ਅੰਮ੍ਰਿਤਸਰ : ਚੀਫ਼ ਖ਼ਾਲਸਾ ਦੀਵਾਨ ਵਾਤਾਵਰਣ ਕਮੇਟੀ ਦੇ ਇੰਚਾਰਜ ਅਤੇ ਏਕਜੋਤ ਲੰਗਰ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਸ੍ਰ.ਅਵਤਾਰ ਸਿੰਘ ਘੁੱਲਾ ਦੀਆਂ ਨਿਸ਼ਕਾਮ ਸਮਾਜਿਕ ਅਤੇ ਵਾਤਾਵਰਣ ਸੰਭਾਲ ਸੇਵਾਵਾਂ ਦੇ ਮੱਦੇਨਜ਼ਰ ਸੁਤੰਤਰਤਾ ਦਿਵਸ ਤੇ ਫਿਰੋਜ਼ਪੁਰ ਵਿਖੇ ਆਯੋਜਿਤ ਰਾਜ ਪੱਧਰੀ ਸਮਾਗਮ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਸ੍ਰ.ਭਗਵੰਤ ਸਿੰਘ ਮਾਨ ਵੱਲੋਂ ਸਨਮਾਨ ਪੱਤਰ ਦੇ ਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਵੱਡੀ ਉਪਲਬਧੀ ਅਤੇ ਮਾਣਮੱਤੀ ਪ੍ਰਾਪਤੀ ਨੂੰ ਮੁੱਖ ਰੱਖਦਿਆਂ ਅੱਜ ਚੀਫ਼ ਖ਼ਾਲਸਾ ਦੀਵਾਨ ਮੁੱਖ ਦਫ਼ਤਰ ਵਿਖੇ ਦੀਵਾਨ ਪ੍ਰਬੰਧਕਾਂ ਵੱਲੋਂ ਸ੍ਰ.ਅਵਤਾਰ ਸਿੰਘ ਘੁੱਲਾ ਨੂੰ ਗੁਰੂ ਦੀ ਬਖਸਿ਼ਸ਼ ਸਿਰੋਪਾਓ ਪਾ ਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਡਾ.ਇੰਦਰਬੀਰ ਸਿੰਘ ਨਿੱਜਰ ਅਤੇ ਆਨਰੇਰੀ ਸਕੱਤਰ ਸ੍ਰ.ਰਮਣੀਕ ਸਿੰਘ ਨੇ ਵਧਾਈ ਦਿੰਦਿਆਂ ਕਿਹਾ ਕਿ ਸ੍ਰ.ਅਵਤਾਰ ਸਿੰਘ ਘੁੱਲਾ ਦੀਆਂ ਸੀ.ਕੇ.ਡੀ ਸਕੂਲਾਂ ਅਤੇ ਸ਼ਹਿਰ ਨੂੰ ਹਰਿਆ—ਭਰਿਆ ਬਣਾਉਣ, ਧਾਰਮਿਕ ਪ੍ਰੋਗਰਾਮਾਂ ਦੌਰਾਨ ਲੰਗਰ ਦੇ ਜੁੱਠੇ ਪਤਲਾਂ ਦੀ ਸੇਵਾ ਅਤੇ ਵਾਤਾਵਰਣ ਸੰਭਾਲ ਲਈ ਕੀਤੀਆਂ ਗਈਆਂ ਪਹਿਲ ਕਦਮੀਆਂ ਬੇਹੱਦ ਪ੍ਰੇਰਨਾਦਾਇਕ ਅਤੇ ਸ਼ਲਾਘਾਯੋਗ ਹਨ। ਉਹਨਾਂ ਨੇ ਕਿਹਾ ਕਿ ਗੁਰਬਾਣੀ ਦੇ ਸਿਧਾਂਤਾਂ ਤੇ ਚਲਦਿਆਂ ਸ੍ਰ.