ਸ੍ਰੀ ਅਨੰਦਪੁਰ ਸਾਹਿਬ : ਇੱਕ ਵਾਰ ਦੀ ਗੱਲ ਹੈ। ਦੂਰ ਦੇਸ਼ ਵਿੱਚ ਇੱਕ ਸੰਘਣਾ ਜੰਗਲ ਸੀ। ਉੱਥੇ ਬਹੁਤ ਸਾਰੇ ਰੁੱਖ ਸਨ। ਰੁੱਖਾਂ ਉੱਤੇ ਵੱਖ - ਵੱਖ ਕਿਸਮ ਦੇ ਪੰਛੀ ਰਹਿੰਦੇ ਸਨ। ਜੰਗਲ ਵਿੱਚ ਅਨੇਕਾਂ ਫਲਦਾਰ ਰੁੱਖ ਸਨ। ਪੰਛੀ ਮਿੱਠੇ ਫਲ ਖਾ ਕੇ ਖ਼ੁਸ਼ ਰਹਿੰਦੇ ਸਨ। ਉਸ ਤੋਂ ਥੋੜ੍ਹੀ ਦੂਰ ਹੀ ਇੱਕ ਨਦੀ ਵਗਦੀ ਸੀ। ਪੰਛੀਆਂ ਨੂੰ ਖਾਣ - ਪੀਣ ਲਈ ਸਭ ਕੁਝ ਬੜੇ ਆਰਾਮ ਨਾਲ਼ ਮਿਲ ਜਾਂਦਾ ਸੀ। ਉਨ੍ਹਾਂ ਦਾ ਜੀਵਨ ਬਹੁਤ ਖ਼ੁਸ਼ੀ ਭਰਿਆ ਸੀ , ਪਰ ਉੱਥੇ ਅਚਾਨਕ ਇੱਕ ਦਿਨ ਇੱਕ ਸੱਪ ਆ ਗਿਆ। ਉਹ ਪੰਛੀਆਂ ਦੇ ਰੁੱਖਾਂ ਦੇ ਨਜ਼ਦੀਕ ਹੀ ਰਹਿਣ ਲੱਗ ਪਿਆ।ਸੱਪ ਬਹੁਤ ਖ਼ਤਰਨਾਕ ਸੀ। ਉਹ ਅਕਸਰ ਰੁੱਖਾਂ 'ਤੇ ਚੜ੍ਹ ਜਾਂਦਾ ਸੀ ਤੇ ਪੰਛੀਆਂ ਦੇ ਆਲ੍ਹਣਿਆਂ ਵਿੱਚੋਂ ਅੰਡੇ ਤੇ ਪੰਛੀਆਂ ਦੇ ਬੱਚਿਆਂ ਨੂੰ ਖਾ ਜਾਂਦਾ ਸੀ। ਪੰਛੀਆਂ ਲਈ ਉੱਥੇ ਰਹਿਣਾ ਖਤਰੇ ਤੋਂ ਖਾਲੀ ਨਹੀਂ ਸੀ। ਉਨ੍ਹਾਂ ਨੇ ਉਸ ਜ਼ਹਿਰੀਲੇ ਸੱਪ ਨੂੰ ਅਜਿਹਾ ਨਾ ਕਰਨ ਲਈ ਬਹੁਤ ਸਮਝਾਇਆ , ਪਰ ਸੱਪ ਨੇ ਪੰਛੀਆਂ ਦੀ ਇੱਕ ਨਾ ਸੁਣੀ। ਪੰਛੀ ਸੱਪ ਤੋਂ ਬਹੁਤ ਤੰਗ - ਪ੍ਰੇਸ਼ਾਨ ਤੇ ਦੁਖੀ ਰਹਿਣ ਲੱਗ ਪਏ। ਸਮਾਂ ਬੀਤਦਾ ਗਿਆ। ਗਰਮੀਆਂ ਦੇ ਦਿਨ ਆ ਗਏ। ਇੱਕ ਦਿਨ ਆਕਾਸ਼ ਵਿੱਚ ਇੱਕ ਉੱਡਦੀ ਹੋਈ ਸੁੰਦਰ ਪਰੀ ਉਸ ਜੰਗਲ ਵਿੱਚ ਆਈ। ਉਹ ਗਰਮੀ ਤੋਂ ਵਿਆਕੁਲ ਸੀ। ਪਰੀ ਗਰਮੀ ਤੋਂ ਬਚਣ ਲਈ ਜੰਗਲ ਦੇ ਇੱਕ ਰੁੱਖ 'ਤੇ ਬੈਠ ਗਈ। ਕੁਝ ਸਮੇਂ ਬਾਅਦ ਪੰਛੀਆਂ ਦਾ ਰੌਲਾ ਸੁਣ ਕੇ ਪਰੀ ਪ੍ਰੇਸ਼ਾਨ ਹੋ ਗਈ। ਤਦ ਪਰੀ ਨੇ ਦੇਖਿਆ ਕਿ ਇੱਕ ਭਿਆਨਕ ਖ਼ਤਰਨਾਕ ਸੱਪ ਪੰਛੀਆਂ ਦੇ ਆਲ੍ਹਣਿਆਂ ਵਿੱਚੋਂ ਅੰਡੇ ਤੇ ਪੰਛੀਆਂ ਦੇ ਬੱਚਿਆਂ ਨੂੰ ਖਾ ਰਿਹਾ ਸੀ। ਇਹ ਸਭ ਦੇਖ ਕੇ ਪਰੀ ਬਹੁਤ ਦੁਖੀ ਹੋਈ ਤੇ ਪੰਛੀਆਂ ਦੀ ਚਿੰਤਾ ਨੂੰ ਸਮਝ ਗਈ। ਉਹ ਉੱਡ ਕੇ ਦੂਸਰੇ ਦਰੱਖਤ 'ਤੇ ਸੱਪ ਕੋਲ ਚਲੀ ਗਈ। ਉਸ ਨੇ ਸੱਪ ਨੂੰ ਪਿਆਰ ਨਾਲ਼ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਇਸ ਤਰ੍ਹਾਂ ਨਾ ਕਰਿਆ ਕਰੇ। ਪਰ ਸਮਝਣ ਦੀ ਥਾਂ ਸੱਪ ਹੋਰ ਗੁੱਸੇ ਵਿੱਚ ਆ ਗਿਆ। ਉਸ ਨੇ ਗੁੱਸੇ ਵਿੱਚ ਆ ਕੇ ਪਰੀ ਵੱਲ ਫੁੰਕਾਰਾ ਮਾਰਿਆ। ਪਰੀ ਤੁਰੰਤ ਦੂਰ ਉੱਡ ਗਈ। ਸੱਪ ਨੂੰ ਪਰੀ ਨੇ ਫਿਰ ਸਮਝਾਉਣਾ ਚਾਹਿਆ। ਪਰ ਉਸਨੇ ਪਰੀ ਦੀ ਇੱਕ ਨਾ ਸੁਣੀ। ਕੁੱਝ ਦੇਰ ਬਾਅਦ ਸੱਪ ਪੰਛੀਆਂ ਦੇ ਆਲ੍ਹਣਿਆਂ ਨੂੰ ਨੁਕਸਾਨ ਪਹੁੰਚਾਉਣ ਲੱਗ ਪਿਆ। ਪੰਛੀਆਂ ਨੇ ਪਰੀ ਨੂੰ ਮੱਦਦ ਕਰਨ ਲਈ ਬੇਨਤੀ ਕੀਤੀ। ਪਰੀ ਨੇ ਆਪਣੀ ਜਾਦੂਈ ਛੜੀ ਨਾਲ ਸੱਪ ਨੂੰ ਫੜ ਕੇ ਇੱਕ ਪਟਾਰੀ 'ਚ ਬੰਦ ਕਰ ਦਿੱਤਾ। ਸੱਪ ਹੁਣ ਆਪਣੀ ਗ਼ਲਤੀ 'ਤੇ ਪਛਤਾ ਰਿਹਾ ਸੀ। ਉਸ ਨੇ ਆਪਣੀ ਗਲਤੀ ਲਈ ਮੁਆਫ਼ੀ ਮੰਗੀ ਅਤੇ ਸਾਰੇ ਪੰਛੀਆਂ ਅਤੇ ਸੁੰਦਰ ਪਰੀ ਨਾਲ ਵਾਅਦਾ ਕੀਤਾ ਕਿ ਹੁਣ ਪੰਛੀਆਂ ਦੇ ਆਲ੍ਹਣਿਆਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਏਗਾ। ਪੰਛੀਆਂ ਅਤੇ ਪਰੀ ਨੂੰ ਸੱਪ 'ਤੇ ਤਰਸ ਆ ਗਿਆ। ਪਰੀ ਨੇ ਸੱਪ ਨੂੰ ਆਜ਼ਾਦ ਕਰ ਦਿੱਤਾ। ਸੱਪ ਵੀ ਪੰਛੀਆਂ ਦੇ ਆਲ੍ਹਣੇ ਤੋਂ ਦੂਰ ਜੰਗਲ ਵੱਲ ਚਲਾ ਗਿਆ। ਸਾਰੇ ਪੰਛੀਆਂ ਨੇ ਉਸ ਸੁੰਦਰ ਤੇ ਪਰਉਪਕਾਰੀ ਪਰੀ ਦਾ ਦਿਲੋਂ ਧੰਨਵਾਦ ਕੀਤਾ। ਹੁਣ ਪੰਛੀ ਪਹਿਲਾਂ ਵਾਂਗ ਖ਼ੁਸ਼ੀ - ਖ਼ੁਸ਼ੀ ਰਹਿਣ ਲੱਗ ਪਏ। ਸੁੰਦਰ ਪਰੀ ਵੀ ਆਪਣੀ ਮੰਜ਼ਿਲ ਵੱਲ ਉੱਡ ਗਈ।
ਸਿੱਖਿਆ :- ਪਿਆਰੇ ਬੱਚਿਓ ! ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਦੂਸਰਿਆਂ ਦਾ ਨੁਕਸਾਨ ਕਦੇ ਨਹੀਂ ਕਰਨਾ ਚਾਹੀਦਾ ਅਤੇ ਦੀਨ - ਦੁਖੀਆਂ ਦੀ ਹਮੇਸ਼ਾ ਮਦਦ ਕਰਨੀ ਚਾਹੀਦੀ ਹੈ।