Friday, May 17, 2024

National

ਜੀ-20 ਸੰਮੇਲਨ ਭਲਕੇ ਤੋਂ ਸ਼ੁਰੂ: ਵੱਖ ਵੱਖ ਦੇਸ਼ਾਂ ਦੇ ਪ੍ਰਤੀਨਿਧੀ ਪਹੁੰਚੇ ਭਾਰਤ : ਪ੍ਰਧਾਨ ਮੰਤਰੀ ਨਾਲ ਹੋਵੇਗੀ ਦੁਵੱਲੀ ਗਲਬਾਤ

September 08, 2023 06:58 PM
SehajTimes

ਜੀ-20 ਸੰਮੇਲਨ ਭਲਕੇ ਤੋਂ ਸ਼ੁਰੂ ਹੋਵੇਗਾ ਅਤੇ ਸੰਮੇਲਨ ਵਿਚ ਸ਼ਮੂਲੀਅਤ ਕਰਨ ਲਈ ਵੱਖ ਵੱਖ ਦੇਸ਼ਾਂ ਦੇ ਪ੍ਰਤੀਨਿਧੀ ਭਾਰਤ ਪਹੁੰਚ ਚੁੱਕੇ ਹਨ।  ਦਿੱਲੀ ਵਿੱਚ 9 ਸਤੰਬਰ ਤੋਂ 10 ਸਤੰਬਰ ਤੱਕ ਹੋਣ ਵਾਲੇ ਜੀ-20 ਸੰਮੇਲਨ ਵਿੱਚ ਸ਼ਮੂਲੀਅਤ ਕਰਨ ਲਈ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਆਪਣੀ ਪਤਨੀ ਅਕਸ਼ਾ ਮੂਰਤੀ ਨਾਲ ਨਵੀਂ ਦਿੱਲੀ ਪਹੁੰਚ ਗਏ ਹਨ। ਪ੍ਰਧਾਨ ਮੰਤਰੀ ਬਣਨ ਤੋਂ ਪਹਿਲੀ ਵਾਰ ਭਾਰਤ ਪੁੱਜੇ ਰਿਸ਼ੀ ਸੁਨਕ ਦਾ ਸਵਾਗਤ ਕੇਂਦਰੀ ਰਾਜ ਮੰਤਰੀ ਅਸ਼ਵਨੀ ਚੌਬੇ ਨੇ ਕੀਤਾ। ਜ਼ਿਕਰਯੋਗ ਹੈ ਕਿ ਰਾਜਧਾਨੀ ਵਿੱਚ ਹੋ ਰਹੇ 2 ਦਿਨਾਂ ਜੀ-20 ਸੰਮੇਲਨ ਵਿੱਚ ਇਟਲੀ ਦੇ ਪ੍ਰਧਾਨ ਮੰਤਰੀ ਜਿਓਰਜੀਓ ਮੇਲੋਨੀ ਵੀ ਪਹੁੰਚ ਚੁੱਕੇ ਹਨ। ਭਾਰਤ ਸਰਕਾਰ ਵੱਲੋਂ ਜੀ-20 ਸੰਮੇਲਨ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਸੁਰੱਖਿਆ ਦੇ ਵੀ ਪੁਖਤਾ ਇੰਤਜ਼ਾਮ ਕੀਤੇ ਹੋਏ ਹਨ।
ਜ਼ਿਕਰਯੋਗ ਹੈ ਕਿ ਜਾਪਾਨ ਦੇ ਪ੍ਰਧਾਨ ਮੰਤਰੀ ਫ਼ੂਮਿਓ ਕਿਸ਼ਿਦਾ ਵੀ ਆਪਣੀ ਧਰਮਪਤਨੀ ਨਾਲ ਦਿੱਲੀ ਪੁੱਜ ਚੁੱਕੇ ਹਨ। ਪ੍ਰਾਪਤ ਹੋਈਆਂ ਖ਼ਬਰਾਂ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਅਮਰੀਕਾ, ਬੰਗਲਾਦੇਸ਼ ਅਤੇ ਮਾਰੀਸ਼ਸ ਨਾਲ ਦੁਵੱਲੀ ਗੱਲਬਾਤ ਕਰਨਗੇ। ਇਸ ਤੋਂ ਇਲਾਵਾ ਚੀਨ ਦੇ ਪ੍ਰਧਾਨ ਮੰਤਰੀ ਲੀ ਕਿਯਾਂਗ ਵੀ ਜੀ-20 ਸੰਮੇਲਨ ਵਿੱਚ ਸ਼ਾਮਲ ਹੋਣ ਲਈ ਅੱਜ ਦਿੱਲੀ ਪਹੁੰਚ ਜਾਣਗੇ ਇਥੇ ਇਹ ਜ਼ਿਕਰਯੋਗ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਜੋ ਬਿਡੇਨ ਸਮੇਤ ਯੂਏਈ ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜਾਏਦ ਅਲ ਨਾਹਯਾਨ ਵੀ ਅੱਜ ਭਾਰਤ ਪਹੁੰਚ ਜਾਣਗੇ।
ਇਸ ਤੋਂ ਇਲਾਵਾ ਅਫ਼ਰੀਕਨ ਯੂਨੀਅਨ ਦੀ ਚੇਅਰਪਰਸਨ ਅਜ਼ਲੀ ਅਸੌਮਨੀ ਵੀ ਜੀ-20 ਵਿੱਚ ਸ਼ਾਮਲ ਹੋਣ ਲਈ ਭਾਰਤ ਪਹੁੰਚ ਚੁੱਕੀ ਹੈ।

