ਅੰਮ੍ਰਿਤਸਰ : ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਇਕ ਵੱਡਾ ਇਤਿਹਾਸਿਕ ਫੈਸਲਾ ਹੈ, ਜਿਸ ਨਾਲ ਸੂਬੇ ਵਿੱਚ ਰਹਿ ਰਹੇ ਹਰੇਕ ਪਰਿਵਾਰ ਨੂੰ 10 ਲੱਖ ਰੁਪਏ ਤੱਕ ਆਪਣਾ ਮੁਫ਼ਤ ਇਲਾਜ ਕਿਸੇ ਵੀ ਸਰਕਾਰੀ ਜਾਂ ਪ੍ਰਾਈਵੇਟ ਹਸਪਤਾਲ ਤੋਂ ਕਰਵਾ ਸਕਦੇ ਹਨ।
ਇਨਾਂ ਸ਼ਬਦਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਸ: ਹਰਭਜਨ ਸਿੰਘ ਈ.ਟੀ.ਓ. ਨੇ ਕਰਦਿਆਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਨਾਂ ਤਾਂ ਸਿੱਖਿਆ ਅਤੇ ਨਾਂ ਹੀ ਸਿਹਤ ਸੰਸਥਾਵਾਂ ਵੱਲ ਕੋਈ ਧਿਆਨ ਦਿੱਤਾ ਅਤੇ ਸੂਬਾ ਵਾਸੀਆਂ ਨੂੰ ਸਿਹਤ ਅਤੇ ਸਿੱਖਿਆ ਦੇਣ ਵਿੱਚ ਅਸਫ਼ਲ ਰਹੀਆਂ। ਉਨਾਂ ਕਿਹਾ ਕਿ ਮਾਨ ਸਰਕਾਰ ਦਾ ਇਹ ਫੈਸਲਾ ਪੰਜਾਬ ਦੇ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਲੈ ਕੇ ਆਇਆ ਹੈ ਅਤੇ ਲੋਕ ਸਰਕਾਰ ਦੇ ਇਸ ਫੈਸਲੇ ਦਾ ਭਰਵਾਂ ਸਵਾਗਤ ਕਰ ਰਹੇ ਹਨ।
https://www.facebook.com/reel/1360505125832581
ਕੈਬਨਿਟ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ. ਨੇ ਜੰਡਿਆਲਾ ਗੁਰੂ ਵਿਖੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਸ਼ੁਰੂ ਕੀਤੀ ਗਈ 10 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਵਾਲੀ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਕਾਰਡ ਬਣਾਉਣ ਲਈ ਆਪਣੇ ਹਲਕੇ ਦੇ ਸਰਪੰਚਾਂ ਨੂੰ ਪੋਰਟੇਬਲ ਪ੍ਰਿੰਟਰ ਵੰਡੇ ਅਤੇ ਉਸਦੀ ਵਰਤੋਂ ਕਰਨ ਸੰਬੰਧੀ ਟ੍ਰੇਨਿੰਗ ਦਿੱਤੀ। ਕੈਬਨਿਟ ਮੰਤਰੀ ਈ. ਟੀ. ਓ ਨੇ ਘਰ ਘਰ ਜਾ ਕੇ ਲਾਭਪਾਤਰੀਆਂ ਦੇ ਕਾਰਡ ਬਣਾਏ। ਉਹਨਾਂ ਦੱਸਿਆ, "ਇਸ ਕਾਰਡ ਦਾ ਲਾਭ ਹਰ ਵਰਗ ਦੇ ਲੋਕਾਂ ਨੂੰ ਮਿਲੇਗਾ। ਇਸ ਯੋਜਨਾ ਦਾ ਲਾਭ ਲੈਣ ਲਈ ਨਾ ਤਾਂ ਕੋਈ ਆਮਦਨ ਦਾ ਚੱਕਰ ਹੈ ਤੇ ਨਾ ਹੀ ਕੋਈ ਉਮਰ ਸੀਮਾ। ਪੰਜਾਬ ਦਾ ਕੋਈ ਵੀ ਵਿਅਕਤੀ ਜਿਸ ਕੋਲ ਆਧਾਰ ਜਾਂ ਵੋਟਰ ਕਾਰਡ ਹੈ, ਉਹ ਇਸ ਸਕੀਮ ਦਾ ਫਾਇਦਾ ਲੈ ਸਕਦਾ ਹੈ। ਸ਼ਰਤ ਇਹ ਹੈ ਕਿ ਆਧਾਰ ਜਾਂ ਵੋਟਰ ਕਾਰਡ ਪੰਜਾਬ ਦਾ ਹੋਣਾ ਚਾਹੀਦਾ ਹੈ।"
ਉਨਾਂ ਕਿਹਾ ਕਿ ਲਾਭਪਾਤਰੀ ਬਿਨਾਂ ਕਿਸੇ ਪੈਸੇ ਤੋਂ ਪੰਜਾਬ ਦੇ ਕਿਸੇ ਵੀ ਪ੍ਰਾਈਵੇਟ ਅਤੇ ਸਰਕਾਰੀ ਹਸਪਤਾਲ ਵਿੱਚ ਆਪਣਾ ਮੁਫ਼ਤ ਇਲਾਜ ਕਰਵਾ ਸਕਣਗੇ। ਇਸ ਸਿਹਤ ਯੋਜਨਾ ਵਿੱਚ ਕੀਮੋਥੈਰੇਪੀ, ਡਿਲੀਵਰੀ, ਦਿਲ ਦਾ ਇਲਾਜ਼, ਡਾਇਲਸਿਸ, ਹੱਡੀਆਂ ਦਾ ਇਲਾਜ਼, ਜੱਚਾ-ਬੱਚਾ ਅਤੇ ਸਾਰੀਆਂ ਕਿਸਮਾਂ ਦੀਆਂ ਸਰਜਰੀਆਂ ਵੀ ਸ਼ਾਮਲ ਹਨ। ਇਹ ਯੋਜਨਾ ਸਾਰੇ ਟੈਸਟਾਂ, ਦਵਾਈਆਂ ਅਤੇ ਸਰਜਰੀਆਂ ਦੀ ਪੂਰੀ ਲਾਗਤ ਨੂੰ ਕਵਰ ਕਰਦੀ ਹੈ। ਇਸ ਸਕੀਮ ‘ਚ ਸਰਕਾਰੀ ਮੁਲਾਜ਼ਮ, ਪੈਨਸ਼ਨਰ ਵੀ ਸ਼ਾਮਿਲ ਹੋਣਗੇ।
ਕੈਪਸ਼ਨ : ਕੈਬਨਿਟ ਮੰਤਰੀ ਸ: ਹਰਭਜਨ ਸਿੰਘ ਈ.ਟੀ.ਓ. ਘਰ ਘਰ ਜਾ ਕੇ ਸਿਹਤ ਬੀਮਾ ਯੋਜਨਾ ਕਾਰਡਾਂ ਦੀ ਵੰਡ ਕਰਦੇ ਹੋਏ।