ਇਹ ਗੱਲ ਅੱਜ ਤੋਂ ਕਰੀਬ 35 ਸਾਲ ਪਹਿਲਾ ਦੀ ਹੈ। ਉਦੋਂ ਮੇਰੀ ਪ੍ਰਸਿੰਨੀ ਭੂਆ ਕਰੀਬ 75 ਸਾਲ ਦੀ ਸੀ। ਬੜੀ ਕਾਮੀ ਸੀ ਭੂਆ,ਸਹੁਰਿਆਂ ਦੇ ਘਰ ਵੀ ਉਸਨੇ ਬਹੁਤ ਕੰਮ ਕੀਤਾ ਅਤੇ ਮੇਰੇ ਚਾਚੇ ਤਾਇਆ ਦੀਆਂ ਕੁੜੀਆਂ ਦੇ ਵਿਆਹ ਸਮੇਂ ਉਸਨੇ ਮਹੀਨਾ-ਮਹੀਨਾ ਪਹਿਲਾ ਹੀ ਆ ਜਾਣਾ,ਫਿਰ ਉਸਨੈ ਸਾਰੀਆਂ ਰਜਾਈਆ,ਗੁਦੈਲੇ ਹੱਥੀ ਨਗੰਦਣੇ ਅਤੇ ਵਿਆਹ ਵਾਲੀ ਭਾਜੀ ਮਿਠਾਈ ਵਾਸਤੇ ਛਿੱਕੂ (ਬੋਹਟੇ) ਹੱਥੀ ਬਣਾਉਣੇ,ਉਹ ਕਾਗਜ਼,ਗੱਤਾ ਅਤੇ ਗਾਚੀ ਭਿਉਂਕੇ ਰੱਖ ਦਿੰਦੀ ਜਦੋਂ ਉਹ ਚੰਗੀ ਤਰ੍ਹਾਂ ਭਿੱਜ ਜਾਂਦੇ ਜਾਂ ਗਲ਼ ਜਾਂਦੇ ਤਾਂ ਭੂਆ ਉਨ੍ਹਾਂ ਨੂੰ ਉੱਖਲੀ ਵਿੱਚ ਪਾ ਕੇ ਚੰਗੀ ਤਰ੍ਹਾਂ ਕੁੱਟਦੀ,ਫਿਰ ਤੌੜਾ (ਘੜਾ ) ਮੂਧਾ ਮਾਰਕੇ ਉਸ ਉੱਤੇ ਗੱਟੇ ਵਿਛਾਕੇ ਪੱਥਦੀ,ਚਾਰ ਪੰਜ ਦਿਨਾਂ ਮਗਰੋਂ ਉਨ੍ਹਾਂ ਨੂੰ ਸਿੱਧੇ ਕਰਕੇ ਉਨ੍ਹਾਂ ਉੱਪਰ ਰੰਗ ਬਰੰਗੀਆਂ ਵੇਲ੍ਹਾਂ ਬੂਟੀਆਂ ਪਾ ਕੇ ਬਹੁਤ ਸੁੰਦਰ ਬਣਾਂ ਦਿੰਦੀ,ਊਹ ਛਿੱਕੂ ਵਿਆਹ ਵਿੱਚ ਲੱਡੂ,ਜਲੇਬੀਆਂ ਅਤੇ ਹੋਰ ਮਿਠਾਈ ਪਾਉਣ ਦੇ ਕੰਮ ਆਉਂਦੇ। ਬਾਕੀ ਹੋਰ ਵੀ ਅਨੇਕਾਂ ਕੰਮ ਕਰਦੀ ਰਹਿੰਦੀ ਅਤੇ ਨਾਲੇ ਗੀਤ ਗਾਉਂਦੀ ਰਹਿੰਦੀ,ਭੂਆ ਪ੍ਰਸਿੰਨੀ ਦੇ ਸਹੁਰਿਆਂ ਦੇ ਘਰ ਖੇਤੀਬਾੜੀ ਅਤੇ ਪਸ਼ੂ ਡੰਗਰਾਂ ਦਾ ਵੀ ਖੁਲ੍ਹਾ ਡੁੱਲਾ ਕੰਮ ਧੰਦਾ ਸੀ। ਉਨ੍ਹਾਂ ਵੇਲਿਆਂ ਵਿੱਚ ਘਰਾਂ ਅਤੇ ਖੇਤੀ ਦੇ ਕੰਮ ਵੀ ਹੱਥੀ ਹੁੰਦੇ ਸੀ। ਬੜੀ ਭਾਗਾਂ ਵਾਲੀ ਸੀ ਪ੍ਰਸਿੰਨੀ ਭੂਆ।
ਭੂਆਂ ਅਕਸਰ ਦੱਸਦੀ ਕਿ ਉਹ ਕੁੱਕੜ ਦੇ ਬਾਂਗ ਦੇਣ ਅਤੇ ਗੁਰੂ ਘਰਾਂ ਵਿੱਚ ਪਾਠੀ ਬੋਲਣ ਦੇ ਨਾਲ ਹੀ ਮੰਜੇ ਤੋਂ ਉੱਠ ਖੜਦੀ ਹੈ ਅਤੇ ਦੁੱਧ ਰਿੜਕਣ ਲਈ ਮਧਾਣੀ ਪਾ ਦਿੰਦੀ ਐ,ਫਿਰ ਚੱਕੀ ਝੋਂਅ ਲੈਣੀ (ਆਟਾਂ ਪੀਂਹਣ ਲੱਗ ਜਾਣਾ ) ਉਨ੍ਹਾਂ ਵੇਲਿਆਂ ਵਿੱਚ ਆਟਾ ਵੀ ਘਰੇ ਹੀ ਪੀਸਿਆ ਜਾਂਦਾ ਸੀ। ਦਿਨ ਚੜਦੇ ਨੂੰ 5-7 ਕਿਲੋਂ ਆਟਾ ਪੀਂਹ ਲੈਣਾ,ਫਿਰ ਹੋਰ ਕੰਮ ਧੰਦੇ ਨਿਬੇੜ ਕੇ ਖੇਤ ਰੋਟੀ ਲੈ ਕੇ ਜਾਣੀ,ਸਾਰਾ ਦਿਨ ਚੱਲ ਸੋ ਚੱਲ ਹੀ ਰਹਿੰਦੀ
ਹੁਣ ਤਾਂ ਸਾਰਾਂ ਕੰਮ ਮਸ਼ੀਨੀ ਹੋ ਗਿਆ ਹੈ। ਉਨ੍ਹਾਂ ਵੇਲਿਆਂ ਵਿੱਚ ਵਿਸਾਖ ਦੇ ਮਹੀਨੇ ਖੇਤਾਂ ਵਿੱਚ ਰੌਣਕਾਂ ਲੱਗੀਆਂ ਰਹਿਣੀਆਂ,ਕਣਕਾਂ ਹੱਥੀ ਵੱਢੀਆ ਤੇ ਕੱਢੀਆਂ ਜਾਂਦੀਆਂ ਸੀ। ਤੂੜੀ ਸਾਰੀ ਰਾਤ ਗੱਡਿਆਂ ਤੇ ਢੋਂਹੀ ਜਾਣੀ ਅਤੇ ਖੁਰਾਕਾਂ ਵੀ ਦੇਸੀ,ਸ਼ੱਕਰ ਘਿਉਂ ਦੀਆਂ ਹੁੰਦੀਆਂ,ਅੱਜਕੱਲ ਤਾਂ ਕੋਈ ਜਾਨ ਔਖੀ ਕਰਕੇ ਰਾਜੀ ਨਹੀ ਤਾਂ ਹੀ ਤਾਂ ਮਨੁੱਖੀ ਦੇਹ ਨੂੰ ਬਿਮਾਰੀਆਂ ਨੇ ਘੇਰ ਲਿਆ ਹੈ।
ਧੰਨ ਸੀ ਪਹਿਲਾ ਵਾਲੀਆ ਮਾਈਆ ਅਤੇ ਉਨ੍ਹਾਂ ਦੇ ਕੰਮ,ਹੁਣ ਨਾ ਉਹ ਮਾਈਆ ਰਹੀਆਂ ਅਤੇ ਨਾ ਹੀ ਉਹ ਕੰਮ,ਅੱਜ ਭੂਆ ਦੇ ਜਾਣ ਤੋਂ ਬਾਅਦ ਬੇਸ਼ੱਕ ਭੂਆ ਦੇ ਮੁੰਡਿਆਂ ਵਿੱਚੋਂ ਭੂਆ ਪ੍ਰਸਿੰਨੀ ਦੀ ਝਲਕ ਪੈਂਦੀ ਹੈ ਪਰ ਭੂਆ ਤਾਂ ਭੂਆ ਹੀ ਸੀ। ਹੁਣ ਬਜ਼ੁਰਗਾਂ ਦੇ ਇਸ ਦੁਨੀਆਂ ਤੋਂ ਚਲੇ ਜਾਣ ਨਾਲ ਸਾਡੀ ਵਿਰਾਸਤ ਅਤੇ ਸੱਭਿਆਚਾਰ ਦਾ ਅਨਮੋਲ ਖਜ਼ਾਨਾ ਵੀ ਹੌਲੀ ਹੌਲੀ ਲੋਪ ਹੁੰਦਾ ਜਾ ਰਿਹਾ ਹੈੇ।
ਲੇਖਿਕਾ : ਛਿੰਦਰਪਾਲ ਸ਼ਰਮਾ,ਏਲਨਾਬਾਦ,ਸਿਰਸਾ ਹਰਿਆਣਾ
ਸੰਪਰਕ : 94670 95953