ਘੁੱਲਾ ਵੱਲੋਂ ਲੋਕਾਂ ਨੂੰ ਲੰਗਰ ਦੌਰਾਨ ਪਲਾਸਟਿਕ ਦੀ ਜਗ੍ਹਾਂ ਪੱਤਲਾਂ ਤੇ ਲੰਗਰ ਵਰਤਾਉਣ ਲਈ ਪ੍ਰੇਰਿਤ ਕਰਨ ਅਤੇ ਜੂਠੇ ਪੱਤਲਾਂ ਨੂੰ ਇੱਕਠਾ ਕਰਕੇ ਪਿੰਗਲਵਾੜਾ ਦੇ ਆਰਗੈਨਿਕ ਖੇਤੀ ਫਾਰਮ ਵਿਚ ਖਾਦ ਬਣਾਉਣ ਲਈ ਭੇਜਣ ਦੀ ਨਿਸ਼ਕਾਮ ਸੇਵਾ ਵਾਤਾਵਰਣ ਸੰਭਾਲ ਲਈ ਇਕ ਇਤਿਹਾਸਕ ਕਦਮ ਹੈ। ਇਹਨਾਂ ਵੱਲੋਂ ਦੀਵਾਨ ਅਤੇ ਸਮਾਜ ਪ੍ਰਤੀ ਨਿਭਾਈਆਂ ਜਾ ਰਹੀਆਂ ਨਿਸ਼ਕਾਮ ਸੇਵਾਵਾਂ ਤੇ ਚੀਫ਼ ਖ਼ਾਲਸਾ ਦੀਵਾਨ ਨੂੰ ਮਾਣ ਹੈ।
ਸਨਮਾਨ ਪ੍ਰਾਪਤ ਕਰਨ ਉਪਰੰਤ ਸ੍ਰ.ਅਵਤਾਰ ਸਿੰਘ ਘੁੱਲਾ ਨੇ ਦੀਵਾਨ ਅਹੁਦੇਦਾਰਾਂ ਅਤੇ ਪ੍ਰਬੰਧਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸਨਮਾਨ ਏਕਜੋਤ ਲੰਗਰ ਸੇਵਾ ਸੁਸਾਇਟੀ ਮੈਂਬਰਜ਼ ਸਾਹਿਬਾਨ ਦੀ ਜਿ਼ੰਮੇਵਾਰੀ ਨੂੰ ਹੋਰ ਵਧਾਉਦਾ ਹੈ। ਉਹਨਾਂ ਭਵਿੱਖ ਵਿਚ ਵੀ ਚੀਫ਼ ਖ਼ਾਲਸਾ ਦੀਵਾਨ ਦੇ ਸਹਿਯੋਗ ਨਾਲ ਵਾਤਾਵਰਣ ਦੀ ਸੰਭਾਲ ਅਤੇ ਸਮਾਜ ਸੇਵਾ ਦੇ ਕਾਰਜ ਨੂੰ ਹੋਰ ਵੀ ਉਤਸ਼ਾਹ ਨਾਲ ਨਿਭਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਡਾ.ਇੰਦਰਬੀਰ ਸਿੰਘ ਨਿੱਜਰ, ਮੀਤ ਪ੍ਰਧਾਨ ਸ੍ਰ.ਜਗਜੀਤ ਸਿੰਘ, ਆਨਰੇਰੀ ਸਕੱਤਰ ਸ੍ਰ.ਰਮਣੀਕ ਸਿੰਘ, ਮੈਂਬਰ ਚੀਫ਼ ਖ਼ਾਲਸਾ ਦੀਵਾਨ ਸ੍ਰ.ਸਰਜੋਤ ਸਿੰਘ ਸਾਹਨੀ ਸ੍ਰ.ਰਬਿੰਦਰਬੀਰ ਸਿੰਘ ਭੱਲਾ ਅਤੇ ਏਕਜੋਤ ਲੰਗਰ ਸੁਸਾਇਟੀ ਵੱਲੋਂ ਪ੍ਰਿੰਸੀਪਲ ਮੁਕੇਸ਼ ਅਗਰਵਾਲ, ਸ੍ਰ.ਕੁਲਜੀਤ ਸਿੰਘ, ਸ੍ਰ.ਮਨਜੀਤ ਸਿੰਘ ਅਤੇ ਹੋਰ ਸੁਸਾਇਟੀ ਮੈਂਬਰ ਮੌਜੂਦ ਸਨ।