Monday, May 20, 2024

National

ਮੁੱਖ ਮੰਤਰੀ ਵੱਲੋਂ ਸੂਬੇ ਵਿੱਚ ਵੱਡੀ ਫਾਰਮਾਸਿਊਟੀਕਲ ਸਿਟੀ ਸਥਾਪਤ ਕਰਨ ਦੀ ਕਵਾਇਦ ਸ਼ੁਰੂ

January 06, 2024 05:07 PM
SehajTimes
ਵਿਸ਼ਾਖਾਪਟਨਮ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਫਾਰਮਾਸਿਊਟੀਕਲ ਕੰਪਨੀਆਂ ਨੂੰ ਸੂਬੇ ਵਿੱਚ ਵਿਆਪਕ ਪੱਧਰ ਉਤੇ ਨਿਵੇਸ਼ ਕਰਨ ਲਈ ਅੱਗੇ ਆਉਣ ਦਾ ਸੱਦਾ ਦਿੱਤਾ ਹੈ।
ਅੱਜ ਇੱਥੇ ਜਵਾਹਰ ਲਾਲ ਨਹਿਰੂ ਫਾਰਮਾ ਸਿਟੀ ਦਾ ਦੌਰਾ ਕਰਨ ਆਏ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਫਾਰਮਾਸਿਊਟੀਕਲ ਸੈਕਟਰ ਦੀ ਵੱਡੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਕੰਪਨੀਆਂ ਨੂੰ ਇੱਕ ਪਾਸੇ ਸੂਬੇ ਦੇ ਆਰਥਿਕ ਵਿਕਾਸ ਨੂੰ ਅੱਗੇ ਵਧਾਉਣ ਅਤੇ ਦੂਜੇ ਪਾਸੇ ਆਪਣੇ ਕਾਰੋਬਾਰ ਦਾ ਵਿਸਥਾਰ ਕਰਨ ਲਈ ਸੂਬੇ ਵਿੱਚ ਵੱਡਾ ਨਿਵੇਸ਼ ਕਰਨ ਵਾਸਤੇ ਅੱਗੇ ਆਉਣਾ ਚਾਹੀਦਾ ਹੈ।
 
 
ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਨਾਲ ਸੂਬੇ ਨੂੰ ਫਾਰਮਾਸਿਊਟੀਕਲ ਖੇਤਰ ਵਿੱਚ ਮੋਹਰੀ ਬਣ ਕੇ ਉਭਰਨ ਵਿੱਚ ਮਦਦ ਮਿਲੇਗੀ। ਮੁੱਖ ਮੰਤਰੀ ਨੇ ਫਾਰਮਾ ਸਿਟੀ ਦੇ ਅਧਿਕਾਰੀਆਂ ਨਾਲ ਵੀ ਸੂਬੇ ਵਿੱਚ ਅਜਿਹਾ ਹੀ ਪ੍ਰਾਜੈਕਟ ਸਥਾਪਤ ਕਰਨ ਲਈ ਵਿਸਥਾਰ ਵਿੱਚ ਵਿਚਾਰ-ਵਟਾਂਦਰਾ ਕੀਤਾ। ਉਨ੍ਹਾਂ ਕਿਹਾ ਕਿ ਅਜਿਹੀ ਫਾਰਮਾਸਿਊਟੀਕਲ ਸਿਟੀ ਸੂਬੇ ਲਈ ਵਰਦਾਨ ਸਾਬਤ ਹੋ ਸਕਦੀ ਹੈ ਅਤੇ ਨੌਜਵਾਨਾਂ ਲਈ ਰੁਜ਼ਗਾਰ ਦੇ ਵੱਡੇ ਮੌਕੇ ਪੈਦਾ ਹੋ ਸਕਦੇ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਇਸ ਸ਼ਹਿਰ ਨੂੰ ਸਥਾਪਤ ਕਰਨ ਦੀ ਸੰਭਾਵਨਾ ਤਲਾਸ਼ਣ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ।
 
 
ਮੁੱਖ ਮੰਤਰੀ ਨੇ ਫਾਰਮਾਸਿਊਟੀਕਲ ਸਿਟੀ ਦਾ ਦੌਰਾ ਵੀ ਕੀਤਾ ਅਤੇ ਫਾਰਮਾ ਕੰਪਨੀਆਂ ਦੇ ਯੂਨਿਟਾਂ ਵਿੱਚ ਜਾ ਉਨ੍ਹਾਂ ਦੇ ਕੰਮਕਾਜ ਦਾ ਨਿਰੀਖਣ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਸਰਬਪੱਖੀ ਵਿਕਾਸ ਅਤੇ ਲੋਕਾਂ ਦੀ ਖੁਸ਼ਹਾਲੀ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ 'ਰੰਗਲੇ ਪੰਜਾਬ' ਦੀ ਸਿਰਜਣਾ ਲਈ ਅਜਿਹੇ ਪ੍ਰੋਜੈਕਟ ਸਮੇਂ ਦੀ ਮੁੱਖ ਲੋੜ ਹਨ।

Have something to say? Post your comment