ਕੋਰੋਨਾ ਪੀੜਤ ਹੋਏ ਸਪੇਨ ਦੇ ਰਾਸ਼ਟਰਪਤੀ :

ਤਾਜ਼ਾ ਪ੍ਰਾਪਤ ਹੋਈਆਂ ਜਾਣਕਾਰੀਆਂ ਅਨੁਸਾਰ ਸਪੇਨ ਦੇ ਰਾਸ਼ਟਰਪਤੀ ਪੇਡਰੋ ਸਾਚੇਜ ਇਸ ਸੰਮੇਲਨ ਵਿਚ ਸ਼ਮੂਲੀਅਤ ਨਹੀਂ ਕਰਨਗੇ ਕਿਉਂਕਿ ਉਨ੍ਹਾਂ ਨੂੰ ਕੋਰੋਨਾ ਤੋਂ ਪੀੜਤ ਹੋਣ ਦਾ ਖ਼ਦਸ਼ਾ ਹੈ ਜਿਸ ਕਾਰਨ ਉਨ੍ਹਾਂ ਦੀ ਥਾਂ ਉਪ ਰਾਸ਼ਟਰਪਤੀ ਨਾਦੀਆ ਕੈਲਵਿਨੋ ਸਾਂਤਾਮਾਰੀਆ ਅਤੇ ਵਿਦੇਸ਼ ਮੰਤਰੀ ਜੋਸ ਮੈਨੁਅਲ ਅਲਬੇਰੇਸ ਸੰਮੇਲਨ ਵਿਚ ਸ਼ਮੂਲੀਅਤ ਕਰਨਗੇ।
ਅਰਜਨਟੀਨਾ ਦੇ ਰਾਸ਼ਟਰਪਤੀ ਅਲਬਰਟੋ ਫ਼ਰਨਾਂਡੀਜ਼ ਅਤੇ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਪਹਿਲਾਂ ਹੀ ਭਾਰਤ ਪਹੁੰਚ ਚੁੱਕੇ ਹਨ ਅਤੇ ਮਾਰੀਸ਼ਸ਼ ਦੇ ਪ੍ਰਧਾਨ ਮੰਤਰੀ ਪ੍ਰਵਿੰਦ ਜੁਗਨਾਥ ਅਤੇ ਨਾਈਜੀਰੀਆ ਦੇ ਰਾਸ਼ਟਰਪਤੀ ਅਹਿਮਦ ਤਿਨਬੂ ਵੀ ਸੰਮੇਲਨ ਵਿਚ ਸ਼ਾਮਲ ਹੋਣ ਲਈ ਭਾਰਤ ਪਹੁੰਚ ਚੁੱਕੇ ਹਨ।
ਜੀ-20 ਸੰਮੇਲਨ ਦੇ ਡਿਨਰ ਵਿਚ ਸ਼ਾਮਲ ਹੋਣ ਲਈ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਐਚ.ਡੀ. ਦੇਵਗੌੜਾ ਨੂੰ ਸੱਦਾ ਦਿੱਤਾ ਗਿਆ ਹੈ ਅਤੇ ਐਚ.ਡੀ. ਦੇਵਗੌੜਾ ਨੇ ਖ਼ਰਾਬ ਸਿਹਤ ਦਾ ਹਵਾਲਾ ਦਿੰਦਿਆਂ ਪ੍ਰੋਗਰਾਮ ਵਿਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਹੈ।

Have something to say? Post your comment