ਚੋਗਾਵਾਂ/ਲੋਪੋਕੇ/ਅੰਮ੍ਰਿਤਸਰ : ਪੰਜਾਬ ਸਰਕਾਰ ਦੀ ਸਰਪ੍ਰਸਤੀ ’ਚ ਭਾਸ਼ਾ ਵਿਭਾਗ ਪੰਜਾਬ ਵੱਲੋਂ ਸਰਬਾਂਗੀ ਸਾਹਿਤਕਾਰ ਸ. ਗੁਰਬਖਸ਼ ਸਿੰਘ (ਪ੍ਰੀਤਲੜੀ) ਦਾ ਜਨਮ ਦਿਨ ਉਨ੍ਹਾਂ ਦੀ ਕਰਮਭੂਮੀ ਪ੍ਰੀਤਨਗਰ ਵਿਖੇ ਮਨਾਇਆ ਗਿਆ। ਜਿਸ ਮੌਕੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਸਾਹਿਤਕਾਰ ਤੇ ਸਾਹਿਤ ਰਸੀਏ ‘ਪ੍ਰੀਤ ਯਾਤਰਾ’ ਤਹਿਤ ਪਹੁੰਚੇ। ਇਸ ਮੌਕੇ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਅਤੇ ਵਿਦਵਾਨਾਂ ਵੱਲੋਂ ਉਨ੍ਹਾਂ ਦੀ ਯਾਦਾਂ ਸਾਂਝੀਆਂ ਕਰਨ ਦੇ ਨਾਲ-ਨਾਲ ਉਨ੍ਹਾਂ ਦੀ ਸਾਹਿਤ ਨੂੰ ਦੇਣ ਬਾਰੇ ਵੀ ਵਿਚਾਰਾਂ ਹੋਈਆਂ। ਪ੍ਰੀਤ ਭਵਨ ਵਿਖੇ ਹੋਏ ਸਮਾਗਮ ਦੌਰਾਨ ਸ੍ਰੀ ਕੇਵਲ ਧਾਲੀਵਾਲ ਦੁਆਰਾ ਤਿਆਰ ਕੀਤੀ ਦਸਤਾਵੇਜ਼ੀ ਫਿਲਮ ‘ਸੁਪਨਿਆਂ ਦੀ ਧਰਤੀ’ ਵੀ ਦਿਖਾਈ ਗਈ। ਵਿਭਾਗ ਦੇ ਡਾਇਰੈਕਟਰ ਸ. ਜਸਵੰਤ ਸਿੰਘ ਜ਼ਫ਼ਰ ਨੇ ਕਿਹਾ ਕਿ ਸ. ਗੁਰਬਖਸ਼ ਸਿੰਘ ਨੇ ਆਪਣੇ ਸਾਹਿਤ ਤੇ ਕਰਮ ਰਾਹੀਂ ਸਾਂਝ, ਸੋਹਜ, ਸੂਝ, ਸਚਾਈ, ਸਿਆਣਪ ਅਤੇ ਸ਼ਿਸਟਾਚਾਰ ਦਾ ਸੰਦੇਸ਼ ਦਿੱਤਾ। ਉਨ੍ਹਾਂ ਦੀ ਇਸੇ ਸੋਚ ’ਚੋਂ ਉਪਜਿਆ ਪ੍ਰੀਤਨਗਰ ਅਜ਼ਾਦੀ ਤੋਂ ਪਹਿਲਾਂ ਦੇ ਪੰਜਾਬ ਦੇ ਬਿਲਕੁਲ ਕੇਂਦਰ ਵਿੱਚ ਸੀ ਪਰ ਸੌੜੀ ਸਿਆਸੀ ਅਤੇ ਫਿਰਕੂ ਸੋਚ ਕਾਰਨ ਪੰਜਾਬ ਦਾ ਇਹ ਸ਼ਾਂਤੀ ਨਿਕੇਤਨ ਵਰਗਾ ਮਹੱਤਵ ਰੱਖਣ ਵਾਲਾ ਸਥਾਨ ਇੱਕ ਪੰਜਾਬ ਦੀ ਨੁੱਕਰੇ ਲੱਗ ਕੇ ਰਹਿ ਗਿਆ। ਸ. ਹਿਰਦੇਪਾਲ ਸਿੰਘ ਨੇ ਆਪਣੇ ਪਿਤਾ ਦੇ ਜੀਵਨ ਬਾਰੇ ਬੋਲਦਿਆਂ ਕਿਹਾ ਕਿ ਉਨ੍ਹਾਂ ਨੇ ਦੁਸ਼ਵਾਰ ਪ੍ਰਸਥਿਤੀਆਂ ਦੇ ਬਾਵਜੂਦ ਆਪਣੀ ਜ਼ਿੰਦਗੀ ਨੂੰ ਖੁਸ਼ਹਾਲ ਅਤੇ ਖੁਸ਼ਗਵਾਰ ਬਣਾਇਆ। ਉਨ੍ਹਾਂ ਦੀਆਂ ਘਰੋਗੀ ਹਾਲਤਾਂ ਕਿਸੇ ਪੱਖੋਂ ਵੀ ਸਾਜ਼ਗਾਰ ਨਹੀਂ ਸਨ ਪਰ ਉਹ ਫਿਰ ਵੀ ਅਮਰੀਕਾ ’ਚ ਜਾ ਕੇ ਪੜ੍ਹਾਈ ਕਰਨ ’ਚ ਸਫ਼ਲ ਰਹੇ ਅਤੇ ਹੋਰਨਾਂ ਲੋਕਾਂ ਦੀਆਂ ਰੀਝਾਂ ਦੀ ਪੂਰਤੀ ਲਈ ਕਾਰਜਸ਼ੀਲ ਰਹੇ। ਉਨ੍ਹਾਂ ਨੇ ਪ੍ਰੀਤ ਨਗਰ ਦੇ ਰੂਪ ’ਚ ਪੰਜਾਬ ਦਾ ਪਹਿਲਾ ਯੋਜਨਾਬੱਧ, ਸਮਾਜਿਕ ਤੇ ਸੱਭਿਆਚਾਰਕ ਪੱਖੋਂ ਅਮੀਰ ਨਗਰ ਵਸਾਇਆ। ਉਨ੍ਹਾਂ ਪ੍ਰੀਤਨਗਰ ’ਚ ਭਾਵੇਂ ਕੋਈ ਧਾਰਮਿਕ ਸਥਾਨ ਨਹੀਂ ਬਣਾਇਆ ਪਰ ਇਸ ਦੇ ਵਾਸੀ ਸਾਰੇ ਧਰਮਾਂ ਦੇ ਤਿਉਹਾਰ ਇਕੱਠੇ ਹੋ ਕੇ ਸਾਂਝੇ ਰੂਪ ’ਚ ਮਨਾਉਂਦੇ ਸਨ। ਉਹ ਕਿਸੇ ਨੂੰ ਵੀ ਅਸੀਸ ਨਹੀਂ ਦਿੰਦੇ ਸਨ ਪਰ ਅੱਗੇ ਵਧਣ ਲਈ ਥਾਪੜਾ ਜ਼ਰੂਰ ਦਿੰਦੇ ਸਨ। ਉਨ੍ਹਾਂ ਕਿਹਾ ਕਿ ਭਾਸ਼ਾ ਵਿਭਾਗ ਵੱਲੋਂ ਅੱਜ ਪ੍ਰੀਤ ਨਗਰ ਪੁੱਜ ਕੇ ਉਹਨਾਂ ਦਾ ਜਨਮ ਦਿਨ ਮਨਾਉਣਾ ਇਤਿਹਾਸਿਕ ਘਟਨਾ ਬਣ ਗਈ ਹੈ। ਪ੍ਰੋ. ਹਰਭਜਨ ਸਿੰਘ ਭਾਟੀਆ ਨੇ ‘ਗੁਰਬਖਸ਼ ਸਿੰਘ ਪ੍ਰੀਤਲੜੀ ਹੋਣ ਦਾ ਮਹੱਤਵ ਵਿਸ਼ੇ ’ਤੇ ਬੋਲਦਿਆ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਅਸੀਂ ਜੋ ਸੋਚਦੇ ਹਾਂ, ਜੋ ਬੋਲਦੇ ਹਾਂ, ਜੋ ਦੇਖਦੇ ਹਾਂ ਤੇ ਜੋ ਕਰਦੇ ਹਾਂ ਉਸ ਵਿੱਚ ਢੇਰ ਅੰਤਰ ਹੁੰਦਾ ਹੈ, ਪਰ ਸ. ਗੁਰਬਖਸ਼ ਸਿੰਘ ਇਸ ਦੇ ਉਲਟ ਸਨ ਉਹ ਜੋ ਸੋਚਦੇ, ਦੇਖਦੇ, ਬੋਲਦੇ ਸੀ, ਉਸੇ ’ਤੇ ਅਮਲ ਕਰਦੇ ਸਨ। ਜੋ ਉਨ੍ਹਾਂ ਦੀ ਸ਼ਖ਼ਸੀਅਤ ਦਾ ਸਾਕਾਰਤਮਕ ਪਹਿਲੂ ਸੀ। ਉਨ੍ਹਾਂ ਦੱਸਿਆ ਕਿ 1970 ਵਿੱਚ ਪ੍ਰੀਤਲੜੀ ਰਸਾਲੇ ਦੀਆਂ 18 ਹਜ਼ਾਰ ਕਾਪੀਆਂ ਛਪਦੀਆਂ ਸਨ। ਜੋ ਕਿ ਇੱਕ ਬਹੁਤ ਵੱਡਾ ਕੀਰਤੀਮਾਨ ਹੈ। ਉਨ੍ਹਾਂ ਨੇ ਚੀਨੀ, ਯੂਨਾਨੀ, ਜੈਨੀ, ਬੁੱਧ ਅਤੇ ਗੁਰੂ ਸਾਹਿਬਾਨਾਂ ਦੀ ਫਿਲਾਸਫੀ ਨੂੰ ਆਤਮਸਾਥ ਕੀਤਾ, ਜਿਸ ਕਰਕੇ ਉਨ੍ਹਾਂ ਦੀਆਂ ਲਿਖਤਾ ’ਚ ਪ੍ਰੀਤ, ਸਦਾਚਾਰ ਤੇ ਸਾਂਝੀਵਾਲਤਾ ਦਾ ਬੋਲ ਬਾਲਾ ਹੈ। ਉਹਨਾਂ ਨੇ ਪਹਿਲਾਂ ਅੰਗਰੇਜ਼ੀ ’ਚ ਲਿਖਣਾ ਸ਼ੁਰੂ ਕੀਤਾ ਫਿਰ ਆਪਣੇ ਲੋਕਾਂ ਲਈ ਪੰਜਾਬੀ ‘ਚ ਲਿਖਣ ਲਈ ਪੰਜਾਬੀ ਸਿੱਖੀ। ਉਨ੍ਹਾਂ ਨੇ ਆਪਣੇ ਜੀਵਨ ਦੌਰਾਨ 31 ਨਿਬੰਧਾਂ ਦੀਆਂ ਪੁਸਤਕਾਂ, 4 ਜੀਵਨੀਆਂ/ ਯਾਦਾਂ ਨਾਲ ਸਬੰਧਤ, 14 ਕਹਾਣੀ ਸੰਗ੍ਰਹਿ, 14 ਨਾਟਕ, 5 ਅਨੁਵਾਦ ਅਤੇ ਬਾਲ ਸਾਹਿਤ ਨਾਲ ਸਬੰਧਤ ਪੁਸਤਕਾਂ ਰਚੀਆਂ। ਇਸ ਮੌਕੇ ਉੱਘੇ ਸ਼ਾਇਰ ਵਿਜੇ ਵਿਵੇਕ ਨੇ ਕਿਹਾ ਕਿ ਪ੍ਰੀਤਲੜੀ ਅਜਿਹਾ ਰਸਾਲਾ ਸੀ ਜਿਸ ਦੀ ਇੱਕ-ਇੱਕ ਕਾਪੀ ਨੂੰ ਪਿੰਡਾਂ-ਸ਼ਹਿਰਾਂ 7-8 ਪਾਠਕ ਪੜਦੇ ਸਨ ਜਿਨਾਂ ਵਿੱਚ ਗੁਰਦੁਆਰੇ ਦੇ ਗ੍ਰੰਥੀ, ਦੁਕਾਨਦਾਰ, ਆਜੜੀ, ਕਿਸਾਨ ਤੇ ਗ੍ਰਹਿਣੀਆਂ, ਅਧਿਆਪਕ ਸ਼ਾਮਿਲ ਸਨ। ਜਿਸ ਤੋਂ ਇਸ ਦੀ ਹਰਮਨ ਪਿਆਰਤਾ ਦਾ ਪਤਾ ਲੱਗਦਾ ਹੈ। ਕਹਾਣੀਕਾਰ ਦਰਸ਼ਨ ਜੋਗਾ ਨੇ ਕਿਹਾ ਭਾਸ਼ਾ ਵਿਭਾਗ ਨੇ ਬਹੁਤ ਸਾਰੇ ਲਿਖਾਰੀਆਂ ਤੇ ਸਾਹਿਤ ਰਸੀਆਂ ਦੀ ਪ੍ਰੀਤ ਨਗਰ ਦੇਖਣ ਦੀ ਰੀਝ ਪੂਰੀ ਕਰਨ ਦਾ ਸ਼ਲਾਘਾਯੋਗ ਕਾਰਜ ਕੀਤਾ ਹੈ। ਡਾ. ਲਕਸ਼ਮੀ ਨਰਾਇਣ ਭੀਖੀ ਨੇ ਕਿਹਾ ਉਨ੍ਹਾਂ ਵੱਲੋਂ ਲਿਖਿਆ ਸਾਹਿਤ ਕਰਮਾਂ-ਕਾਂਢਾਂ, ਪਾਖੰਡਾਂ ਤੇ ਅੰਧਵਿਸ਼ਵਾਸ਼ ਤੋਂ ਰਹਿਤ ਅਤੇ ਵਿਗਿਆਨਿਕ ਸੋਚ ਦਾ ਵਾਹਕ ਸੀ। ਸ. ਪ੍ਰੀਤਲੜੀ ਦੀ ਪੋਤ ਨੂੰਹ ਪੂਨਮ ਸਿੰਘ ਸੰਪਾਦਕ ਪ੍ਰੀਤਲੜੀ ਨੇ ਭਾਸ਼ਾ ਵਿਭਾਗ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਵਿਭਾਗ ਵੱਲੋਂ ਬੁਲਾਰਿਆਂ ਤੇ ਮਹਿਮਾਨਾਂ ਦਾ ਪੁਸਤਕਾਂ ਦੇ ਸੈੱਟਾਂ ਤੇ ਸ਼ਾਲਾਂ ਨਾਲ ਸਨਮਾਨਿਤ ਕੀਤਾ। ਪੰਜਾਬੀ ਰਸਾਲੇ ‘ਅੱਖਰ’ ਦਾ ਨਵਾਂ ਅੰਕ ਵੀ ਲੋਕ ਅਰਪਣ ਕੀਤਾ ਗਿਆ। ਮੰਚ ਸੰਚਾਲਨ ਖੋਜ ਅਫ਼ਸਰ ਡਾ. ਮਨਜਿੰਦਰ ਸਿੰਘ ਨੇ ਕੀਤਾ। ਇਸ ਮੌਕੇ ਜ਼ਿਲ੍ਹਾ ਭਾਸ਼ਾ ਅਫ਼ਸਰ ਮਾਨਸਾ ਡਾ. ਤੇਜਿੰਦਰ ਕੌਰ ਤੇ ਮਨਜੀਤ ਪੁਰੀ ਫਰੀਦਕੋਟ, ਬਲਜਿੰਦਰ ਮਾਨ, ਪੱਤਰਕਾਰ ਬਲਵਿੰਦਰ ਧਾਲੀਵਾਲ, ਗੁਰਚੇਤ ਫੱਤੇਵਾਲੀਆ, ਦਰਸ਼ਨ ਬਰੇਟਾ, ਜਗਦੀਸ਼ ਰਾਏ ਕੂਲਰੀਆਂ, ਕਮਲਜੀਤ ਨੀਲੋਂ, ਡਾ. ਬਲਵੀਰ ਕੌਰ ਪੰਧੇਰ, ਰੰਗਕਰਮੀ ਰਾਜੇਸ਼ ਸ਼ਰਮਾ, ਰਵਿੰਦਰ ਚੋਟ, ਹਰਪ੍ਰੀਤ ਰਾਣਾ, ਅੰਗਰੇਜ਼ ਸਿੰਘ, ਧਰਵਿੰਦਰ ਸਿੰਘ ਔਲਖ,ਅਵਤਾਰਜੀਤ, ਭਾਸ਼ੋ, ਡਾ. ਵੀਰਪਾਲ ਕੌਰ, ਪ੍ਰੀਤਮ ਸਿੰਘ ਜੌਹਲ, ਜਸਵੀਰ ਝੱਜ, ਗੁਰਿੰਦਰ ਗੈਰੀ, ਕਰਨੈਲ ਸਿੰਘ ਵਜ਼ੀਰਾਬਾਦੀ, ਗੁਰਚਰਨ ਕੌਰ ਕੋਚਰ, ਸੰਤ ਸਿੰਘ ਸੋਹਲ, ਅੰਮ੍ਰਿਤਪਾਲ ਕੌਰ, ਰਾਜਪਾਲ ਕੌਰ, ਬਲਵਿੰਦਰ ਭੱਟੀ, ਰਿਪਨਜੋਤ ਬੱਗਾ ਸੋਨੀ, ਅਨਿਲ ਕੁਮਾਰ ਗੋਇਲ, ਭੁਪਿੰਦਰਪ੍ਰੀਤ ਸਿੰਘ, ਸਰਬਜੀਤ ਗਿੱਲ, ਸੁਨੀਤਾ ਸਨੂ, ਕੁਮਾਰ ਜਗਦੇਵ ਆਦਿ ਸ਼ਾਮਲ ਹਨ। ਇਸ ਸਮਾਗਮ ਦਾ ਪ੍ਰਬੰਧ ਸਹਾਇਕ ਡਾਇਰੈਕਟਰ ਅਮਰਿੰਦਰ ਸਿੰਘ, ਖੋਜ ਅਫ਼ਸਰ ਗੁਰਪ੍ਰੀਤ ਮਾਨਸਾ, ਖੋਜ ਅਫ਼ਸਰ ਡਾ. ਇੰਦਰਜੀਤ ਸਿੰਘ ਅੰਮਿ੍ਤਸਰ, ਡਾ. ਸੰਤੋਖ ਸੁੱਖੀ, ਡਾ. ਸੁਖਦਰਸ਼ਨ ਸਿੰਘ ਚਹਿਲ, ਸਤਪਾਲ ਸਿੰਘ ਚਹਿਲ, ਡਾ. ਮਨਜਿੰਦਰ ਸਿੰਘ, ਖੋਜ ਸਹਾਇਕ ਹਰਪ੍ਰੀਤ ਸਿੰਘ, ਸ਼੍ਰੀਮਤੀ ਪੂਜਾ, ਸ਼੍ਰੀ ਵਿਨੋਦ ਕੁਮਾਰ,ਅੰਕੁਸ਼ ਕੁਮਾਰ, ਅਰੁਨ ਕੁਮਾਰ, ਤਰਲੋਕ ਨੇਗੀ, ਰਾਜਵਿੰਦਰ ਸਿੰਘ ਤੇ ਅਨਮੋਲ ਆਦਿ ਕਰ ਰਹੇ ਹਨ।