Wednesday, September 17, 2025

Chandigarh

ਸਪੀਕਰ ਸੰਧਵਾਂ ਵੱਲੋਂ ਸਾਬਕਾ ਮੈਂਬਰ ਪਾਰਲੀਮੈਂਟ ਅਤੇ ਪਦਮ ਭੂਸ਼ਣ ਐਵਾਰਡੀ ਤਰਲੋਚਨ ਸਿੰਘ ਦੇ ਜੀਵਨ ‘ਤੇ ਅਧਾਰਿਤ ਪੁਸਤਕ ਜਾਰੀ

January 06, 2024 04:26 PM
SehajTimes
ਚੰਡੀਗੜ : ਪੰਜਾਬ ਵਿਧਾਨ ਸਭਾ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਅੱਜ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਿਨਿਸਟ੍ਰੇਸ਼ਨ, ਸੈਕਟਰ 26 ਵਿਖੇ ਡਾ. ਪ੍ਰਭਲੀਨ ਸਿੰਘ ਵੱਲੋਂ ਲਿਖੀ ਪੁਸਤਕ ‘’ਸ. ਤਰਲੋਚਨ ਸਿੰਘ-ਹਿਸਟੋਰਿਕ ਜਰਨੀ’’ ਦੀ ਜਾਰੀ ਕੀਤੀ। ਪੁਸਤਕ ਰਿਲੀਜ਼ ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ ਸ. ਕੁਲਤਾਰ ਸਿੰਘ ਸੰਧਵਾਂ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਪ੍ਰਕਾਸ਼ਿਤ ਇਸ ਪੁਸਤਕ ਵਿੱਚ ਸ. ਤਰਲੋਚਨ ਸਿੰਘ ਵੱਲੋਂ ਆਪਣੇ ਜੀਵਨ ਵਿੱਚ ਕੀਤੀ ਘਾਲਣਾ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸ. ਤਰਲੋਚਨ ਸਿੰਘ ਅਜਿਹੇ ਇਨਸਾਨ ਹਨ, ਜਿਨ੍ਹਾਂ ਨੇ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ ਹੈ। ਉਹ ਸਮੁੱਚੇ ਸੰਸਾਰ ਵਿੱਚ ਸਿੱਖ ਕੌਮ ਨੂੰ ਅਦੁੱਤੀ ਪਛਾਣ ਦੇਣ ਵਾਲੇ ਇਨਸਾਨ ਹਨ। ਉਨ੍ਹਾਂ ਕਿਹਾ ਕਿ ਅਸੀਂ ਖੁਸ਼ਨਸੀਬ ਹਾਂ ਕਿ ਗੁਰਸਿੱਖੀ ਸਦਗੁਣਾਂ ਨਾਲ ਭਰਪੂਰ, ਸਤਿ-ਸੰਤੋਖ, ਸਹਿਜ ਸਬਰ ਸਿਦਕ ਦੇ ਧਾਰਨੀ, ਰਾਜਨੀਤਿਕ, ਧਾਰਮਿਕ ਅਤੇ ਪੱਤਰਕਾਰੀ ਦੇ ਥੰਮ, ਪੰਜਾਬੀ ਜਗਤ ਦੀ ਉੱਘੀ ਸ਼ਖ਼ਸੀਅਤ ਪਦਮ ਭੂਸ਼ਣ ਐਵਾਰਡੀ ਸਰਦਾਰ ਤਰਲੋਚਨ ਸਿੰਘ ਦੀ ਮੌਜੂਦਗੀ ਦਾ ਆਨੰਦ ਮਾਣ ਰਹੇ ਹਾਂ।
 

ਸ. ਸੰਧਵਾਂ ਨੇ ਕਿਹਾ ਕਿ ਸ. ਤਰਲੋਚਨ ਸਿੰਘ ਦੀ ਅਣਥੱਕ ਮਿਹਨਤ, ਲੰਬੇ ਸੰਘਰਸ਼ ਅਤੇ ਜੀਵਨ ਦੀਆਂ ਅਣਗਿਣਤ ਸਫਲ ਪ੍ਰਾਪਤੀਆਂ ਲੰਮਾ ਇਤਿਹਾਸ ਹੈ। ਸ. ਤਰਲੋਚਨ ਸਿੰਘ ਵਰਗੀ ਅਦੁੱਤੀ ਸ਼ਖ਼ਸੀਅਤ ਦੇ ਜੀਵਨ ਨੂੰ ਇੱਕ ਕਿਤਾਬ ਵਿੱਚ ਸਮੇਟਣਾ ਨਾਮੁਮਕਿਨ ਹੈ, ਪਰ ਮੈਂ ਇਸ ਪੁਸਤਕ ਦੇ ਰਚੇਤਾ ਡਾ. ਪ੍ਰਭਲੀਨ ਸਿੰਘ ਦੀ ਹਿੰਮਤ ਦੀ ਦਾਤ ਦਿੰਦਾ ਹਾਂ, ਜਿਨ੍ਹਾਂ ਨੇ ਇਸ ਮੁਸ਼ਕਿਲ ਕੰਮ ਨੂੰ ਇੱਕ ਸਫਲ ਅੰਜਾਮ ਤੱਕ ਪਹੁੰਚਾਇਆ ਅਤੇ ਸਾਨੂੰ ਸਰਦਾਰ ਤਰਲੋਚਨ ਸਿੰਘ ਦੇ ਜੀਵਨ ਦੇ ਅਣਗਿਣਤ ਪਹਿਲੂਆਂ ਨਾਲ ਰੂਬਰੂ ਕਰਵਾਇਆ। ਜਿਕਰਯੋਗ ਹੈ ਕਿ ਸ. ਤਰਲੋਚਨ ਸਿੰਘ ਭਾਰਤ ਦੇ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਦੇ 1983 ਤੋਂ 1987 ਤੱਕ ਪ੍ਰੈਸ ਸਕੱਤਰ, ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਅਤੇ ਸਾਲ 2005 ਤੋਂ 2011 ਤੱਕ ਰਾਜ ਸਭਾ ਦੇ ਮੈਂਬਰ ਰਹੇ। ਉਨਾਂ ਨੇ ਸੰਸਦ ਵਿੱਚ 14 ਦਸੰਬਰ 2009 ਨੂੰ 1984 ਦੇ ਸਿੱਖ ਕਤਲੇਆਮ ਵਿਰੁੱਧ ਆਵਾਜ਼ ਬੁਲੰਦ ਕੀਤੀ ਅਤੇ ਪੂਰੇ ਦੇਸ਼ ਵਿੱਚ ਸਿੱਖਾਂ ਨਾਲ ਹੋਈ ਬੇਇਨਸਾਫੀ ਨੂੰ ਜੱਗ ਜ਼ਾਹਰ ਕਰਦਿਆਂ ਇਨਸਾਫ ਦੀ ਮੰਗ ਕੀਤੀ। ਉਨ੍ਹਾਂ ਦੀ ਨੇੜਤਾ ਭਾਰਤ ਦੇ ਵੱਡੇ ਸਿਆਸਤਦਾਨਾਂ ਨਾਲ ਰਹੀ। ਗਿਆਨੀ ਜ਼ੈਲ ਸਿੰਘ ਜਦੋਂ ਪੰਜਾਬ ਦੇ ਮੁੱਖ ਮੰਤਰੀ ਸਨ, ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਮਾਰਗ ਬਣਾਉਣ ਦੀ ਸਲਾਹ ਦਿੱਤੀ। ਉਹ ਪੰਜਾਬ ਅਤੇ ਦੇਸ਼ ਪੱਧਰ ‘ਤੇ ਵੱਖ-ਵੱਖ ਅਹੁਦਿਆਂ ‘ਤੇ ਤਾਇਨਾਤ ਰਹੇ ਅਤੇ ਆਪਣੀ ਡਿਊਟੀ ਬਾਖੂਬੀ ਕਰਦਿਆਂ ਮਿਸਾਲੀ ਸੇਵਾਵਾਂ ਦਿੱਤੀਆਂ। ਉਨ੍ਹਾਂ ਆਪਣੀ ਮਿਹਨਤ ਸਦਕਾ ਪਾਰਲੀਮੈਂਟ ਤੱਕ ਪਹੁੰਚਣ ਤੋਂ ਲੈ ਕੇ ਦੁਨੀਆਂ ਦੇ ਕੋਨੇ-ਕੋਨੇ ਤੱਕ ਵੱਖੋ-ਵੱਖ ਖੇਤਰਾਂ ਵਿੱਚ ਆਪਣੀ ਛਾਪ ਛੱਡੀ। ਸ. ਸੰਧਵਾਂ ਨੇ ਕਿਹਾ ਕਿ ਡਾ. ਪ੍ਰਭਲੀਨ ਸਿੰਘ ਇਸ ਵਿਲੱਖਣ ਉਪਰਾਲੇ ਵਿੱਚ ਸਫਲ ਹੋਣ ਲਈ ਵਧਾਈ ਦੇ ਪਾਤਰ ਹਨ। ਉਨ੍ਹਾਂ ਕਿਹਾ ਕਿ ਇਸ ਪੁਸਤਕ ਵਿੱਚ ਦਰਜ ਕਰਨ ਲਈ ਸ. ਤਰਲੋਚਨ ਸਿੰਘ ਬਾਰੇ ਜਿੰਨੀ ਬਾਰੀਕੀ ਨਾਲ ਖੋਜ ਕੀਤੀ ਗਈ ਹੈ, ਅਤੇ ਜਿਸ ਸ਼ਿੱਦਤ ਨਾਲ ਉਨ੍ਹਾਂ ਬਾਰੇ ਇੰਨੀ ਵਿਲੱਖਣ ਜਾਣਕਾਰੀ ਇਕੱਤਰ ਕੀਤੀ ਹੈ, ਇਸ ਪੁਸਤਕ ਨੂੰ ਪੜ੍ਹ ਕੇ ਕੀਤੀ ਮਿਹਨਤ ਦੀ ਸਿਰਫ ਝਲਕ ਹੀ ਨਹੀਂ, ਬਲਕਿ ਮਿਹਨਤ ਦੀ ਮਹਿਕ ਵੀ ਆਉਂਦੀ ਹੈ।

ਉਨ੍ਹਾਂ ਕਿਹਾ ਕਿ ਸ. ਤਰਲੋਚਨ ਸਿੰਘ ਹਾਲਾਂਕਿ ਖੁਦ ਇੱਕ ਉੱਘੇ ਲੇਖਕ ਹਨ, ਜਿਨ੍ਹਾਂ ਨੇ ਇਤਿਹਾਸ, ਧਰਮ, ਪ੍ਰਸ਼ਾਸਨ ਅਤੇ ਰਾਜਨੀਤੀ ਨਾਲ ਜੁੜੇ ਕਈ ਗੰਭੀਰ ਮੁੱਦਿਆਂ ਨੂੰ ਕਲਮਬੱਧ ਕਰਕੇ ਸਾਡੀਆਂ ਰਾਹਾਂ ਰੌਸ਼ਨ ਕੀਤੀਆਂ, ਪਰ ਜਿਸ ਸ਼ਾਲੀਨਤਾ, ਨਿਰਪੱਖਤਾ ਅਤੇ ਨਿਸਵਾਰਥ ਭਾਵ ਨਾਲ ਉਨ੍ਹਾਂ ਨੇ ਆਪਣੀਆਂ ਸੇਵਾਵਾਂ ਦੇਸ਼ ਨੂੰ ਦਿੱਤੀਆਂ, ਇਸ ਤੋਂ ਸਪਸ਼ਟ ਹੁੰਦਾ ਹੈ ਕਿ ਉਨ੍ਹਾਂ ਨੇ ਖੁਦ ਕਦੇ ਵੀ ਆਪਣੀ ਜੀਵਨੀ ਲਿਖਣ ਬਾਰੇ ਨਹੀਂ ਸੋਚਿਆ ਹੋਣਾ। ਸ. ਸੰਧਵਾਂ ਨੇ ਕਿਹਾ ਕਿ ਸ. ਤਰਲੋਚਨ ਉਨ੍ਹਾਂ ਮਹਾਨ ਸ਼ਖਸੀਅਤਾਂ ਵਿੱਚੋਂ ਹਨ, ਜਿਨ੍ਹਾਂ ਨੇ ਗੁਰੂ ਦੇ ਸੱਚੇ ਸਿੱਖ ਹੋਣ ਦੀ ਅਦੁੱਤੀ ਮਿਸਾਲ ਕਾਇਮ ਕੀਤੀ ਅਤੇ ਆਪਣੇ ਹੱਥ ਦੀਆਂ ਲਕੀਰਾਂ ਆਪ ਘੜੀਆਂ। ਉਨ੍ਹਾਂ ਕਿਸਮਤ ਦੇ ਸਹਾਰੇ ਨਹੀਂ ਬਲਕਿ ਆਪਣੇ ਕਰਮਾਂ ਨਾਲ ਆਪਣੀਆਂ ਰਾਹਾਂ ਚੁਣੀਆਂ। ਸਪੀਕਰ ਸੰਧਵਾਂ ਨੇ ਅੱਗੇ ਕਿਹਾ ਕਿ ਸ. ਤਰਲੋਚਨ ਸਿੰਘ ਦੀ ਸਮਾਜ, ਸਿੱਖੀ ਅਤੇ ਸਮੁੱਚੀ ਮਾਨਵਤਾ ਪ੍ਰਤੀ ਨਿਭਾਈ ਸੱਚੀ ਅਤੇ ਸੁੱਚੀ ਸੇਵਾ ਦਾ ਫਲ ਹੀ ਹੈ, ਜੋ ਪਰਮਾਤਮਾ ਨੇ ਡਾ. ਪ੍ਰਭਲੀਨ ਸਿੰਘ ਹੱਥੋਂ ਸ. ਤਰਲੋਚਨ ਸਿੰਘ ਦੀ ਜੀਵਨ ਯਾਤਰਾ ਨੂੰ ਇਸ ਜੀਵਨੀ ਪੁਸਤਕ ਵਿੱਚ ਸਜਾ ਕੇ ਸਾਡੀ ਝੋਲੀ ਪਾਇਆ ਹੈ। ਉਨ੍ਹਾਂ ਕਿਹਾ ਕਿ ਪੁਸਤਕ ਨੂੰ ਪੜ੍ਹ ਕੇ ਇੱਕ ਹੋਰ ਗੱਲ ਸਮਝ ਆਉਂਦੀ ਹੈ, ਕਿ ਇਹ ਪੁਸਤਕ ਸ. ਤਰਲੋਚਨ ਸਿੰਘ ਦੇ ਨਿੱਜੀ ਜੀਵਨ ਦੇ ਨਾਲ-ਨਾਲ, ਦੇਸ਼ ਦੇ ਇਤਿਹਾਸ ਵਿੱਚ ਵਾਪਰੀਆਂ ਕਈ ਮਹੱਤਵਪੂਰਨ ਘਟਨਾਵਾਂ ਅਤੇ ਉਨ੍ਹਾਂ ਨਾਲ ਪਏ ਸ. ਤਰਲੋਚਨ ਸਿੰਘ ਦੇ ਜੀਵਨ ‘ਤੇ ਅਸਰ ‘ਤੇ ਵੀ ਝਾਤੀ ਮਾਰਨ ਦਾ ਮੌਕਾ ਦਿੰਦੀ ਹੈ। ਇਕੱਠ ਨੂੰ ਸੰਬੋਧਨ ਕਰਦਿਆਂ ਕੇਂਦਰੀ ਰਾਜ ਮੰਤਰੀ ਸ੍ਰੀ ਸੋਮ ਪ੍ਰਕਾਸ਼ ਨੇ ਕਿਹਾ ਕਿ ਸ. ਤਰਲੋਚਨ ਸਿੰਘ ਨੇ ਹਮੇਸ਼ਾ ਪੰਜਾਬ ਅਤੇ ਪੰਜਾਬੀਅਤ ਲਈ ਆਵਾਜ਼ ਬੁਲੰਦ ਕੀਤੀ। ਉਨ੍ਹਾਂ ਕਿਹਾ ਕਿ ਇਹ ਕਿਤਾਬ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਣਾ ਸਰੋਤ ਸਾਬਤ ਹੋਵੇਗੀ।

