ਨਵਾਂਸ਼ਹਿਰ : ਪਿੰਡ ਜਲਵਾਹਾ ਵਿਖੇ ਅੱਜ ਮਨੁੱਖਤਾ ਨੂੰ ਪੂਰੀ ਤਰ੍ਹਾਂ ਸ਼ਰਮਸਾਰ ਅਤੇ ਰੂਹ ਨੂੰ ਕੰਬਾਅ ਦੇਣ ਵਾਲੀ ਇੱਕ ਬਹੁਤ ਹੀ ਦਰਦਨਾਕ ਅਤੇ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਪਿੰਡ ਦੇ ਗੰਦੇ ਪਾਣੀ ਦੀ ਨਿਕਾਸੀ ਵਾਲੀ ਇੱਕ ਨਾਲੀ ਵਿੱਚੋਂ ਇੱਕ ਨਵ-ਜੰਮੇ ਬੱਚੇ ਦੀ ਲਾਸ਼ ਬਰਾਮਦ ਹੋਈ ਹੈ। ਇਸ ਘਟਨਾ ਦੀ ਖ਼ਬਰ ਪਿੰਡ ਅਤੇ ਆਲੇ-ਦੁਆਲੇ ਦੇ ਇਲਾਕੇ ਵਿੱਚ ਜੰਗਲ ਦੀ ਅੱਗ ਵਾਂਗ ਫੈਲ ਗਈ, ਜਿਸ ਕਾਰਨ ਪੂਰੇ ਖੇਤਰ ਵਿੱਚ ਸਨਸਨੀ ਦਾ ਮਾਹੌਲ ਬਣ ਗਿਆ ਅਤੇ ਹਰ ਅੱਖ ਨਮ ਨਜ਼ਰ ਆਈ। ਜਾਣਕਾਰੀ ਅਨੁਸਾਰ ਪਿੰਡ ਵਿੱਚ ਰੋਜ਼ਾਨਾ ਵਾਂਗ ਸਫ਼ਾਈ ਕਰਮਚਾਰੀਆਂ ਵੱਲੋਂ ਗਲੀਆਂ ਅਤੇ ਨਾਲੀਆਂ ਦੀ ਸਫ਼ਾਈ ਦਾ ਕੰਮ ਕੀਤਾ ਜਾ ਰਿਹਾ ਸੀ। ਜਦੋਂ ਸਫ਼ਾਈ ਕਰਮਚਾਰੀ ਨਾਲੀ ਵਿੱਚ ਜਮ੍ਹਾਂ ਹੋਏ ਕੂੜੇ-ਕਰਕਟ ਨੂੰ ਸਾਫ਼ ਕਰ ਰਹੇ ਸਨ, ਤਾਂ ਉਨ੍ਹਾਂ ਦੀ ਨਜ਼ਰ ਨਾਲੀ ਦੇ ਗੰਦੇ ਪਾਣੀ ਵਿੱਚ ਪਏ ਇੱਕ ਕੱਪੜੇ 'ਤੇ ਪਈ। ਜਦੋਂ ਉਨ੍ਹਾਂ ਨੇ ਨਜ਼ਦੀਕ ਹੋ ਕੇ ਦੇਖਿਆ ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ, ਕਿਉਂਕਿ ਉਸ ਨਾਲੀ ਵਿੱਚ ਇੱਕ ਨਵ-ਜੰਮੇ ਬੱਚੇ ਦੀ ਲਾਸ਼ ਪਈ ਹੋਈ ਸੀ। ਉਨ੍ਹਾਂ ਕਿਹਾ, "ਇੱਕ ਪਾਸੇ ਲੱਖਾਂ ਬੇਔਲਾਦ ਲੋਕ ਰੱਬ ਦੇ ਦਰ 'ਤੇ ਬੱਚੇ ਦੀ ਦਾਤ ਮੰਗਣ ਲਈ ਦਿਨ-ਰਾਤ ਦੁਆਵਾਂ ਕਰਦੇ ਹਨ ਅਤੇ ਮੱਥੇ ਟੇਕਦੇ ਹਨ, ਪਰ ਦੂਜੇ ਪਾਸੇ ਇਹ ਕਿਸ ਰਹਿਮਹੀਣ ਅਤੇ ਕਲਯੁਗੀ ਸੋਚ ਦਾ ਪਰਿਵਾਰ ਹੋਵੇਗਾ, ਜਿਸ ਨੇ ਆਪਣੇ ਹੀ ਖ਼ੂਨ ਨੂੰ ਜਨਮ ਦਿੰਦਿਆਂ ਸਾਰ ਹੀ ਗੰਦੀ ਨਾਲੀ ਵਿੱਚ ਸੁੱਟ ਕੇ ਅਜਿਹੀ ਘਿਨਾਉਣੀ ਦਰਿੰਦਗੀ ਨੂੰ ਅੰਜਾਮ ਦਿੱਤਾ ਹੈ।" ਚੇਅਰਮੈਨ ਸਤਨਾਮ ਸਿੰਘ ਜਲਵਾਹਾ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਬਾਰੀਕੀ ਅਤੇ ਉੱਚ ਪੱਧਰ 'ਤੇ ਜਾਂਚ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਅਜਿਹੇ ਗੁਨਾਹਗਾਰ ਸਮਾਜ ਵਿੱਚ ਰਹਿਣ ਦੇ ਲਾਇਕ ਨਹੀਂ ਹਨ ਅਤੇ ਉਨ੍ਹਾਂ ਨੂੰ ਲੱਭ ਕੇ ਕਾਨੂੰਨ ਮੁਤਾਬਕ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਤਾਂ ਜੋ ਭਵਿੱਖ ਵਿੱਚ ਕੋਈ ਅਜਿਹਾ ਕਰਨ ਦੀ ਹਿੰਮਤ ਨਾ ਕਰ ਸਕੇ। ਇਸ ਮੌਕੇ ਪਿੰਡ ਦੇ ਵੱਡੀ ਗਿਣਤੀ ਵਿੱਚ ਪਤਵੰਤੇ ਸੱਜਣ ਅਤੇ ਨਿਵਾਸੀ ਹਾਜ਼ਰ ਸਨ, ਜਿਨ੍ਹਾਂ ਨੇ ਇਸ ਘਟਨਾ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ।