ਪਾਤੜਾਂ : ਸ੍ਰੀ ਅਕਾਲ ਤਖ਼ਤ ਸਾਹਿਬ ਸਮੁੱਚੀ ਦੁਨੀਆਂ ਵਿੱਚ ਜਿੱਥੇ ਹਰ ਧਰਮ ਵਿੱਚ ਬਹੁਤ ਵੱਡਾ ਸਤਿਕਾਰ ਰੱਖਦੇ ਹਨ ਉੱਥੇ ਹੀ ਸਿੱਖ ਕੋਮ ਦੀ ਸਰਵੋਤਮ ਅਦਾਲਤ ਹੈ ਜਿਸ ਦੇ ਫੈਸਲੇ ਨੂੰ ਕੋਈ ਸਿੱਖ ਨਹੀਂ ਮੋੜ ਸਕਦਾ ਪਰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੁਆਰਾ ਦੋ ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਤੋ ਜਾਰੀ ਹੋਏ ਹੁਕਮਾਂ ਨੂੰ ਸਾਜ਼ਿਸ਼ ਕਰਾਰ ਦੇਣਾ ਸ੍ਰੀ ਅਕਾਲ ਤਖ਼ਤ ਦੀ ਮਾਣ ਮਰਿਆਦਾ ਨੂੰ ਬਹੁਤ ਵੱਡੀ ਢਾਹ ਲਗਾਉਣਾ ਹੈ । ਜਿਸ ਨਾਲ ਸਮੁੱਚੇ ਧਰਮਾਂ ਦੀ ਸੰਗਤ ਦੇ ਦਿਲਾਂ ਨੂੰ ਠੇਸ ਪਹੁੰਚੀ ਹੈ । ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਮੁੱਖ ਬੁਲਾਰੇ ਵਰੁਣ ਕਾਂਸਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਨੌਜਵਾਨ ਆਗੂ ਵਰੁਣ ਕਾਂਸਲ ਨੇ ਕਿਹਾ ਹੈ ਕਿ ਸੂਬੇ ਦੀ ਸੱਤਾ ਹਾਸਲ ਕਰਨ ਲਈ ਸੁਖਬੀਰ ਸਿੰਘ ਬਾਦਲ ਦਾ ਮਾਨਸਿਕ ਸੰਤੁਲਨ ਵਿਗੜ ਗਿਆ ਹੈ ਜਿਸ ਕਰਕੇ ਉਹਨਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਾਣ ਮਰਿਆਦਾ ਤੱਕ ਦਾ ਕੋਈ ਖ਼ਿਆਲ ਨਹੀਂ ਹੈ । ਉਹਨਾਂ ਆਖਿਆ ਅਸੀਂ ਹਿੰਦੂ ਹੋਕੇ ਛੇਵੇਂ ਪਾਤਸ਼ਾਹ ਦੁਆਰਾ ਬਣਵਾਏ ਗਏ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਬਹੁਤ ਸ਼ਰਧਾ ਅਤੇ ਸਤਿਕਾਰ ਰੱਖਦੇ ਹਾਂ ਪਰ ਸਿੱਖ ਜਥੇਬੰਦੀਆਂ ਦਾ ਇਸ ਬੱਜਰ ਗੁਨਾਹ ਤੇ ਚੁੱਪ ਰਹਿਣਾ ਬਹੁਤ ਘਾਤਕ ਸਿੱਧ ਹੋ ਸਕਦਾ ਹੈ । ਪਹਿਲਾਂ ਜਥੇਦਾਰਾਂ ਨੂੰ ਅਹੁਦਿਆਂ ਤੋ ਫ਼ਾਰਗ ਕਰਕੇ ਕਿਰਦਾਰਕੁਸੀ ਕੀਤੀ ਗਈ ਅਤੇ ਹੁਣ ਹੁਕਮਨਾਮੇ ਨੂੰ ਹੀ ਸਾਜ਼ਿਸ਼ ਕਰਾਰ ਦੇ ਦਿੱਤਾ ਗਿਆ । ਉਹਨਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਸੁਖਬੀਰ ਸਿੰਘ ਬਾਦਲ ਨੂੰ ਇਸ ਬੱਜਰ ਗੁਨਾਹ ਲਈ ਤਲਬ ਕਰਨ। ਉਹਨਾਂ ਜੋਰ ਦੇਕੇ ਆਖਿਆ ਜੇਕਰ ਜਲਦੀ ਹੀ ਸੁਖਬੀਰ ਬਾਦਲ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਤਲਬ ਨਹੀਂ ਕੀਤਾ ਗਿਆ ਤਾਂ ਉਹ ਨੰਗੇ ਪੈਰੀਂ ਨੋਜਵਾਨਾਂ ਨੂੰ ਲਾਮਬੰਦ ਕਰਕੇ ਜਥੇਦਾਰ ਜੀ ਕੋਲ ਸ਼ਿਕਾਇਤ ਪੱਤਰ ਦੇਣ ਜਾਣਗੇ ।