ਬੰਗਾ : ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਰੋਟਰੀ ਕਲੱਬ ਬੰਗਾ ਦੇ ਸਹਿਯੋਗ ਨਾਲ ਸਾਬਕਾ ਫੌਜੀਆਂ ਦੀ ਭਲਾਈ ਲਈ ਭਾਰਤ ਸਰਕਾਰ ਵੱਲੋਂ ਚਲਾਈ ਜਾਂਦੀ ਸਿਹਤ ਸਕੀਮ ਈ.ਸੀ.ਐਚ.ਐਸ. ਸਬੰਧੀ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਵੱਲੋਂ ਸਾਬਕਾ ਫੌਜੀਆਂ ਅਤੇ ਰੋਟਰੀ ਕਲੱਬ ਦੇ ਅਹੁਦੇਦਾਰਾਂ ਦਾ ਨਿੱਘਾ ਸਵਾਗਤ ਕਰਦੇ ਦੱਸਿਆ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਆਧੁਨਿਕ ਮੈਡੀਕਲ ਸਹੂਲਤਾਂ ਅਤੇ ਤਜਰਬੇਕਾਰ ਡਾਕਟਰਾਂ ਦੀ ਟੀਮ ਲੈਸ ਹੈ। ਦੇਸ਼ ਦੇ ਸਾਬਕਾ ਫੌਜੀ ਸਾਡੇ ਸਮਾਜ ਦਾ ਮਾਣ ਹਨ ਅਤੇ ਉਨ੍ਹਾਂ ਨੂੰ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨਾ ਸਾਡਾ ਫ਼ਰਜ਼ ਹੈ। ਡਾ. ਜਗਜੀਤ ਸਿੰਘ ਡੈਂਟਲ ਸਰਜਨ ਨੇ ਦੰਦਾਂ ਦੀਆਂ ਬਿਮਾਰੀਆਂ, ਮਸੂੜਿਆਂ ਦੀਆਂ ਸਮੱਸਿਆਵਾਂ, ਡੈਂਟਲ ਇੰਪਲਾਂਟ, ਰੂਟ ਕੈਨਾਲ ਇਲਾਜ ਅਤੇ ਮੂੰਹ ਦੀ ਸਫ਼ਾਈ ਦੀ ਮਹੱਤਤਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ ਨੇ ਦੱਸਿਆ ਕਿ ਈ.ਸੀ.ਐਚ.ਐਸ. ਸਿਹਤ ਸਕੀਮ ਦੇ ਅਧੀਨ ਸਾਬਕਾ ਫੌਜੀਆਂ ਨੂੰ ਕੈਸ਼ਲੈੱਸ ਇਲਾਜ ਅਤੇ ਮਾਹਿਰ ਡਾਕਟਰਾਂ ਦੀ ਸੇਵਾਵਾਂ ਮਿਲਦੀਆਂ ਹਨ। ਉਨ੍ਹਾਂ ਨੇ ਰਜਿਸਟ੍ਰੇਸ਼ਨ ਪ੍ਰਕਿਰਿਆ, ਇਲਾਜ ਸਬੰਧੀ ਲੋੜੀਂਦੇ ਦਸਤਾਵੇਜ਼ਾਂ ਬਾਰੇ ਵੀ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ। ਸੈਮੀਨਾਰ ਵਿਚ ਹਾਜ਼ਰ ਸਾਬਕਾ ਫੌਜੀਆਂ ਨੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵੱਲੋਂ ਸਾਬਕਾ ਫੌਜੀਆਂ ਦੀ ਭਲਾਈ ਕੀਤੇ ਇਸ ਉਦੱਮ ਦੀ ਸ਼ਲਾਘਾ ਕੀਤੀ।