Friday, December 05, 2025

Malwa

ਸੁਨਾਮ 'ਚ ਲਾਵਾਰਸ ਪਸ਼ੂ ਕਾਰਨ ਨੌਜਵਾਨ ਦੀ ਮੌਤ, ਕਾਮਰੇਡਾਂ ਨੇ ਮੰਗਿਆ ਮੁਆਵਜ਼ਾ 

June 22, 2024 01:18 PM
ਦਰਸ਼ਨ ਸਿੰਘ ਚੌਹਾਨ
ਸੁਨਾਮ : ਸੁਨਾਮ ਵਿਖੇ ਲਾਵਾਰਿਸ ਪਸ਼ੂ ਦੀ ਲਪੇਟ ਵਿੱਚ ਆਉਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਪਿੰਡ ਰਾਮਗੜ੍ਹ ਜਵੰਧੇ ਦਾ ਨੌਜਵਾਨ ਖੁਸ਼ਪ੍ਰੀਤ ਸਿੰਘ ਮੋਟਰਸਾਈਕਲ ਤੇ ਜਾ ਰਿਹਾ ਸੀ ਤਾਂ ਅਚਾਨਕ ਲਾਵਾਰਿਸ ਪਸ਼ੂ ਦੀ ਲਪੇਟ ਵਿੱਚ ਆ ਗਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ। ਭਾਰਤ ਨਿਰਮਾਣ ਮਿਸਤਰੀ ਮਜ਼ਦੂਰ ਯੂਨੀਅਨ (ਸੀਟੂ) ਵੱਲੋਂ ਖੁਸ਼ਪ੍ਰੀਤ ਸਿੰਘ ਦੀ ਮੌਤ ਕਾਰਨ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਭਾਰਤ ਨਿਰਮਾਣ ਮਿਸਤਰੀ ਮਜਦੂਰ ਯੂਨੀਅਨ (ਸੀਟੂ) ਦੇ ਜਿਲ੍ਹਾ ਕਨਵੀਨਰ ਕਾਮਰੇਡ ਵਰਿੰਦਰ ਕੌਸ਼ਿਕ ਨੇ ਕਿਹਾ ਕਿ ਲੰਘੇ ਦਿਨੀਂ ਸੁਨਾਮ-ਜਾਖਲ ਰੋਡ ਉਪਰ ਸਥਾਨਕ ਮਾਇਆ ਗਾਰਡਨ ਕਾਲੋਨੀ ਦੇ ਨੇੜੇ ਪਿੰਡ ਰਾਮਗੜ੍ਹ ਜਵੰਧੇ ਦੇ ਵਸਨੀਕ ਖੁਸ਼ਪ੍ਰੀਤ ਸਿੰਘ (25) ਦੀ ਲਾਵਾਰਿਸ ਪਸ਼ੂ ਦੀ ਲਪੇਟ ਵਿੱਚ ਆਉਣ ਕਾਰਨ ਮੌਤ ਹੋ ਗਈ । ਉਨ੍ਹਾਂ ਕਿਹਾ ਕਿ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਅਜਿਹੇ ਹਾਦਸੇ ਵਾਪਰਦੇ ਹਨ, ਭਗਵੰਤ ਸਰਕਾਰ ਇਕ ਪਾਸੇ ਤਾਂ ਸੜਕ ਸੁਰੱਖਿਆ ਫੋਰਸ ਦੀਆਂ ਗੱਲਾਂ ਕਰਦੀ ਨਹੀਂ ਥੱਕਦੀ ਪਰ ਦੂਜੇ ਪਾਸੇ ਅਸਲੀਅਤ ਇਹ ਹੈ ਕਿ ਸੁਨਾਮ ਸ਼ਹਿਰ ਦੇ ਆਲੇ ਦੁਆਲੇ ਕਿੱਤੇ ਵੀ ਇਹ ਫੋਰਸ ਨਜ਼ਰ ਨਹੀਂ ਆਉਦੀ ਤੇ ਨਾ ਹੀ ਲਾਵਾਰਿਸ ਪਸ਼ੂਆਂ ਨੂੰ ਰੋਕਣ ਦਾ ਕੋਈ ਠੋਸ ਹੱਲ ਕੀਤਾ ਜਾ ਰਿਹਾ ਹੈ, ਜਿਸ ਕਰਕੇ  ਨੌਜਵਾਨ ਨਿੱਤ ਦਿਨ ਮੌਤ ਦੇ ਮੂੰਹ ਜਾ ਰਹੇ ਹਨ । ਉਨਾਂ ਸੂਬਾ ਸਰਕਾਰ ਨੂੰ ਤਾੜਨਾ ਕਰਦਿਆਂ ਕਿਹਾ ਕਿ ਉਹ ਇਸ ਨੌਜਵਾਨ ਦੇ ਪਰਿਵਾਰ ਨੂੰ ਯੋਗ ਮੁਆਵਜ਼ਾ ਦੇਵੇ ਤੇ ਅੱਗੇ ਤੋਂ ਅਜਿਹੀ ਘਟਨਾ ਨਾ ਵਾਪਰੇ ਇਸ ਲਈ ਯੋਗ ਪ੍ਰਬੰਧ ਕੀਤੇ ਜਾਣ । ਕਾਮਰੇਡ ਵਰਿੰਦਰ ਕੌਸ਼ਿਕ ਨੇ ਕਿਹਾ ਕਿ ਉਹਨਾਂ ਵੱਲੋਂ ਪਹਿਲਾਂ ਵੀ ਲਾਵਾਰਿਸ ਪਸ਼ੂਆਂ ਦੀ ਸਮੱਸਿਆ ਬਾਰੇ ਮੀਡੀਆ ਰਾਹੀਂ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਦਾਂ ਜਾ ਚੁੱਕਾ ਹੈ, ਪ੍ਰੰਤੂ ਇਸ ਸਮੱਸਿਆ ਦਾ ਕੋਈ ਸਥਾਈ ਹੱਲ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸੂਬੇ ਦੀ ਸਰਕਾਰ ਇਸ ਗੰਭੀਰ ਮਸਲੇ ਪ੍ਰਤੀ ਸੰਜੀਦਗੀ ਦਿਖਾਵੇ ਨਹੀਂ ਤਾਂ ਮਜ਼ਦੂਰਾਂ ਨੂੰ ਸੰਘਰਸ਼ ਵਿੱਢਣ ਲਈ ਮਜਬੂਰ ਹੋਣਾ ਪਵੇਗਾ।

Have something to say? Post your comment