Thursday, July 03, 2025

Malwa

ਪਾਣੀ ਲੀਕੇਜ ਦੇ ਮਾਮਲੇ ਦੀ ਸ਼ਿਕਾਇਤ ਚੋਣ ਕਮਿਸ਼ਨ ਨੂੰ ਭੇਜੀ

May 22, 2024 05:41 PM
ਦਰਸ਼ਨ ਸਿੰਘ ਚੌਹਾਨ
ਸੁਨਾਮ : ਜਲਿਆਂਵਾਲਾ ਬਾਗ਼ ਦੇ ਖ਼ੂਨੀ ਸਾਕੇ ਦਾ ਗੋਰਿਆਂ ਤੋਂ ਬਦਲਾ ਲੈਣ ਸੁਨਾਮ ਦੇ ਜੰਮਪਲ ਸ਼ਹੀਦ ਊਧਮ ਸਿੰਘ ਦੀ ਜਨਮ ਭੂਮੀ ਦੇ ਵਾਰਡ ਇੱਕ ਅਤੇ ਪੰਜ ਦੇ ਵਸਨੀਕ ਪੀਣ ਵਾਲੇ ਪਾਣੀ ਦੀਆਂ ਪਾਈਪਾਂ ਵਿੱਚੋਂ ਪਾਣੀ ਲੀਕ ਹੋਣ ਕਾਰਨ ਪਿਛਲੇ ਪੰਦਰਾਂ ਦਿਨਾਂ ਤੋਂ ਪਾਣੀ ਦੀ ਕਿੱਲਤ ਦਾ ਸਾਹਮਣਾ ਕਰ ਰਹੇ ਹਨ। ਪ੍ਰਭਾਵਿਤ ਲੋਕਾਂ ਨੇ ਇਸ ਮਾਮਲੇ ਸਬੰਧੀ ਕਈ ਵਾਰ ਨਗਰ ਕੌਂਸਲ ਨੂੰ ਅਪੀਲ ਕੀਤੀ ਹੈ। ਅੱਤ ਦੀ ਗਰਮੀ ਕਾਰਨ ਲੋਕਾਂ ਦੀਆਂ ਮੁਸ਼ਕਿਲਾਂ ਵਧ ਰਹੀਆਂ ਹਨ। ਇਸ ਸਬੰਧੀ ਇਲਾਕੇ ਦੇ ਵਸਨੀਕਾਂ ਅਵਿਨਾਸ਼ ਜੈਨ, ਰਵਿੰਦਰ ਸਿੰਘ, ਸਿੱਧਰਾਜ ਜੈਨ, ਯੋਗੇਸ਼ ਜੋਸ਼ੀ ਆਦਿ ਨੇ ਦੱਸਿਆ ਕਿ ਉਹ ਪੰਦਰਾਂ ਦਿਨਾਂ ਤੋਂ ਪੀਣ ਵਾਲੇ ਪਾਣੀ ਦੇ ਸੰਕਟ ਨਾਲ ਜੂਝ ਰਹੇ ਹਨ। ਪਾਣੀ ਦੀ ਸਪਲਾਈ ਹੋ ਰਹੀ ਹੈ ਪਰ ਲੀਕੇਜ ਕਾਰਨ ਪੀਣ ਵਾਲਾ ਪਾਣੀ ਉਪਲਬਧ ਨਹੀਂ ਹੈ। ਜਦਕਿ ਪਾਣੀ ਦੀ ਵੱਡੀ ਬਰਬਾਦੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਇਸ ਸਮੱਸਿਆ ਦੇ ਹੱਲ ਲਈ ਕਈ ਵਾਰ ਨਗਰ ਕੌਂਸਲ ਅਧਿਕਾਰੀਆਂ ਨੂੰ ਅਪੀਲ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇੱਕ ਥਾਂ ’ਤੇ ਕੌਂਸਲ ਵੱਲੋਂ ਲੀਕੇਜ ਠੀਕ ਕਰ ਦਿੱਤੀ ਗਈ ਹੈ ਪਰ ਦੂਜੀ ਥਾਂ ’ਤੇ ਲੀਕੇਜ ਦੀ ਸਮੱਸਿਆ ਅਜੇ ਵੀ ਬਰਕਰਾਰ ਹੈ ਅਤੇ ਪਾਣੀ ਦੀ ਲਗਾਤਾਰ ਬਰਬਾਦੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਅਧਿਕਾਰੀਆਂ ਦੀ ਕਥਿਤ ਲਾਪਰਵਾਹੀ ਅਤੇ ਨਾਗਰਿਕਾਂ ਦੀ ਕੋਈ ਸੁਣਵਾਈ ਨਾ ਹੋਣ ਕਾਰਨ ਹੁਣ ਇਸ ਦੇ ਹੱਲ ਲਈ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਉਕਤ ਸਮੱਸਿਆ ਦੇ ਹੱਲ ਲਈ ਨਗਰ ਕੌਂਸਲ ਦੇ ਅਧਿਕਾਰੀ ਆਮ ਨਾਗਰਿਕਾਂ ਦੀ ਪ੍ਰਵਾਹ ਕਰਨ ਦੀ ਬਜਾਏ ਸੂਬੇ ਦੀ ਹਾਕਮ ਧਿਰ ਦੇ ਆਗੂਆਂ ਤੋਂ ਕਹਾਉਣ ਦੀ ਗੱਲ ਆਖ ਰਹੇ ਹਨ ਜਿਸ ਕਰਕੇ ਉਨ੍ਹਾਂ ਨੂੰ ਚੋਣ ਕਮਿਸ਼ਨ ਕੋਲ ਚਾਰਾਜੋਈ ਕਰਨੀ ਪਈ ਹੈ। ਇਸ ਮਾਮਲੇ ਸਬੰਧੀ ਨਗਰ ਕੌਂਸਲ ਦੇ ਜੇਈ ਰਾਜ ਕੁਮਾਰ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਕਿਹਾ ਕਿ ਅੱਜ ਹੀ ਇਸ ਸਮੱਸਿਆ ਦਾ ਹੱਲ ਕਰ ਦਿੱਤਾ ਜਾਵੇਗਾ। ਕੌਂਸਲ ਦੀ ਟੀਮ ਭੇਜ ਦਿੱਤੀ ਗਈ ਹੈ। 

Have something to say? Post your comment