ਉੱਘੇ ਅਦਾਕਾਰ ਆਸ਼ੂਤੋਸ਼ ਰਾਣਾ ਵੱਲੋਂ ਰਾਵਣ ਦੀ ਭੂਮਿਕਾ ਨੇ ਨਾਟਕ ਦੀ ਪੇਸ਼ਕਾਰੀ ਨੂੰ ਹੋਰ ਪ੍ਰਭਾਵਸ਼ਾਲੀ ਬਣਾਇਆ
ਮੰਤਰੀ ਸੌਂਦ ਨੇ ਦਰਸ਼ਕਾਂ ਵਿੱਚ ਬੈਠ ਕੇ ‘ਹਮਾਰੇ ਰਾਮ’ ਦੀ ਮਨਮੋਹਕ ਪੇਸ਼ਕਾਰੀ ਦਾ ਆਨੰਦ ਮਾਣਿਆ
ਕਿਹਾ, ਭਗਵੰਤ ਮਾਨ ਸਰਕਾਰ ਪੰਜਾਬ ਦੀ ਅਜੋਕੀ ਪੀੜ੍ਹੀ ਨੂੰ ਸੂਬੇ ਅਤੇ ਦੇਸ਼ ਦੇ ਅਮੀਰ ਵਿਰਸੇ ਨਾਲ ਜੋੜਨ ਲਈ ਵਚਨਬੱਧ
ਚੰਡੀਗੜ੍ਹ/ ਸਾਹਿਬਜ਼ਾਦਾ ਅਜੀਤ ਸਿੰਘ ਨਗਰ : ਪੰਜਾਬ ਸਰਕਾਰ ਵੱਲੋਂ ਸੂਬੇ ਦੇ 12 ਸ਼ਹਿਰਾਂ ਵਿੱਚ 41 ਮੁਫ਼ਤ ਨਾਟਕ ਪੇਸ਼ਕਾਰੀਆਂ ਕਰਵਾਉਣ ਦੀ ਲੜੀ ਤਹਿਤ ਅੱਜ ਮੋਹਾਲੀ ਦੇ ਅੰਬੇਡਕਰ ਆਡੀਟੋਰੀਅਮ, ਵਿਕਾਸ ਭਵਨ ਵਿਖੇ ਪ੍ਰਸਿੱਧ ਨਾਟਕ ‘ਹਮਾਰੇ ਰਾਮ’ ਦੀ 35ਵੀ ਪੇਸ਼ਕਾਰੀ ਕੀਤੀ ਗਈ। ਉੱਘੇ ਅਦਾਕਾਰ ਆਸ਼ੂਤੋਸ਼ ਰਾਣਾ ਦੀ ਪ੍ਰਭਾਵਸ਼ਾਲੀ ਭੂਮਿਕਾ ਨਾਲ ਸਜੀ ਇਸ ਪੇਸ਼ਕਾਰੀ ਨੇ ਭਰਪੂਰ ਆਡੀਟੋਰੀਅਮ ਵਿੱਚ ਮੌਜੂਦ ਦਰਸ਼ਕਾਂ ਨੂੰ ਮੰਤਰਮੁਗਧ ਕਰ ਦਿੱਤਾ। ਪੰਜਾਬ ਦੇ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ ਮੰਤਰੀ ਸ. ਤਰੁਨਪ੍ਰੀਤ ਸਿੰਘ ਸੌਂਦ ਨੇ ਖੰਨਾ ਹਲਕੇ ਤੋਂ ਆਏ ਦਰਸ਼ਕਾਂ ਦੇ ਨਾਲ ਬੈਠ ਕੇ ਮੋਹਾਲੀ ਵਿਖੇ ਹੋਈ ਇਸ ਪੇਸ਼ਕਾਰੀ ਦਾ ਆਨੰਦ ਮਾਣਿਆ। ਅੱਜ ਦੀ ਇਸ ਪੇਸ਼ਕਾਰੀ ਨਾਲ ਸੂਬੇ ਵਿੱਚ ਨਿਰਧਾਰਤ 41 ਵਿੱਚੋਂ 35 ਪੇਸ਼ਕਾਰੀਆਂ ਸਫ਼ਲਤਾਪੂਰਵਕ ਕਰਵਾਈਆਂ ਜਾ ਚੁੱਕੀਆਂ ਹਨ। ਇਸ ਮੌਕੇ ਮੰਤਰੀ ਸੌਂਦ ਨੇ ਕਿਹਾ ਕਿ ਇਸ ਉਪਰਾਲੇ ਦਾ ਉਦੇਸ਼ ਨਾਟਕ ਦੇ ਸ਼ਕਤੀਸ਼ਾਲੀ ਮਾਧਿਅਮ ਰਾਹੀਂ ਭਗਵਾਨ ਸ੍ਰੀ ਰਾਮ ਦੀਆਂ ਸਦੀਵੀ ਸਿੱਖਿਆਵਾਂ ਅਤੇ ਆਦਰਸ਼ਾਂ ਨੂੰ ਲੋਕਾਂ ਤੱਕ ਪਹੁੰਚਾਉਣਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਅਜਿਹੇ ਪ੍ਰੋਗਰਾਮਾਂ ਨੂੰ ਉਤਸ਼ਾਹਿਤ ਕਰਦੀ ਰਹੇਗੀ, ਜੋ ਲੋਕਾਂ ਨੂੰ ਭਾਰਤ ਦੀ ਅਮੀਰ ਅਧਿਆਤਮਿਕ ਅਤੇ ਸੱਭਿਆਚਾਰਕ ਵਿਰਾਸਤ ਨਾਲ ਜੋੜਦੇ ਹਨ। ਕਲਾਕਾਰਾਂ ਦਾ ਸਵਾਗਤ ਕਰਦਿਆਂ ਮੰਤਰੀ ਨੇ ਕਿਹਾ, “ਮੈਂ 150 ਕਲਾਕਾਰਾਂ ਦੀ ਪੂਰੀ ਟੀਮ ਦਾ ਪੰਜਾਬ ਦੀ ਇਸ ਪਵਿੱਤਰ ਅਤੇ ਸ਼ਾਨਾਮੱਤੀ ਧਰਤੀ ’ਤੇ ਦਿਲੋਂ ਸਵਾਗਤ ਕਰਦਾ ਹਾਂ। ਇਹ ਖੁਸ਼ੀ ਦੀ ਗੱਲ ਹੈ ਕਿ ਵੱਖ-ਵੱਖ ਧਰਮਾਂ ਨਾਲ ਸਬੰਧਤ ਲੋਕ ਇਸ ਸਮਾਗਮ ਵਿੱਚ ਇਕੱਠੇ ਸ਼ਾਮਲ ਹੋ ਰਹੇ ਹਨ, ਜੋ ਏਕਤਾ ਅਤੇ ਸਦਭਾਵਨਾ ਦੀ ਭਾਵਨਾ ਨੂੰ ਦਰਸਾਉਂਦਾ ਹੈ। ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੀ ਅਮੀਰ ਸੱਭਿਆਚਾਰਕ ਅਤੇ ਅਧਿਆਤਮਿਕ ਵਿਰਾਸਤ ਨਾਲ ਜੁੜੇ ਰਹਿਣਾ ਅਤੇ ਇਸ ਬਾਰੇ ਜਾਣੂ ਹੋਣਾ ਚਾਹੀਦਾ ਹੈ।”
ਰਾਮਾਇਣ ਦੀ ਸ਼ਾਨਾਮੱਤੀ ਨਾਟਕੀ ਪੇਸ਼ਕਾਰੀ‘ਹਮਾਰੇ ਰਾਮ’ ਰਾਮਾਇਣ ’ਤੇ ਆਧਾਰਿਤ ਇੱਕ ਵਿਸ਼ਾਲ ਨਾਟਕੀ ਪੇਸ਼ਕਾਰੀ ਹੈ, ਜੋ ਭਗਵਾਨ ਸ੍ਰੀ ਰਾਮ ਦੇ ਜੀਵਨ ਅਤੇ ਆਦਰਸ਼ਾਂ ਨੂੰ ਆਧੁਨਿਕ ਰੰਗਮੰਚੀ ਅੰਦਾਜ਼ ਵਿੱਚ ਪੇਸ਼ ਕਰਦੀ ਹੈ ਅਤੇ ਮਹਾਰਿਸ਼ੀ ਵਾਲਮੀਕਿ ਦੀ ਰਾਮਾਇਣ ਦੀ ਅਧਿਆਤਮਿਕ ਭਾਵਨਾ ਨਾਲ ਜੁੜੀ ਹੋਈ ਹੈ। ਗੌਰਵ ਭਾਰਦਵਾਜ ਵੱਲੋਂ ਨਿਰਦੇਸ਼ਿਤ ਅਤੇ ਫੈਲਿਸਿਟੀ ਥੀਏਟਰ ਵੱਲੋਂ ਪੇਸ਼ ਕੀਤੇ ਗਏ ਇਸ ਨਾਟਕ ਵਿੱਚ ਉੱਘੇ ਅਦਾਕਾਰ ਆਸ਼ੂਤੋਸ਼ ਰਾਣਾ ਨੇ ਰਾਵਣ ਦੀ ਭੂਮਿਕਾ ਨਿਭਾਈ ਹੈ। ਉਨ੍ਹਾਂ ਦੇ ਨਾਲ ਹੋਰ ਪ੍ਰਸਿੱਧ ਕਲਾਕਾਰਾਂ ਦੀ ਟੀਮ ਨੇ ਵੀ ਸ਼ਾਨਦਾਰ ਅਦਾਕਾਰੀ ਕੀਤੀ।
ਸ਼ਾਨਦਾਰ ਪੇਸ਼ਕਾਰੀ ਨੇ ਦਰਸ਼ਕਾਂ ਨੂੰ ਕੀਤਾ ਮੰਤਰਮੁਗਧਮੋਹਾਲੀ ਵਿਖੇ ਹੋਈ ਪੇਸ਼ਕਾਰੀ ਨੇ ਪਹਿਲੇ ਦ੍ਰਿਸ਼ ਤੋਂ ਲੈ ਕੇ ਅੰਤਿਮ ਪਰਦੇ ਤੱਕ ਦਰਸ਼ਕਾਂ ਨੂੰ ਆਪਣੇ ਨਾਲ ਜੋੜੀ ਰੱਖਿਆ। ਪ੍ਰਭਾਵਸ਼ਾਲੀ ਅਦਾਕਾਰੀ, ਸੰਵਾਦ, ਰੂਹਾਨੀ ਸੰਗੀਤ, ਸ਼ਾਨਦਾਰ ਦ੍ਰਿਸ਼ਾਂ ਅਤੇ ਵਿਸ਼ਾਲ ਮੰਚ ਸਜਾਵਟ ਦੇ ਸੁਮੇਲ ਨੇ ਦਰਸ਼ਕਾਂ ਲਈ ਇੱਕ ਪ੍ਰਭਾਵਸ਼ਾਲੀ ਅਤੇ ਅਧਿਆਤਮਿਕ ਅਨੁਭਵ ਸਿਰਜਿਆ। ਆਸ਼ੂਤੋਸ਼ ਰਾਣਾ ਵੱਲੋਂ ਰਾਵਣ ਦੀ ਭੂਮਿਕਾ ਦੀ ਪ੍ਰਭਾਵਸ਼ਾਲੀ ਪੇਸ਼ਕਾਰੀ ਨੂੰ ਦਰਸ਼ਕਾਂ ਵੱਲੋਂ ਵਾਰ-ਵਾਰ ਤਾੜੀਆਂ ਨਾਲ ਸਰਾਹਿਆ ਗਿਆ। ਪੂਰੀ ਕਲਾਕਾਰ ਟੀਮ ਨੇ ਰਾਮਾਇਣ ਦੇ ਪਾਤਰਾਂ ਨੂੰ ਬੇਹੱਦ ਪ੍ਰਭਾਵਸ਼ਾਲੀ ਢੰਗ ਨਾਲ ਜੀਵੰਤ ਕੀਤਾ। ਨਾਟਕ ਦੀ ਭਾਵਨਾਤਮਕ ਗਹਿਰਾਈ, ਅਧਿਆਤਮਿਕ ਮਾਹੌਲ ਅਤੇ ਕਲਾਤਮਕ ਪੇਸ਼ਕਾਰੀ ਨੇ ਦਰਸ਼ਕਾਂ ’ਤੇ ਡੂੰਘੀ ਛਾਪ ਛੱਡੀ।