Wednesday, September 17, 2025

Malwa

17 ਯੂਨੀਵਰਸਿਟੀਆਂ ਵਿੱਚੋਂ ਪੰਜਾਬੀ ਯੂਨੀਵਰਸਿਟੀ ਦੀਆਂ ਮੁਟਿਆਰਾਂ ਦੀ ਗਿੱਧੇ ਵਿੱਚ ਝੰਡੀ

November 30, 2023 04:47 PM
SehajTimes
ਪਟਿਆਲਾ : 17 ਯੂਨੀਵਰਸਿਟੀਆਂ ਦੇ ਮੁਕਾਬਲਿਆਂ ਵਿੱਚ ਪੰਜਾਬੀ ਯੂਨੀਵਰਸਿਟੀ ਦੀਆਂ ਮੁਟਿਆਰਾਂ ਦੀ ਗਿੱਧੇ ਵਿੱਚ ਝੰਡੀ ਰਹੀ। ਯੁਵਕ ਸੇਵਾਵਾਂ ਵਿਭਾਗ, ਪੰਜਾਬ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਸਾਹਿਬ ਵਿਖੇ ਕਰਵਾਏ ਜਾ ਰਹੇ 'ਪੰਜਾਬ ਰਾਜ ਅੰਤਰ-ਯੂਨੀਵਰਸਿਟੀ ਯੁਵਕ ਮੇਲਾ 2023' ਵਿੱਚ ਪੰਜਾਬੀ ਯੂਨੀਵਰਸਿਟੀ ਦੀ ਗਿੱਧੇ ਦੀ ਟੀਮ ਨੇ ਸੋਨ ਤਗ਼ਮਾ ਜਿੱਤ ਲਿਆ ਹੈ। ਡਾ. ਗਗਨ ਦੀਪ ਥਾਪਾ, ਇੰਚਾਰਜ, ਯੁਵਕ ਭਲਾਈ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਕੁੱਲ 24 ਮੁਕਾਬਲਿਆਂ ਵਿੱਚ ਇਨਾਮ ਪ੍ਰਾਪਤ ਕਰ ਲਏ ਹਨ।
 
 
ਉਨ੍ਹਾਂ ਦੱਸਿਆ ਕਿ ਇਸ ਯੁਵਕ ਮੇਲੇ ਵਿੱਚ ਪੰਜਾਬੀ ਯੂਨੀਵਰਸਿਟੀ ਦੀ ਪ੍ਰਤਿਨਿਧਤਾ ਕਰਦਿਆਂ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ ਨੇ  ਨੌ ਕਲਾ ਵੰਨਗੀਆਂ ਵਿੱਚ ਪਹਿਲਾ ਸਥਾਨ, ਨੌ ਕਲਾ ਵੰਨਗੀਆਂ ਵਿੱਚ ਦੂਜਾ ਸਥਾਨ ਅਤੇ ਛੇ ਕਲਾ ਵੰਨਗੀਆਂ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਲੋਕ ਗੀਤ, ਮਿਮਿੱਕਰੀ, ਰਵਾਇਤੀ ਲੋਕ ਗੀਤ (ਲੰਮੀਆਂ ਹੇਕਾਂ ਵਾਲੇ ਗੀਤ), ਕਢਾਈ,ਨਾਲਾ ਬਣਾਉਣਾ, ਫੋਟੋਗ੍ਰਾਫੀ਼,  ਕੋਲਾਜ ਅਤੇ ਵਾਰ ਗਾਇਨ ਵਿੱਚ ਪਹਿਲਾ ਸਥਾਨ ਜਦੋਂ ਕਿ ਰਵਾਇਤੀ ਪਹਿਰਾਵਾ, ਵਿਰਾਸਤੀ ਕੁਇਜ਼, ਮਿੱਟੀ ਦੇ ਖਿਡਾਉਣੇ, ਕਲਾਸੀਕਲ ਵੋਕਲ, ਮਹਿੰਦੀ, ਰੱਸਾ ਵੱਟਣਾ, ਲਘੂ ਫਿਲਮ, ਕਲੀ ਅਤੇ ਸਕਿੱਟ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ ਹੈ। ਪਰਾਂਦਾ ਬਣਾਉਣਾ, ਕਰੋਸ਼ੀਏ ਦੀ ਬੁਣਤੀ, ਪੀੜ੍ਹੀ ਬਣਾਉਣਾ, ਸੰਮੀ, ਕਵੀਸ਼ਰੀ ਅਤੇ ਸਟਿੱਲ ਲਾਈਫ਼ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ ਹੈ।
 
 
 
ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਇਸ ਪ੍ਰਾਪਤੀ ਉੱਤੇ ਸਾਰੇ ਵਿਦਿਆਰਥੀਆਂ ਅਤੇ ਵਿਸ਼ੇਸ਼ ਤੌਰ ਉੱਤੇ ਯੁਵਕ ਭਲਾਈ ਵਿਭਾਗ ਨੂੰ ਮੁਬਾਰਕ ਦਿੱਤੀ ਗਈ। ਉਨ੍ਹਾਂ ਇਸ ਮੇਲੇ ਵਿੱਚ ਸਾਰੇ ਨਤੀਜੇ ਆ ਜਾਣ ਉੱਤੇ ਸਾਰੇ ਕਲਾਕਾਰਾਂ ਨਾਲ਼ ਵੀਡੀਓ ਕਾਲ ਰਾਹੀਂ ਗੱਲ ਕਰਦਿਆਂ ਵਧਾਈ ਦਿੱਤੀ ਅਤੇ ਯੁਵਕ ਭਲਾਈ ਵਿਭਾਗ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ। ਇਸ ਮੌਕੇ ਉਨ੍ਹਾਂ ਏ.ਆਈ.ਯੂ., ਨਵੀਂ ਦਿੱਲੀ ਵੱਲੋਂ ਪੰਜਾਬੀ ਯੂਨੀਵਰਸਿਟੀ ਵਿੱਚ ਕਰਵਾਏ ਜਾਣ ਵਾਲ਼ੇ ਨੌਰਥ ਜ਼ੋਨ ਯੁਵਕ ਮੇਲੇ ਦੀਆਂ ਤਿਆਰੀਆਂ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ। ਜ਼ਿਕਰਯੋਗ ਹੈ ਕਿ ਇਸ ਮੇਲੇ ਵਿੱਚ ਸਮੁੱਚੇ ਉੱਤਰੀ ਭਾਰਤ ਦੀਆਂ ਯੂਨੀਵਰਸਿਟੀਆਂ ਵਿੱਚੋਂ ਜਿੱਤ ਕੇ ਆਏ ਵਿਦਿਆਰਥੀ ਕਲਾਕਾਰਾਂ ਦੇ ਮੁਕਾਬਲੇ ਹੋਣਗੇ।

Have something to say? Post your comment