ਮੋਗਾ : ਮੋਗਾ ਪੁਲਿਸ ਨੇ ਇੱਕ ਅੰਨ੍ਹੇ ਕਤਲ ਦੇ ਮਾਮਲੇ ਨੂੰ ਟਰੇਸ ਕਰਦੇ ਹੋਏ ਤਿੰਨ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਇਹ ਜਾਣਕਾਰੀ ਸੀਨੀਅਰ ਕਪਤਾਨ ਪੁਲਿਸ ਮੋਗਾ ਨੇ ਪ੍ਰੈਸ ਨੋਟ ਰਾਹੀਂ ਦਿੱਤੀ। ਪੁਲਿਸ ਅਨੁਸਾਰ 29 ਮਈ 2026 ਨੂੰ ਅਮਰਜੀਤ ਕੌਰ ਵਾਸੀ ਬੱਧਨੀ ਕਲਾਂ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸਦਾ ਪੁੱਤਰ ਅਰਸ਼ਦੀਪ ਸਿੰਘ ਉਰਫ਼ ਅਰਸ਼ ਵਿਰੁੱਧ ਵੱਖ-ਵੱਖ ਥਾਣਿਆਂ ਵਿੱਚ ਕੇਸ ਦਰਜ ਹੋਣ ਕਾਰਨ ਘਰ ਤੋਂ ਬਾਹਰ ਰਹਿੰਦਾ ਸੀ। ਉਸੇ ਦਿਨ ਨਾਹਰ ਸਿੰਘ ਵਾਸੀ ਬੱਧਨੀ ਕਲਾਂ ਨੇ ਸੂਚਨਾ ਦਿੱਤੀ ਕਿ ਪਿੰਡ ਕਪੂਰੇ ਨੇੜੇ ਅਣਪਛਾਤੇ ਵਿਅਕਤੀਆਂ ਨੇ ਗੋਲੀ ਮਾਰ ਕੇ ਅਰਸ਼ਦੀਪ ਸਿੰਘ ਦਾ ਕਤਲ ਕਰ ਦਿੱਤਾ। ਇਸ ਸਬੰਧੀ ਥਾਣਾ ਮਹਿਣਾ ਵਿੱਚ ਕਤਲ ਅਤੇ ਅਸਲਾ ਐਕਟ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਗਈ। ਐਸਪੀਡੀ ਮੋਗਾ ਅਤੇ ਡੀਐਸਪੀ ਪੱਧਰ ਦੇ ਅਧਿਕਾਰੀਆਂ ਦੀ ਨਿਗਰਾਨੀ ਹੇਠ ਸੀਆਈਏ ਸਟਾਫ਼ ਅਤੇ ਥਾਣਾ ਮਹਿਣਾ ਦੀਆਂ ਟੀਮਾਂ ਨੇ ਸੀਸੀਟੀਵੀ ਫੁਟੇਜ, ਵਿਗਿਆਨਕ ਅਤੇ ਤਕਨੀਕੀ ਤਰੀਕਿਆਂ ਦੀ ਮਦਦ ਨਾਲ ਜਾਂਚ ਕੀਤੀ। ਜਾਂਚ ਦੌਰਾਨ 2 ਜੂਨ ਨੂੰ ਜਗਜੀਤ ਸਿੰਘ ਉਰਫ਼ ਗੱਗੀ ਵਾਸੀ ਝੰਡੇਵਾਲਾ ਅਤੇ ਹਰਕਮਲਪ੍ਰੀਤ ਸਿੰਘ ਉਰਫ਼ ਬਿੱਲਾ ਵਾਸੀ ਬੱਧਨੀ ਖੁਰਦ ਨੂੰ ਨਾਮਜ਼ਦ ਕਰਕੇ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਨੇ ਦੋਸ਼ੀਆਂ ਕੋਲੋਂ ਵਾਰਦਾਤ ਵਿੱਚ ਵਰਤਿਆ ਗਿਆ ਇੱਕ ਪਿਸਤੌਲ ਅਤੇ ਇੱਕ ਹੀਰੋ ਸਪਲੈਂਡਰ ਮੋਟਰਸਾਈਕਲ ਬਰਾਮਦ ਕੀਤਾ ਹੈ। ਪੁੱਛਗਿੱਛ ਦੌਰਾਨ ਜਗਸੀਰ ਸਿੰਘ ਉਰਫ਼ ਲੱਭਾ ਵਾਸੀ ਪਿੰਡ ਕੁੱਸਾ ਦਾ ਨਾਮ ਵੀ ਸਾਹਮਣੇ ਆਇਆ, ਜਿਸ ਨੂੰ 3 ਜੂਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਿਸ ਨੇ ਤਿੰਨਾਂ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਹੈ। ਮਾਮਲੇ ਦੀ ਹੋਰ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।