ਸਾਹਿਬਜ਼ਾਦਾ ਅਜੀਤ ਸਿੰਘ ਨਗਰ : ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਜਾ ਰਹੇ ਸਮਾਗਮਾਂ ਦੀ ਲੜੀ ਤਹਿਤ ਅੱਜ ਮੋਹਾਲੀ ਬਲਾਕ ਦੇ ਪਿੰਡ ਕਲੋਲੀ ਜੱਟਾਂ ਅਤੇ ਕਲੋਲੀ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਦੇ ਜੀਵਨ, ਬਾਣੀ, ਫ਼ਲਸਫ਼ੇ ਅਤੇ ਸਮਾਜਿਕ ਬਰਾਬਰੀ ਪ੍ਰਤੀ ਉਨ੍ਹਾਂ ਦੇ ਮਹਾਨ ਯੋਗਦਾਨ ਨੂੰ ਦਰਸਾਉਂਦੀ ਵਿਸ਼ੇਸ਼ ਡਾਕੂਮੈਂਟਰੀ ਵਿਖਾਈ ਗਈ। ਇਸ ਮੌਕੇ ਪਿੰਡ ਵਾਸੀਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਦਿਆਂ ਡਾਕੂਮੈਂਟਰੀ ਨੂੰ ਬਹੁਤ ਹੀ ਰੁਚੀ ਨਾਲ ਦੇਖਿਆ। ਡਾਕੂਮੈਂਟਰੀ ਰਾਹੀਂ ਸ੍ਰੀ ਗੁਰੂ ਰਵਿਦਾਸ ਜੀ ਵੱਲੋਂ ਸਮਾਜ ਨੂੰ ਦਿੱਤੇ ਸਮਾਨਤਾ, ਭਾਈਚਾਰੇ, ਮਾਨਵਤਾ ਅਤੇ ਉੱਚ-ਨੀਚ ਦੇ ਭੇਦਭਾਵ ਤੋਂ ਰਹਿਤ ਸਮਾਜ ਦੀ ਸਿਰਜਣਾ ਦੇ ਸੰਦੇਸ਼ ਨੂੰ ਉਜਾਗਰ ਕੀਤਾ ਗਿਆ। ਇਸ ਦੌਰਾਨ ਹਾਜ਼ਰ ਅਧਿਕਾਰੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ ਜੀਵਨ ਅਤੇ ਸਿੱਖਿਆਵਾਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਸੂਬਾ ਭਰ ਵਿੱਚ ਅਜਿਹੀਆਂ ਡਾਕੂਮੈਂਟਰੀਆਂ ਦਾ ਪ੍ਰਦਰਸ਼ਨ ਕਰਵਾਇਆ ਜਾ ਰਿਹਾ ਹੈ, ਤਾਂ ਜੋ ਨੌਜਵਾਨ ਪੀੜ੍ਹੀ ਗੁਰੂ ਸਾਹਿਬ ਦੇ ਮਹਾਨ ਵਿਚਾਰਾਂ ਤੋਂ ਜਾਣੂ ਹੋ ਸਕੇ ਅਤੇ ਉਨ੍ਹਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਲਈ ਪ੍ਰੇਰਿਤ ਹੋਵੇ। ਇਸ ਮੌਕੇ ਪਿੰਡਾਂ ਦੇ ਪਤਵੰਤੇ, ਪੰਚਾਇਤ ਨੁਮਾਇੰਦੇ, ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।