ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੇ ਐਂਟਰਪ੍ਰੀਨਿਓਰਸ਼ਿਪ, ਇਨੋਵੇਸ਼ਨ ਐਂਡ ਕਰੀਅਰ ਹੱਬ ਤਹਿਤ ਅੱਜ ਯੂਨੀਵਰਸਿਟੀ ਕੈਂਪਸ ਵਿੱਚ ਇੱਕ ਵਿਸ਼ੇਸ਼ ਸਮਾਗਮ 'ਓਰੀਐਂਟੇਸ਼ਨ ਕਨਕਲੇਵ' ਕਰਵਾਇਆ ਗਿਆ। 'ਗੱਲ ਪੰਜਾਬ ਦੀ' ਸਿਰਲੇਖ ਤਹਿਤ ਹੋਏ ਇਸ ਸਮਾਗਮ ਦੀ ਪ੍ਰਧਾਨਗੀ ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਕੀਤੀ। ਆਈ.ਆਈ.ਟੀ. ਰੋਪੜ ਦੇ ਡਾਇਰੈਕਟਰ ਪ੍ਰੋ. ਰਾਜੀਵ ਅਹੂਜਾ ਇਸ ਮੌਕੇ ਮੁੱਖ ਮਹਿਮਾਨ ਵਜੋਂ ਹਾਜ਼ਿਰ ਹੋਏ।
ਡਾ. ਜਗਦੀਪ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅਜੋਕੇ ਯੁੱਗ ਵਿੱਚ ਨੌਜਵਾਨਾਂ ਨੂੰ ਸਿਰਫ਼ ਨੌਕਰੀਆਂ ਲੱਭਣ ਵਾਲੇ ਬਣਨ ਦੀ ਬਜਾਏ ਨੌਕਰੀਆਂ ਦੇਣ ਵਾਲੇ ਬਣਨਾ ਚਾਹੀਦਾ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਵਿੱਚ ਬੇਅੰਤ ਸਮਰੱਥਾ ਹੈ। ਉਨ੍ਹਾਂ ਨੂੰ ਸਟਾਰਟ-ਅੱਪਸ ਵੱਲ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ ਅਤੇ ਨਵੇਂ ਨਿਵੇਕਲੇ ਵਿਚਾਰਾਂ ਨਾਲ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਸੂਬੇ ਦੀ ਆਰਥਿਕਤਾ ਅਤੇ ਤਰੱਕੀ ਵਿੱਚ ਯੋਗਦਾਨ ਪਾਇਆ ਜਾ ਸਕੇ।
ਮੁੱਖ ਮਹਿਮਾਨ ਪ੍ਰੋ. ਰਾਜੀਵ ਅਹੂਜਾ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਤਕਨੀਕੀ ਅਤੇ ਨਵੀਨਤਮ ਸੋਚ ਦੀ ਮਹੱਤਤਾ 'ਤੇ ਰੌਸ਼ਨੀ ਪਾਈ।
ਇਸ ਕਨਕਲੇਵ ਵਿੱਚ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਫੈਕਲਟੀ ਮੈਂਬਰਾਂ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੇ ਹਿੱਸਾ ਲਿਆ।
ਯੂਨੀਵਰਸਿਟੀ ਕੈਂਪਸ ਦੇ ਨਾਲ-ਨਾਲ ਵੱਖ-ਵੱਖ ਸੰਬੰਧਿਤ ਕਾਲਜਾਂ ਦੇ ਵਿਦਿਆਰਥੀ ਅਤੇ ਅਧਿਆਪਕ ਵੀ ਇਸ ਵਿਚਾਰ-ਚਰਚਾ ਦਾ ਹਿੱਸਾ ਬਣੇ।
ਐਂਟਰਪ੍ਰੀਨਿਓਰਸ਼ਿਪ, ਇਨੋਵੇਸ਼ਨ ਐਂਡ ਕਰੀਅਰ ਹੱਬ ਤੋਂ ਪ੍ਰੋ. ਹਿਮੇਂਦਰ ਬਜਾਰਤੀ ਨੇ ਇਸ ਮੌਕੇ ਵਿਦਿਆਰਥੀਆਂ ਨੂੰ ਉੱਦਮਤਾ ਦੇ ਗੁਰ ਸਿਖਾਏ ਅਤੇ ਐਂਟਰਪ੍ਰੀਨਿਓਰਸ਼ਿਪ, ਇਨੋਵੇਸ਼ਨ ਐਂਡ ਕਰੀਅਰ ਹੱਬ ਰਾਹੀਂ ਮਿਲਣ ਵਾਲੀਆਂ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ। ਸਮਾਗਮ ਦੇ ਅੰਤ ਵਿੱਚ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਆਏ ਹੋਏ ਮਹਿਮਾਨਾਂ ਦਾ ਸਨਮਾਨ ਵੀ ਕੀਤਾ ਗਿਆ।