ਕੋਟਕਪੂਰਾ : ਨਵੇਂ ਅਕਾਦਮਿਕ ਸੈਸ਼ਨ ਦੀ ਸ਼ੁਰੂਆਤ ਮੌਕੇ ਸਿਲਵਰ ਓਕਸ ਸਕੂਲ, ਸੇਵੇਵਾਲਾ ਵਿੱਚ ਮਾਪਿਆਂ ਲਈ ਅਭਿਮੁਖੀਕਰਨ (ਓਰੀਐਂਟੇਸ਼ਨ) ਪ੍ਰੋਗਰਾਮ ਦਾ ਸਫਲ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਦਾ ਉਦੇਸ਼ ਮਾਪਿਆਂ ਨੂੰ ਸਕੂਲ ਦੀ ਕਾਰਗੁਜ਼ਾਰੀ ਬਾਰੇ ਜਾਣਕਾਰੀ ਦੇਣਾ ਅਤੇ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਮਾਪੇ-ਅਧਿਆਪਕਾਂ ਵਿਚਕਾਰ ਮਜ਼ਬੂਤ ਸਹਿਯੋਗ ਬਣਾਉਣਾ ਸੀ। ਪ੍ਰੋਗਰਾਮ ਦੀ ਸ਼ੁਰੂਆਤ ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਪ੍ਰਿਅੰਕਾ ਮਹਿਤਾ ਵੱਲੋਂ ਸ਼ਮਾਂ ਰੌਸ਼ਨ ਕਰਕੇ ਕੀਤੀ ਗਈ। ਇਸ ਪ੍ਰੋਗਰਾਮ ਵਿੱਚ ਨਵੀਆਂ ਕਲਾਸਾਂ ਵਿੱਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੇ ਵਿਸ਼ੇਸ਼ ਤੌਰ ’ਤੇ ਭਾਗ ਲਿਆ। ਸਕੂਲ ਦੇ ਅਧਿਆਪਕਾਂ ਵੱਲੋਂ ਮਾਪਿਆਂ ਦੇ ਤਿਲਕ ਲਾ ਕੇ ਸਵਾਗਤ ਕੀਤਾ। ਅਧਿਆਪਕਾਂ ਨੇ ਵਿਦਿਆਰਥੀਆਂ ਦੇ ਸਰੀਰਿਕ, ਮਾਨਸਿਕ ਅਤੇ ਨੈਤਿਕ ਵਿਕਾਸ ਲਈ ਅਪਣਾਏ ਜਾਣ ਵਾਲੇ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ। ਪ੍ਰੋਗਰਾਮ ਦੌਰਾਨ ਮਾਪਿਆਂ ਨੂੰ ਆਪਣੇ ਵਿਚਾਰ ਸਾਂਝੇ ਕਰਨ ਅਤੇ ਪ੍ਰਸ਼ਨ ਪੁੱਛਣ ਦਾ ਮੌਕਾ ਦਿੱਤਾ ਗਿਆ, ਜਿਸ ਨਾਲ ਸਕਾਰਾਤਮਕ ਸੰਵਾਦ ਦਾ ਮਾਹੌਲ ਬਣਿਆ। ਸਕੂਲ ਪ੍ਰਸ਼ਾਸਨ ਨੇ ਮਾਪਿਆਂ ਦੇ ਨਿਰੰਤਰ ਸਹਿਯੋਗ ਅਤੇ ਭਾਗੀਦਾਰੀ ਬਣਾਈ ਰੱਖਣ ਲਈ ਸਹਿਯੋਗ ਦੀ ਮੰਗ ਕੀਤੀ। ਇਸ ਮੌਕੇ ਪ੍ਰਿੰਸੀਪਲ ਪ੍ਰਿਅੰਕਾ ਮਹਿਤਾ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਸਕੂਲ ਅਤੇ ਮਾਪੇ ਇਕੋ ਹੀ ਉਦੇਸ਼ ਨੂੰ ਲੈ ਕੇ ਕੰਮ ਕਰਦੇ ਹਨ, ਬੱਚਿਆਂ ਦੇ ਚੰਗੇਰੇ ਭਵਿੱਖ ਲਈ ਜੇਕਰ ਅਸੀਂ ਇਕੱਠੇ ਮਿਲ ਕੇ ਕੰਮ ਕਰੀਏ ਤਾਂ ਅਸੀਂ ਬੱਚਿਆਂ ਨੂੰ ਨਾ ਸਿਰਫ਼ ਸਿੱਖਿਆਤਮਕ ਤੌਰ ’ਤੇ ਮਜ਼ਬੂਤ ਬਣਾ ਸਕਦੇ ਹਾਂ, ਸਗੋਂ ਉਨ੍ਹਾਂ ਨੂੰ ਚੰਗੇ ਸੰਸਕਾਰਾਂ ਨਾਲ ਇਕ ਜ਼ਿੰਮੇਵਾਰ ਨਾਗਰਿਕ ਵੀ ਬਣਾ ਸਕਦੇ ਹਾਂ।