ਡੇਰਾਬੱਸੀ (ਐਸ.ਏ.ਐਸ. ਨਗਰ) : ਪੰਜਾਬ ਸਰਕਾਰ, ਪੰਜਾਬ ਰਾਜ ਆਪਦਾ ਪ੍ਰਬੰਧਨ ਅਥਾਰਟੀ, ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਿਨਿਸਟ੍ਰੇਸ਼ਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਂਝੇ ਤੌਰ ’ਤੇ ਸ਼੍ਰੀ ਸੁਖਮਨੀ ਕਾਲਜ, ਡੇਰਾਬੱਸੀ ਵਿਖੇ ਕਰਵਾਇਆ ਗਿਆ ਸੱਤ ਰੋਜ਼ਾ ਯੁਵਾ ਆਪਦਾ ਮਿੱਤਰ ਟ੍ਰੇਨਿੰਗ ਪ੍ਰੋਗਰਾਮ ਸਫ਼ਲਤਾਪੂਰਵਕ ਸਮਾਪਤ ਹੋ ਗਿਆ। ਆਖਰੀ ਦਿਨ ਵਲੰਟੀਅਰਾਂ ਨੂੰ ਆਈ-ਕਾਰਡ ਅਤੇ ਸਰਟੀਫਿਕੇਟ ਵੰਡੇ ਗਏ। ਪ੍ਰੋਗਰਾਮ ਦਾ ਉਦੇਸ਼ ਨੌਜਵਾਨਾਂ ਨੂੰ ਐਮਰਜੈਂਸੀ ਸਹਾਇਤਾ ਪਹੁੰਚਣ ਤੋਂ ਪਹਿਲਾਂ ਸਥਾਨਕ ਪੱਧਰ ’ਤੇ ਆਪਦਾਵਾਂ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਤਿਆਰ ਕਰਨਾ ਸੀ। ਕੈਂਪ ਦੌਰਾਨ ਵਲੰਟੀਅਰਾਂ ਨੂੰ ਅੱਗ ਬੁਝਾਉਣ, ਹੜ੍ਹਾਂ ਤੇ ਮੌਨਸੂਨ ਦੌਰਾਨ ਸਾਵਧਾਨੀਆਂ, ਸੱਪਾਂ ਅਤੇ ਹੋਰ ਜ਼ਹਿਰੀਲੇ ਜੀਵਾਂ ਦੇ ਡੰਗ ਤੋਂ ਬਚਾਅ, ਮੁੱਢਲੀ ਸਹਾਇਤਾ ਅਤੇ ਵੱਖ-ਵੱਖ ਐਮਰਜੈਂਸੀ ਸਥਿਤੀਆਂ ਨਾਲ ਨਜਿੱਠਣ ਸਬੰਧੀ ਸਿਧਾਂਤਕ ਅਤੇ ਪ੍ਰੈਕਟੀਕਲ ਸਿਖਲਾਈ ਦਿੱਤੀ ਗਈ। ਇਸ ਤੋਂ ਇਲਾਵਾ ਰਸਾਇਣਕ, ਜੈਵਿਕ, ਪਰਮਾਣੂ ਅਤੇ ਰੇਡੀਓਲੋਜੀਕਲ ਖਤਰਿਆਂ ਅਤੇ ਨਸ਼ਿਆਂ ਵਿਰੁੱਧ ਜਾਗਰੂਕਤਾ ਬਾਰੇ ਵੀ ਜਾਣਕਾਰੀ ਦਿੱਤੀ ਗਈ। ਯੁਵਾ ਆਪਦਾ ਮਿੱਤਰ ਸਕੀਮ ਦੇ ਸੀਨੀਅਰ ਕੰਸਲਟੈਂਟ ਅਤੇ ਕੋਰਸ ਡਾਇਰੈਕਟਰ ਪ੍ਰੋ. ਯੋਗ ਸਿੰਘ ਭਾਟੀਆ ਨੇ ਕਿਹਾ ਕਿ ਅਜਿਹੇ ਪ੍ਰੈਕਟੀਕਲ ਟ੍ਰੇਨਿੰਗ ਪ੍ਰੋਗਰਾਮ ਭਵਿੱਖ ਵਿੱਚ ਭਾਈਚਾਰਿਆਂ ਨੂੰ ਆਪਦਾਵਾਂ ਦਾ ਆਤਮ-ਵਿਸ਼ਵਾਸ ਅਤੇ ਮਜ਼ਬੂਤੀ ਨਾਲ ਸਾਹਮਣਾ ਕਰਨ ਲਈ ਤਿਆਰ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣਗੇ।