ਸਾਹਿਬਜ਼ਾਦਾ ਅਜੀਤ ਸਿੰਘ ਨਗਰ : ਸੀਨੀਅਰ ਕਪਤਾਨ ਪੁਲਿਸ, ਐਸ.ਏ.ਐਸ ਨਗਰ ਸ੍ਰੀ ਹਰਮਨਦੀਪ ਸਿੰਘ ਹਾਂਸ ਆਈ.ਪੀ.ਐਸ. ਅਤੇ ਕਪਤਾਨ ਪੁਲਿਸ (ਦਿਹਾਤੀ) ਐਸ ਏ ਐਸ ਨਗਰ ਸ੍ਰੀ ਮਨਪ੍ਰੀਤ ਸਿੰਘ, ਕਪਤਾਨ ਪੁਲਿਸ (ਪੀ.ਬੀ.ਆਈ.) ਐਸ.ਏ.ਐਸ. ਨਗਰ ਮਿਸ ਦੀਪੀਕਾ ਸਿੰਘ ਦੀ ਯੋਗ ਅਗਵਾਈ ਹੇਠ ਅਤੇ ਉਪ ਕਪਤਾਨ ਪੁਲਿਸ ਸਬ-ਡਵੀਜਨ (ਖਰੜ-1) ਸ੍ਰੀ ਇੰਸ਼ਾਨ ਸਿੰਗਲਾ ਦੀ ਰਹਿਨੁਮਾਈ ਅਧੀਨ "ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਪਿੰਡ ਬੜਮਾਜਰਾ ਦੀ ਪੰਚਾਇਤ ਵੱਲੋਂ ਪੁਲਿਸ ਪ੍ਰਸਾਸਨ ਅਤੇ ਸਿਵਲ ਪ੍ਰਸਾਸ਼ਨ ਦੀ ਮੱਦਦ ਨਾਲ ਕਾਰਵਾਈ ਕਰਦੇ ਹੋਏ ਥਾਣਾ ਬਲੌਂਗੀ ਦੇ ਏਰੀਆ ਵਿੱਚ ਗਰਾਮ ਪੰਚਾਇਤ ਬੜਮਾਜਰਾ ਕਲੋਨੀ ਦੀ ਸ਼ਿਵ ਕਲੋਨੀ ਵਿੱਚ ਰਹਿੰਦੇ ਨਸ਼ਾ ਤਸਕਰ ਅਨਿਲ ਪੁੱਤਰ ਮੁੰਨਾ ਚੌਹਾਨ ਦੀ ਉਸਾਰੀ ਨੂੰ ਢਾਹਿਆ ਗਿਆ। ਡੀ ਐਸ ਪੀ ਇਸ਼ਾਨ ਸਿੰਗਲਾ ਅਨੁਸਾਰ ਉਕਤ ਦੋਸ਼ੀ ਨੂੰ ਪਹਿਲਾਂ ਵੀ ਕਈ ਵਾਰ ਨਸ਼ੇ ਦਾ ਗੈਰ ਕਾਨੂੰਨੀ ਧੰਦਾ ਕਰਨ ਤੋਂ ਰੋਕਿਆ ਗਿਆ ਹੈ ਪਰ ਇਹ ਨਹੀ ਰੁਕਿਆ ਅਤੇ ਆਪਣੇ ਮਕਾਨ ਨੂੰ ਨਸ਼ੇ ਦੇ ਅੱਡੇ ਵਜੋਂ ਵਰਤ ਕੇ ਗੈਰ ਕਾਨੂੰਨੀ ਧੰਦਾ ਚਲਾਉਂਦਾ ਹੈ। ਇਹ ਮਕਾਨ ਅਨਿਲ ਨੇ ਆਪਣੀ ਨਸ਼ੇ ਦੀ ਕਾਲੀ ਕਮਾਈ ਨਾਲ ਪੰਚਾਇਤੀ ਸ਼ਾਮਲਾਟ ਜਗ੍ਹਾ ਬੜਮਜਾਰਾ ਵਿਖੇ ਗੈਰ-ਕਾਨੂੰਨੀ ਢੰਗ ਨਾਲ ਕਬਜਾ ਕਰਕੇ ਬਣਾਇਆ ਸੀ। ਅਨਿਲ ਖਿਲਾਫ ਮੁਕੱਦਮਾ ਨੰਬਰ 183 ਮਿਤੀ 10.07.2026 ਅ/ਧ 21-61-85 ਐਨ.ਡੀ.ਪੀ.ਐਸ. ਐਕਟ ਥਾਣਾ ਬਲੌਂਗੀ ਜ਼ਿਲ੍ਹਾ ਐਸ.ਏ.ਐਸ.ਨਗਰ ਦਰਜ ਹੈ ਅਤੇ ਇਸ ਸਮੇਂ ਜੇਲ੍ਹ ਵਿੱਚ ਬੰਦ ਹੈ। ਇਸ ਤੋਂ ਇਲਾਵਾ ਇਹ ਦੱਸਣ ਯੋਗ ਹੈ ਕਿ ਇੰਸਪੈਕਟਰ ਪੈਰੀਵਿੰਕਲ ਗਰੇਵਾਲ ਵੱਲੋਂ ਮੁੱਖ ਅਫਸਰ ਥਾਣਾ ਬਲੌਂਗੀ ਦੇ ਅਹੁਦੇ ਤੇ ਤਾਇਨਾਤ ਹੋਣ ਉਪਰੰਤ ਮਹੀਨਾ ਦਸੰਬਰ 2025 ਤੋਂ ਹੁਣ ਤੱਕ ਦੇ ਅਰਸੇ ਦੌਰਾਨ ਥਾਣਾ ਦੇ ਇਲਾਕਾ ਵਿੱਚ ਨਸ਼ਾ ਦੇ ਕੋਹੜ ਨੂੰ ਠੱਲ੍ਹ ਪਾਉਂਦੇ ਹੋਏ ਇਲਾਕਾ ਵਾਸੀਆਂ ਦੀ ਮੱਦਦ ਨਾਲ ਸੂਚਨਾ ਅਧਾਰ ਤੇ ਐਨ.ਡੀ.ਪੀ.ਐਸ ਐਕਟ ਤਹਿਤ ਹੁਣ ਤੱਕ 70 ਮੁਕੱਦਮੇ ਦਰਜ ਰਜਿਸਟਰ ਕੀਤੇ ਗਏ ਅਤੇ 103 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਜੇਲ ਪਹੁੰਚਾਇਆ ਗਿਆ। ਨਸ਼ੇ ਖਿਲਾਫ ਵਿੱਢੀ ਗਈ ਇਹ ਜੰਗ ਭਵਿੱਖ ਵਿੱਚ ਵੀ ਇਸੇ ਤਰਾ ਜਾਰੀ ਰਹੇਗੀ ਅਤੇ ਨਸ਼ਾ ਤਸਕਰਾਂ ਨਾਲ ਹੋਰ ਵੀ ਸਖਤੀ ਨਾਲ ਪੇਸ਼ ਆਇਆ ਜਾਵੇਗਾ।