ਡੇਰਾਬੱਸੀ(ਐੱਸ.ਏ.ਐੱਸ. ਨਗਰ) : ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਟੀ (ਐਨ.ਡੀ.ਐੱਮ.ਏ.) ਅਤੇ ਪੰਜਾਬ ਰਾਜ ਆਫ਼ਤ ਪ੍ਰਬੰਧਨ ਅਥਾਰਟੀ (ਐੱਸ.ਡੀ.ਐੱਮ.ਏ.) ਦੇ ਸਹਿਯੋਗ ਨਾਲ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਿਨਿਸਟ੍ਰੇਸ਼ਨ (ਮਗਸੀਪਾ) ਵੱਲੋਂ ਸ਼੍ਰੀ ਸੁਖਮਨੀ ਕਾਲਜ, ਡੇਰਾ ਬੱਸੀ ਵਿਖੇ ਕਰਵਾਇਆ ਜਾ ਰਿਹਾ ਯੁਵਾ ਆਪਦਾ ਮਿੱਤਰ ਟ੍ਰੇਨਿੰਗ ਪ੍ਰੋਗਰਾਮ ਸਫ਼ਲਤਾਪੂਰਵਕ ਜਾਰੀ ਹੈ। ਟ੍ਰੇਨਿੰਗ ਪ੍ਰੋਗਰਾਮ ਦੇ ਦੂਸਰੇ ਦਿਨ ਦੀ ਸ਼ੁਰੂਆਤ ਰਵਾਇਤੀ ਤੌਰ 'ਤੇ ਜੋਤ ਜਗਾ ਕੇ ਕੀਤੀ ਗਈ। ਮਗਸੀਪਾ ਦੇ ਇੰਸਟ੍ਰਕਟਰਾਂ ਨੇ ਵਲੰਟੀਅਰਾਂ ਨੂੰ ਸੀ.ਪੀ.ਆਰ. (ਕਾਰਡੀਓ ਪਲਮੋਨਰੀ ਰੀਸਸਿਟੇਸ਼ਨ) ਦੇ ਮਹੱਤਵ ਬਾਰੇ ਜਾਣੂ ਕਰਵਾਉਂਦਿਆਂ ਦਿਲ ਦੀ ਧੜਕਣ ਰੁਕਣ ਦੀ ਸਥਿਤੀ ਵਿੱਚ ਤੁਰੰਤ ਕੀਤੇ ਜਾਣ ਵਾਲੇ ਉਪਾਵਾਂ ਅਤੇ ਸੀ.ਪੀ.ਆਰ. ਦੇ ਸਹੀ ਤਰੀਕੇ ਦਾ ਵਿਹਾਰਕ ਪ੍ਰਦਰਸ਼ਨ ਵੀ ਕੀਤਾ। ਇਸ ਮੌਕੇ ਹੈੱਡ ਕੰਸਲਟੈਂਟ ਅਤੇ ਮਗਸੀਪਾ ਦੇ ਕੋਰਸ ਡਾਇਰੈਕਟਰ (ਯੁਵਾ ਆਪਦਾ ਮਿੱਤਰ ਸਕੀਮ) ਡਾ. ਪ੍ਰੋ. ਯੋਗ ਭਾਟੀਆ ਨੇ ਕਿਹਾ ਕਿ ਇਸ ਟ੍ਰੇਨਿੰਗ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਆਫ਼ਤਾਂ ਦੌਰਾਨ ਤੁਰੰਤ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਸਹਾਇਤਾ ਪ੍ਰਦਾਨ ਕਰਨ ਲਈ ਸਮਰੱਥ ਬਣਾਉਣਾ ਹੈ ਤਾਂ ਜੋ ਐਮਰਜੈਂਸੀ ਸਥਿਤੀਆਂ ਵਿੱਚ ਜਾਨੀ ਨੁਕਸਾਨ ਨੂੰ ਘੱਟ ਤੋਂ ਘੱਟ ਕੀਤਾ ਜਾ ਸਕੇ।