ਅੰਮ੍ਰਿਤਸਰ : ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਦੇ ਵਿਭਾਗ ਆਫ਼ ਲਾਈਵਸਟਾਕ ਪ੍ਰੋਡਕਟਸ ਟੈਕਨਾਲੋਜੀ (ਐੱਲ. ਪੀ. ਟੀ.) ਵੱਲੋਂ ਇੰਡੀਅਨ ਮੀਟ ਸਾਇੰਸ ਐਸੋਸੀਏਸ਼ਨ (ਆਈ. ਐੱਮ. ਐੱਸ. ਏ.), ਹੈਦਰਾਬਾਦ ਦੇ ਸਹਿਯੋਗ ਨਾਲ ‘ਵਿਗਿਆਨਕ ਪਸ਼ੂ-ਪਾਲਣ ਪ੍ਰਬੰਧਨ ਰਾਹੀਂ ਫ਼ਾਰਮ ਦੀ ਮੁਨਾਫ਼ੇਦਾਰੀ ਵਧਾਉਣ’ ਵਿਸ਼ੇ ’ਤੇ ਰਾਸ਼ਟਰੀ ਵਰਕਸ਼ਾਪ ਕਰਵਾਈ ਗਈ। ਪ੍ਰੋਗਰਾਮ ਦੀ ਸ਼ੁਰੂਆਤ ਕਾਲਜ ਵਿਦਿਆਰਥੀਆਂ ਦੁਆਰਾ ਸ਼ਬਦ ਗਾਇਨ ਕਰਨ ਉਪਰੰਤ ਪ੍ਰਿੰਸੀਪਲ ਡਾ. ਐੱਚ. ਕੇ. ਵਰਮਾ ਵੱਲੋਂ ਆਏ ਮਹਿਮਾਨਾਂ ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਸਵਾਗਤ ਕੀਤਾ ਗਿਆ। ਇਸ ਮੌਕੇ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਪ੍ਰਿੰ: ਡਾ. ਵਰਮਾ ਨੇ ਆਯੋਜਕ ਵਿਭਾਗ ਵੱਲੋਂ ਵੈਟਰਨਰੀ ਪੇਸ਼ੇਵਰਾਂ ਅਤੇ ਵਿਦਿਆਰਥੀਆਂ ’ਚ ਵਿਗਿਆਨਕ ਗਿਆਨ ਅਤੇ ਹੁਨਰ ਵਿਕਸਿਤ ਕਰਨ ਲਈ ਅਜਿਹੇ ਪ੍ਰੋਗਰਾਮ ਕਰਵਾਉਣ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਵਿਭਾਗ ਦੇ ਮੁਖੀ ਡਾ. ਵੀ. ਵੀ. ਕੁਲਕਰਨੀ ਨੇ ਸਵਾਗਤੀ ਭਾਸ਼ਣ ਦਿੱਤਾ। ਇਸ ਮੌਕੇ ਵਿਭਾਗ ਆਫ਼ ਲਾਈਵਸਟਾਕ ਪ੍ਰੋਡਕਸ਼ਨ ਮੈਨੇਜਮੈਂਟ, ਵੈਟਰਨਰੀ ਕਾਲਜ, ਪੂਕੋਡੇ, ਕੇਰਲ ਤੋਂ ਮੁਖੀ ਡਾ. ਜੌਨ ਅਬ੍ਰਾਹਮ ਨੇ ‘ਨਵੀਨਤਾ, ਸਥਿਰਤਾ ਅਤੇ ਸਮਾਰਟ ਪ੍ਰਬੰਧਨ ਰਾਹੀਂ ਪਸ਼ੂ-ਪਾਲਣ ਪ੍ਰਬੰਧਨ ’ਚ ਬਦਲਾਅ’ ਵਿਸ਼ੇ ’ਤੇ ਵਿਸਥਾਰ ਨਾਲ ਚਾਨਣਾ ਪਾਇਆ। ਡਾ. ਵਰਮਾ ਨੇ ਕਿਹਾ ਕਿ ਵਰਕਸ਼ਾਪ ’ਚ ਅਕਾਦਮਿਕ ਮਾਹਿਰਾਂ, ਖੋਜਾਰਥੀਆਂ ਅਤੇ ਵਿਦਿਆਰਥੀਆਂ ਸਮੇਤ ਲਗਭਗ 90 ਵੈਟਰਨਰੀ ਡਾਕਟਰਾਂ ਨੇ ਭਾਗ ਲਿਆ। ਸਮਾਪਤੀ ਸੈਸ਼ਨ ਦੌਰਾਨ ਕਾਲਜ ਦੇ ਮੈਨੇਜਿੰਗ ਡਾਇਰੈਕਟਰ ਡਾ. ਐੱਸ. ਕੇ. ਨਾਗਪਾਲ ਨੇ ਸਨਮਾਨ ਭਾਸ਼ਣ ਦਿੰਦਿਆਂ ਗਿਆਨ ’ਚ ਨਿਰੰਤਰ ਵਾਧੇ ਅਤੇ ਅਪਡੇਟ ਰਹਿਣ ਲਈ ਭਵਿੱਖ ’ਚ ਵੀ ਅਜਿਹੀਆਂ ਹੋਰ ਸੰਵਾਦਾਤਮਕ ਵਰਕਸ਼ਾਪਾਂ ਕਰਵਾਉਣ ਦੀ ਲੋੜ ’ਤੇ ਜ਼ੋਰ ਦਿੱਤਾ। ਵਰਕਸ਼ਾਪ ਦੇ ਅੰਤ ’ਚ ਇੰਟਰਐਕਟਿਵ ਸੈਸ਼ਨ ਕਰਵਾਇਆ ਗਿਆ, ਜਿਸ ਦੌਰਾਨ ਵਿਦਿਆਰਥੀਆਂ ਨੇ ਮਾਹਿਰਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਵਿਗਿਆਨਕ ਪਸ਼ੂ-ਪਾਲਣ ਪ੍ਰਬੰਧਨ ਨਾਲ ਸਬੰਧਿਤ ਵੱਖ-ਵੱਖ ਪਹਿਲੂਆਂ ਬਾਰੇ ਮਾਹਿਰਾਂ ਤੋਂ ਜਾਣਕਾਰੀ ਪ੍ਰਾਪਤ ਕੀਤੀ। ਅੰਤ ’ਚ ਐੱਲ.ਪੀ.ਟੀ. ਸਹਾਇਕ ਪ੍ਰੋਫੈਸਰ ਡਾ. ਸਾਕਸ਼ੀ ਸ਼ਰਮਾ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ।