ ਉਹ ਕੇਸ ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਪਟਿਆਲਾ ਨੂੰ ਰੈਫ਼ਰ ਕੀਤੇ ਜਾਣ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਡਾ. ਸ਼ਾਇਨਾ ਕਪੂਰ ਨੇ ਦੱਸਿਆ ਕਿ ਸਪਾਂਸਰਸ਼ਿਪ ਅਤੇ ਫੋਸਟਰ ਕੇਅਰ ਅਪਰੁਵਲ ਕਮੇਟੀ ਵੱਲੋਂ ਜ਼ਿਲ੍ਹੇ ਵਿੱਚ 0 ਤੋਂ 18 ਸਾਲ ਅਜਿਹੇ ਬੱਚੇ ਜਿਨ੍ਹਾਂ ਦੀ ਮਾਤਾ ਵਿਧਵਾ/ਤਲਾਕਸ਼ੁਦਾ ਹੋਵੇ ਜਾ ਬੱਚੇ ਲਾਵਾਰਿਸ ਛੱਡ ਦਿੱਤੇ ਗਏ ਹੋਣ, ਜਿੰਨਾ ਬੱਚਿਆਂ ਦੇ ਮਾਤਾ ਪਿਤਾ ਜਾਨਲੇਵਾ/ ਖ਼ਤਰਨਾਕ ਬਿਮਾਰੀ ਦਾ ਸ਼ਿਕਾਰ ਹਨ, ਮਾਤਾ-ਪਿਤਾ ਵਿੱਤੀ ਅਤੇ ਸਰੀਰਕ ਤੌਰ ਤੇ ਬੱਚਿਆਂ ਦੀ ਦੇਖਭਾਲ ਕਰਨ ਵਿੱਚ ਅਸਮਰਥ ਹਨ, ਜੇ.ਜੇ ਐਕਟ, 2015 ਦੇ ਅਨੁਸਾਰ ਦੇਖਭਾਲ ਅਤੇ ਸੁਰੱਖਿਆ ਦੀ ਲੋੜ ਵਾਲੇ ਬੱਚੇ ਜਿਵੇਂ ਕਿ ਬੇਘਰ, ਕੁਦਰਤੀ ਆਫ਼ਤ ਦਾ ਸ਼ਿਕਾਰ, ਤਸਕਰੀ ਨਾਲ ਪ੍ਰਭਾਵਿਤ, ਅਪਾਹਜ, ਜਾਂ ਉਹ ਬੱਚੇ ਜੋ ਸੜਕ ਤੇ ਰਹਿ ਰਿਹਾ ਹੋਵੇ, ਦੁਰਵਿਵਹਾਰ ਜਾਂ ਸ਼ੋਸ਼ਣ ਦਾ ਸ਼ਿਕਾਰ ਹੋਣ ,ਐਚ.ਆਈ.ਵੀ ਏਡਜ਼ ਨਾਲ ਪ੍ਰਭਾਵਿਤ ਬੱਚੇ, ਪੀ.ਐਮ.ਕੇਅਰਜ ਫ਼ਾਰ ਚਿਲਡਰਨ ਸਕੀਮ ਅਧੀਨ ਕਵਰ ਕੀਤੇ ਬੱਚੇ ਇਸ ਸਕੀਮ ਦਾ ਲਾਭ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਮਿਸ਼ਨ ਵਾਸਤੱਲਿਆ ਸਕੀਮ ਦੀ ਗਾਈਡ ਲਾਈਨਜ ਅਨੁਸਾਰ ਇਨ੍ਹਾਂ ਬੱਚਿਆਂ ਪਰਿਵਾਰ ਦੀ ਸ਼ਹਿਰੀ ਖੇਤਰ ਵਿੱਚ 96000 ਰੁਪਏ ਅਤੇ ਗ੍ਰਾਮੀਣ ਖੇਤਰ ਵਿੱਚ 72000 ਰੁਪਏ ਸਲਾਨਾ ਆਮਦਨ ਤੋਂ ਘੱਟ ਹੋਣੀ ਚਾਹੀਦੀ ਹੈ। ਇਸ ਸਕੀਮ ਸਬੰਧੀ ਜ਼ਿਆਦਾ ਜਾਣਕਾਰੀ ਲਈ ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਪਟਿਆਲਾ, ਬਲਾਕ-ਸੀ ਐਕਸਟੈਨਸ਼ਨ, ਰੂਮ ਨੰ:150 ਮਿੰਨੀ ਸਕੱਤਰੇਤ ਪਟਿਆਲਾ ਵਿਖੇ ਸੋਮਵਾਰ ਤੋਂ ਸ਼ੁੱਕਰਵਾਰ ਸਮਾਂ ਸਵੇਰੇ 9 ਵਜੇ ਤੋਂ ਸਾਮ 5 ਵਜੇ ਤੱਕ ਨੰ 0175—2353523 ਤੇ ਸੰਪਰਕ ਕੀਤਾ ਜਾ ਸਕਦਾ ਹੈ।

Have something to say? Post your comment