ਇਸ ਮੌਕੇ ਬੋਲਦਿਆਂ ਸ. ਤਰਲੋਚਨ ਸਿੰਘ ਨੇ ਕਿਹਾ ਕਿ ਵੰਡ ਸਮੇਂ ਬੇਘਰੇ ਹੋਣ ਤੋਂ ਬਾਅਦ ਉਨ੍ਹਾਂ ਨੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਣ ਲਈ ਡੇਢ ਸਾਲ ਪਟਿਆਲਾ ਵਿਖੇ ਬਾਲ ਮਜ਼ਦੂਰੀ ਦਾ ਸਹਾਰਾ ਲਿਆ ਅਤੇ ਆਪਣੀ ਕਮਾਈ ਦਾ ਇੱਕ ਹਿੱਸਾ ਖਾਲਸਾ ਸਕੂਲ ਵਿੱਚ ਦਾਖਲ ਕਰਵਾਉਣ ਲਈ ਬਚਾਇਆ। 1949 ਵਿੱਚ, ਉਸਨੇ ਦਸਵੀਂ ਪਾਸ ਕੀਤੀ ਅਤੇ ਬਾਅਦ ਵਿੱਚ 1955 ਵਿੱਚ ਅਰਥ ਸ਼ਾਸਤਰ ਵਿੱਚ ਐਮ.ਏ. ਕੀਤੀ। ਡਾ. ਸਰਬਜਿੰਦਰ ਸਿੰਘ ਡੀਨ ਫੈਕਲਟੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਪ੍ਰੋ. ਕਰਮਜੀਤ ਸਿੰਘ ਵਾਈਸ ਚਾਂਸਲਰ ਜਗਤ ਗੁਰੂ ਨਾਨਕ ਦੇਵ ਪੰਜਾਬ ਰਾਜ ਓਪਨ ਯੂਨੀਵਰਸਿਟੀ, ਪਟਿਆਲਾ, ਸ੍ਰੀ ਸੰਦੀਪ ਗੋਸ਼ ਸੰਪਾਦਕ ਆਉਟਲੁੱਕ ਸ. ਸੁਰੇਸ਼ ਕੁਮਾਰ ਆਈ.ਏ.ਐਸ. (ਸੇਵਾਮੁਕਤ), ਸ. ਰੁਪਿੰਦਰ ਸਿੰਘ ਸੀਨੀਅਰ ਐਸੋਸੀਏਟ ਐਡੀਟਰ (ਸੇਵਾਮੁਕਤ) ਦਿ ਟ੍ਰਿਬਿਊਨ ਅਤੇ ਲੇਖਕ ਡਾ. ਪ੍ਰਭਲੀਨ ਸਿੰਘ ਨੇ ਵੀ ਸ. ਤਰਲੋਚਨ ਸਿੰਘ ਦੇ ਜੀਵਨ ਦੇ ਵੱਖ-ਵੱਖ ਪਹਿਲੂਆਂ 'ਤੇ ਚਾਨਣਾ ਪਾਇਆ ਅਤੇ ਉਨ੍ਹਾਂ  ਨੂੰ ਸਿੱਖ ਧਰਮ ਦਾ ਵਿਸ਼ਵਕੋਸ਼ ਦਾ ਕਰਾਰ ਦਿੱਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ. ਐਸ.ਪੀ.ਸਿੰਘ ਓਬਰਾਏ, ਸਿਆਸਤਦਾਨ ਸ. ਬਲਵੰਤ ਸਿੰਘ ਰਾਮੂਵਾਲੀਆ, ਸਾਬਕਾ ਵਿੱਤ ਮੰਤਰੀ ਸ. ਪਰਮਿੰਦਰ ਸਿੰਘ ਢੀਂਡਸਾ, ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ, ਸਾਬਕਾ ਵਿਧਾਇਕ ਸ. ਕੰਵਰ ਸੰਧੂ ਤੇ ਹੋਰ ਵੱਖ-ਵੱਖ ਸਖਸ਼ੀਅਤਾਂ ਹਾਜ਼ਰ ਸਨ।

Have something to say? Post your comment

 

More in Chandigarh

ਸਰਹੱਦੀ ਜਿਲ੍ਹਿਆਂ ਦੀ ਜ਼ਮੀਨ ਨੂੰ ਸਿਲਟ ਮੁਕਤ ਕਰਨ ਲਈ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਕੇਂਦਰ ਨੂੰ ਆਰ.ਕੇ.ਵੀ.ਵਾਈ ਯੋਜਨਾ ਤਹਿਤ 151 ਕਰੋੜ ਜਾਰੀ ਕਰਨ ਦੀ ਅਪੀਲ

ਪੰਜਾਬ ਸਰਕਾਰ ਦੇ ਯਤਨਾਂ ਨਾਲ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਲੀਹ 'ਤੇ ਪੈਣ ਲੱਗੀ ਜ਼ਿੰਦਗੀ

ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਮਨੁੱਖੀ ਸਿਹਤ ਤੇ ਜਾਨਵਰਾਂ ਦੀ ਤੰਦਰੁਸਤੀ ਲਈ ਪ੍ਰਸ਼ਾਸਨ ਨੂੰ ਸਖ਼ਤ ਹਦਾਇਤ

ਲਾਲਜੀਤ ਸਿੰਘ ਭੁੱਲਰ ਵੱਲੋਂ ਕੈਦੀਆਂ ਨੂੰ ਹੁਨਰ ਸਿਖਲਾਈ ਦੇਣ ਲਈ 11 ਜੇਲ੍ਹਾਂ ਵਿੱਚ ਆਈਟੀਆਈਜ਼ ਦਾ ਉਦਘਾਟਨ

'ਯੁੱਧ ਨਸ਼ਿਆਂ ਵਿਰੁੱਧ’ ਦੇ 199ਵੇਂ ਦਿਨ ਪੰਜਾਬ ਪੁਲਿਸ ਵੱਲੋਂ 359 ਥਾਵਾਂ 'ਤੇ ਛਾਪੇਮਾਰੀ; 86 ਨਸ਼ਾ ਤਸਕਰ ਕਾਬੂ

ਹੈਪੀ ਫੋਰਜਿੰਗਜ਼ ਲਿਮਟਿਡ ਪੰਜਾਬ ਵਿੱਚ 1000 ਕਰੋੜ ਰੁਪਏ ਦਾ ਨਿਵੇਸ਼ ਕਰੇਗੀ: ਕੈਬਨਿਟ ਮੰਤਰੀ ਸੰਜੀਵ ਅਰੋੜਾ

ਮੁੱਖ ਸਕੱਤਰ ਵੱਲੋਂ ਡਿਪਟੀ ਕਮਿਸ਼ਨਰਾਂ ਅਤੇ ਨਗਰ ਨਿਗਮ ਕਮਿਸ਼ਨਰਾਂ ਨੂੰ ਅਗਾਮੀ ਜਨਗਣਨਾ ਲਈ ਸੁਚਾਰੂ ਤਿਆਰੀਆਂ ਯਕੀਨੀ ਬਣਾਉਣ ਦੇ ਨਿਰਦੇਸ਼

ਪੰਜਾਬ ਰਾਜ ਖੁਰਾਕ ਕਮਿਸ਼ਨ ਵੱਲੋਂ ਸੋਸ਼ਲ ਆਡਿਟ, ਹੜ੍ਹਾਂ ਦੇ ਪ੍ਰਭਾਵ, ਪੋਸ਼ਣ ਯੋਜਨਾਵਾਂ ਅਤੇ ਖੇਤੀਬਾੜੀ ਸਮੱਗਰੀ ਦੀ ਸਪਲਾਈ ਬਾਰੇ ਵਿਸਥਾਰਿਤ ਚਰਚਾ

ਪੰਜਾਬ ਪੁਲਿਸ ਵੱਲੋਂ 5ਜੀ ਟੈਲੀਕਾਮ ਸਬੰਧੀ ਚੋਰੀਆਂ 'ਤੇ ਸਖ਼ਤ ਕਾਰਵਾਈ; 61 ਗ੍ਰਿਫ਼ਤਾਰ, 95 ਐਫਆਈਆਰਜ਼ ਦਰਜ

ਹੜ੍ਹਾਂ ਦੀ ਸਥਿਤੀ ਵਿੱਚ ਸੁਧਾਰ ਦੇ ਨਾਲ ਪੰਜਾਬ ਵਿੱਚ ਜਨ-ਜੀਵਨ ਮੁੜ ਲੀਹ 'ਤੇ ਪਰਤਿਆ : ਹਰਦੀਪ ਸਿੰਘ ਮੁੰਡੀਆਂ