‘ਜੀਵਨਜੋਤ 2.0’ ਤਹਿਤ ਸੜਕਾਂ ’ਤੇ ਭੀਖ ਮੰਗਣ ਵਾਲੀ ਬੱਚੀ ਤੋਂ ਲੈ ਕੇ ਸਥਾਈ ਪਰਿਵਾਰ ਤੱਕ ਦਾ ਸਫ਼ਰ, ਬਾਲ ਸੁਰੱਖਿਆ ਪ੍ਰਣਾਲੀ ਦੀ ਸਫ਼ਲਤਾ ਦਾ ਪ੍ਰਤੀਕ
ਡਾ. ਬਲਜੀਤ ਕੌਰ ਦਾ ਸੰਦੇਸ਼: ਹਰ ਬੱਚੇ ਨੂੰ ਪਿਆਰ, ਸੁਰੱਖਿਆ, ਸਿੱਖਿਆ ਅਤੇ ਸੁਪਨੇ ਪੂਰੇ ਕਰਨ ਦਾ ਮੌਕਾ ਮਿਲਣਾ ਉਸਦਾ ਅਧਿਕਾਰ
ਚੰਡੀਗੜ੍ਹ : ਪੰਜਾਬ ਸਰਕਾਰ ਦੀ ਬਾਲ-ਕੇਂਦਰਿਤ ਅਤੇ ਸੰਵੇਦਨਸ਼ੀਲ ਸੋਚ ਦਾ ਇੱਕ ਹੋਰ ਪ੍ਰੇਰਣਾਦਾਇਕ ਉਦਾਹਰਨ ਸਾਹਮਣੇ ਆਇਆ ਹੈ, ਜਿੱਥੇ ਸੜਕਾਂ ’ਤੇ ਅਸੁਰੱਖਿਅਤ ਹਾਲਾਤਾਂ ਵਿੱਚ ਜੀਵਨ ਬਤੀਤ ਕਰ ਰਹੀ ਇੱਕ ਨੰਨ੍ਹੀ ਬੱਚੀ ਨੂੰ ਹੁਣ ਇੱਕ ਪਿਆਰ ਭਰੇ ਅਤੇ ਸੁਰੱਖਿਅਤ ਪਰਿਵਾਰ ਦੀ ਛਾਂ ਮਿਲੀ ਹੈ। ਕਾਨੂੰਨੀ ਗੋਦ ਲੈਣ ਦੀ ਪ੍ਰਕਿਰਿਆ ਰਾਹੀਂ ਇਹ ਬੱਚੀ ਹੁਣ ਆਪਣੇ ਜੀਵਨ ਦੇ ਇੱਕ ਨਵੇਂ ਅਧਿਆਇ ਵਿੱਚ ਦਾਖ਼ਲ ਹੋ ਗਈ ਹੈ, ਜਿੱਥੇ ਉਸਨੂੰ ਪਿਆਰ, ਸਨੇਹ, ਸੁਰੱਖਿਆ ਅਤੇ ਬਿਹਤਰ ਭਵਿੱਖ ਦੀਆਂ ਸੰਭਾਵਨਾਵਾਂ ਮਿਲਣਗੀਆਂ। ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਉਦੇਸ਼ ਕੇਵਲ ਬੱਚਿਆਂ ਨੂੰ ਮੁਸ਼ਕਲ ਹਾਲਾਤਾਂ ਵਿਚੋਂ ਬਾਹਰ ਕੱਢਣਾ ਹੀ ਨਹੀਂ, ਸਗੋਂ ਉਨ੍ਹਾਂ ਨੂੰ ਸਨਮਾਨਪੂਰਨ ਜੀਵਨ, ਸੁਰੱਖਿਅਤ ਭਵਿੱਖ ਅਤੇ ਪਰਿਵਾਰਕ ਪਿਆਰ ਦਾ ਅਹਿਸਾਸ ਕਰਵਾਉਣਾ ਵੀ ਹੈ। ਡਾ. ਬਲਜੀਤ ਕੌਰ ਨੇ ਦੱਸਿਆ ਕਿ ਸਾਲ 2019 ਵਿੱਚ ਜਨਮੀ ਇਸ ਬੱਚੀ ਨੂੰ 19 ਨਵੰਬਰ 2024 ਨੂੰ ਪਟਿਆਲਾ ਦੇ ਲੀਲਾ ਭਵਨ ਇਲਾਕੇ ਤੋਂ ‘ਜੀਵਨਜੋਤ 2.0’ ਮੁਹਿੰਮ ਤਹਿਤ ਰੈਸਕਿਊ ਕੀਤਾ ਗਿਆ ਸੀ। ਡਾ. ਬਲਜੀਤ ਕੌਰ ਨੇ ਕਿਹਾ ਕਿ ਵਿਭਾਗ ਵੱਲੋਂ ਬਾਲ ਸੁਰੱਖਿਆ ਸੇਵਾਵਾਂ ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ ਤਾਂ ਜੋ ਹਰ ਲੋੜਵੰਦ ਬੱਚੇ ਨੂੰ ਸਮੇਂ ਸਿਰ ਸੰਭਾਲ, ਸੁਰੱਖਿਆ ਅਤੇ ਪੁਨਰਵਾਸ ਮਿਲ ਸਕੇ। “ਕਿਸੇ ਵੀ ਬੱਚੇ ਦਾ ਭਵਿੱਖ ਉਸਦੀ ਮਜ਼ਬੂਰੀਆਂ ਜਾਂ ਹਾਲਾਤਾਂ ਨਾਲ ਤੈਅ ਨਹੀਂ ਹੋਣਾ ਚਾਹੀਦਾ। ਸਾਡੀ ਜ਼ਿੰਮੇਵਾਰੀ ਸਿਰਫ਼ ਬੱਚੇ ਨੂੰ ਬਚਾਉਣ ਤੱਕ ਸੀਮਿਤ ਨਹੀਂ, ਸਗੋਂ ਉਸਨੂੰ ਪਿਆਰ, ਸੁਰੱਖਿਆ ਅਤੇ ਮੌਕਿਆਂ ਨਾਲ ਭਰਪੂਰ ਜੀਵਨ ਦੇਣਾ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਹਰ ਉਸ ਬੱਚੇ ਦੇ ਨਾਲ ਖੜ੍ਹੀ ਹੈ, ਜਿਸਨੂੰ ਸਹਾਰੇ ਅਤੇ ਸੰਭਾਲ ਦੀ ਲੋੜ ਹੈ,” ਡਾ. ਬਲਜੀਤ ਕੌਰ ਨੇ ਕਿਹਾ। ਇਹ ਸਫ਼ਲ ਗੋਦ ਲੈਣ ਦੀ ਕਹਾਣੀ ਇਸ ਗੱਲ ਦਾ ਪ੍ਰਤੀਕ ਹੈ ਕਿ ਸੰਵੇਦਨਸ਼ੀਲ ਸੋਚ, ਪ੍ਰਭਾਵਸ਼ਾਲੀ ਪ੍ਰਣਾਲੀ ਅਤੇ ਸਮੇਂ ਸਿਰ ਕੀਤੀ ਦਖ਼ਲਅੰਦਾਜ਼ੀ ਕਿਸੇ ਵੀ ਬੱਚੇ ਦੀ ਜ਼ਿੰਦਗੀ ਨੂੰ ਨਵੀਂ ਦਿਸ਼ਾ ਦੇ ਸਕਦੀ ਹੈ।