ਨਵਾਂਸ਼ਹਿਰ : ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ 11 ਅਗਸਤ ਨੂੰ ਕਰਵਾਈ ਜਾ ਮੈਰਾਥਨ ਦੌੜ ਦੀਆਂ ਤਿਆਰੀਆਂ ਦਾ ਜਾਇਜਾ ਲੈਣ ਲਈ ਵਧੀਕ ਡਿਪਟੀ ਕਮਿਸ਼ਨਰ (ਜ) ਸੰਜੀਵ ਸ਼ਰਮਾਂ ਵਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਨਵਾਂਸ਼ਹਿਰ ਵਿਖੇ ਵੱਖ-ਵੱਖ ਵਿਭਾਗਾਂ ਦੇ ਜ਼ਿਲ੍ਹਾ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਵਧੀਕ ਡਿਪਟੀ ਕਮਿਸ਼ਨਰ (ਜ) ਸੰਜੀਵ ਸ਼ਰਮਾਂ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਮੈਰਾਥਨ ਦੌੜ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਇਸ ਮੈਰਾਥਨ ਨੂੰ ਸਫ਼ਲ ਬਣਾਉਣ ਲਈ ਵੱਖ-ਵੱਖ ਅਧਿਕਾਰੀਆਂ ਦੀ ਡਿਊਟੀ ਲਗਾਈ ਗਈ ਹੈ। ਉਨ੍ਹਾਂ ਕਿਹਾ ਕਿ ਇਸ ਮੈਰਾਥਨ ਦਾ ਉਦੇਸ਼ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦੇ ਨਾਲ-ਨਾਲ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਸਮਾਨਤਾ, ਭਾਈਚਾਰਕ ਸਾਂਝ ਅਤੇ ਨਸ਼ਾ ਮੁਕਤ ਸਮਾਜ ਦੇ ਸੰਦੇਸ਼ ਨੂੰ ਘਰ-ਘਰ ਪਹੁੰਚਾਉਣਾ ਹੈ। ਵਧੀਕ ਡਿਪਟੀ ਕਮਿਸ਼ਨਰ(ਜ)ਨੇ ਦੱਸਿਆ ਕਿ ਮੈਰਾਥਨ 11 ਅਗਸਤ, 2026 ਦਿਨ ਮੰਗਲਵਾਰ ਨੂੰ ਸਵੇਰੇ 6:00 ਵਜੇ ਆਈ.ਟੀ.ਆਈ. ਗਰਾਊਂਡ ਨਵਾਂਸ਼ਹਿਰ ਤੋਂ ਸ਼ੁਰੂ ਹੋਵੇਗੀ। ਦੌੜ ਚੰਡੀਗੜ੍ਹ ਰੋਡ ਹੁੰਦੀ ਹੋਈ ਸ਼ੂਗਰ ਮਿੱਲ ਚੌਕ ਤੱਕ ਜਾਵੇਗੀ ਅਤੇ ਉੱਥੋਂ ਯੂ-ਟਰਨ ਲੈ ਕੇ ਵਾਪਸ ਆਈ.ਟੀ.ਆਈ. ਗਰਾਊਂਡ ਵਿਖੇ ਹੀ ਸਮਾਪਤ ਹੋਵੇਗੀ। ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ (ਪੇ.ਵਿਕਾਸ) ਅਵਨੀਤ ਕੌਰ, ਐਸ.ਡੀ.ਐਮ ਨਵਾਂਸ਼ਹਿਰ ਅਨਮਜਯੋਤ ਕੌਰ, ਸਹਾਇਕ ਕਮਿਸ਼ਨਰ ਜਨਰਲ ਰਮਨਜੀਤ, ਆਰ.ਟੀ.ਏ ਇੰਦਰਪਾਲ ਅਤੇ ਵੱਖ-ਵੱਖ ਵਿਭਾਗਾਂ ਦੇ ਜ਼ਿਲ੍ਹਾ ਅਧਿਕਾਰੀ ਹਾਜ਼ਰ ਸਨ।