ਚੰਡੀਗੜ੍ਹ : ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਅਪਣਾਈ ਗਈ ਜ਼ੀਰੋ ਟਾਲਰੈਂਸ ਨੀਤੀ ਤਹਿਤ ਪੰਜਾਬ ਵਿਜੀਲੈਂਸ ਬਿਊਰੋ ਨੇ ਜੰਗਲਾਤ ਵਿਭਾਗ ਦਫ਼ਤਰ ਜ਼ਿਲ੍ਹਾ ਨਵਾਂਸ਼ਹਿਰ ਵਿਖੇ ਤਾਇਨਾਤ ਵਣ ਗਾਰਡ ਤੇਜਿੰਦਰਪਾਲ ਸਿੰਘ, ਜੰਗਲਾਤ ਵਿਭਾਗ ਦਫ਼ਤਰ ਜ਼ਿਲ੍ਹਾ ਨਵਾਂਸ਼ਹਿਰ ਵਿਖੇ ਤਾਇਨਾਤ ਸ਼ਮਸ਼ੇਰ ਸਿੰਘ ਦਿਹਾੜੀ ਮਜ਼ਦੂਰ ਅਤੇ ਜ਼ਿਲ੍ਹਾ ਐਸ.ਬੀ.ਐਸ. ਨਗਰ ਦੇ ਵਸਨੀਕ ਚਾਹ ਵੇਚਣ ਵਾਲੇ ਅਮਰਜੀਤ ਥਿੰਦ ਨੂੰ 110000 ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ।
ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਹ ਗ੍ਰਿਫ਼ਤਾਰੀ ਮੁੱਖ ਮੰਤਰੀ ਦੇ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਪੋਰਟਲ ’ਤੇ ਦਰਜ ਸ਼ਿਕਾਇਤ ਤੋਂ ਬਾਅਦ ਕੀਤੀ ਗਈ ਹੈ। ਇਸ ਸ਼ਿਕਾਇਤ ਦੀ ਪੜਤਾਲ ਦੌਰਾਨ ਇਹ ਗੱਲ ਸਾਹਮਣੇ ਆਈ ਸੀ ਕਿ ਬਲਾਕ ਅਫ਼ਸਰ ਚਿਰਾਗ ਲਖੋਤਰਾ ਨੇ ਤਜਿੰਦਰਪਾਲ ਸਿੰਘ ਵਣ ਗਾਰਡ ਅਤੇ ਸ਼ਮਸ਼ੇਰ ਸਿੰਘ, ਦਿਹਾੜੀ ਮਜ਼ਦੂਰ ਨਾਲ ਮਿਲ ਕੇ ਸ਼ਿਕਾਇਤਕਰਤਾ ਮੁਹੰਮਦ ਸਲੀਮ, ਜੋ ਜੰਗਲਾਤ ਵਿਭਾਗ ਦੀ ਜ਼ਮੀਨ ’ਤੇ ਗੈਰ-ਕਾਨੂੰਨੀ ਮਾਈਨਿੰਗ ਵਿੱਚ ਸ਼ਾਮਲ ਸੀ, ਦੀਆਂ ਤਿੰਨ ਗੱਡੀਆਂ (ਟਿੱਪਰ, ਜੇ.ਸੀ.ਬੀ. ਅਤੇ ਮੋਟਰਸਾਈਕਲ) ਜ਼ਬਤ ਕਰ ਲਈਆਂ ਅਤੇ ਉਸ ਦੀਆਂ ਗੱਡੀਆਂ ਜੰਗਲਾਤ ਵਿਭਾਗ ਦੇ ਦਫ਼ਤਰ, ਨਵਾਂਸ਼ਹਿਰ ਲੈ ਆਏ।
ਉਨ੍ਹਾਂ ਅੱਗੇ ਕਿਹਾ ਕਿ ਬਲਾਕ ਅਫ਼ਸਰ ਚਿਰਾਗ ਲਖੋਤਰਾ ਨੇ ਸ਼ਮਸ਼ੇਰ ਸਿੰਘ ਦਿਹਾੜੀ ਮਜ਼ਦੂਰ ਰਾਹੀਂ ਸ਼ਿਕਾਇਤਕਰਤਾ ਮੁਹੰਮਦ ਸਲੀਮ ਨੂੰ 600000 ਰੁਪਏ ਦਾ ਭਾਰੀ ਜੁਰਮਾਨਾ ਲਗਾਉਣ ਦੀ ਧਮਕੀ ਦਿੱਤੀ ਅਤੇ ਸ਼ਿਕਾਇਤਕਰਤਾ ਵਿਰੁੱਧ ਕਾਰਵਾਈ ਨਾ ਕਰਨ ਅਤੇ ਉਸ ਦੀਆਂ ਜ਼ਬਤ ਕੀਤੀਆਂ ਗੱਡੀਆਂ ਵੀ ਛੱਡਣ ਦੇ ਬਦਲੇ 150000 ਰੁਪਏ ਰਿਸ਼ਵਤ ਮੰਗ ਕੀਤੀ। ਸ਼ਮਸ਼ੇਰ ਸਿੰਘ ਦੇ ਸਹਿਯੋਗੀ ਅਮਰਜੀਤ ਥਿੰਦ (ਚਾਹ ਵੇਚਣ ਵਾਲਾ) ਨੇ ਮੰਗੀ ਗਈ ਉਕਤ ਰਕਮ ਵਿੱਚੋਂ 70000 ਰੁਪਏ(45,000 ਰੁਪਏ ਨਕਦ ਅਤੇ 25,000 ਰੁਪਏ ਯੂਪੀਆਈ ਰਾਹੀਂ ) ਪ੍ਰਾਪਤ ਕੀਤੇ ।
ਬੁਲਾਰੇ ਨੇ ਅੱਗੇ ਕਿਹਾ ਕਿ ਸ਼ਿਕਾਇਤਕਰਤਾ ਨੇ ਦੁਬਾਰਾ ਉਕਤ ਯੂ.ਪੀ.ਆਈ. ਖਾਤੇ ਵਿੱਚ 40,000 ਰੁਪਏ ਟ੍ਰਾਂਸਫਰ ਕੀਤੇ। ਇਸ ਤਰ੍ਹਾਂ, ਕੁੱਲ 110000 ਰੁਪਏ ਦੀ ਰਕਮ ਸ਼ਮਸ਼ੇਰ ਸਿੰਘ ਦੇ ਸਹਿਯੋਗੀ ਚਾਹ ਵੇਚਣ ਵਾਲੇ ਅਮਰਜੀਤ ਥਿੰਦ ਨੂੰ ਦਿੱਤੀ ਗਈ ਸੀ। ਇਸ ਤੋਂ ਬਾਅਦ, ਸ਼ਮਸ਼ੇਰ ਸਿੰਘ ਨੇ ਸ਼ਿਕਾਇਤਕਰਤਾ ਨੂੰ ਬਾਕੀ 40,000 ਰੁਪਏ ਦਾ ਭੁਗਤਾਨ ਕਰਨ ਲਈ ਕਿਹਾ, ਜੋ ਅਜੇ ਤੱਕ ਪ੍ਰਾਪਤ ਨਹੀਂ ਹੋਏ ਸਨ।
ਜਾਂਚ ਦੌਰਾਨ, ਉਕਤ ਕਰਮਚਾਰੀਆਂ ਦੀ ਸ਼ਮੂਲੀਅਤ ਸਾਹਮਣੇ ਆਈ ਜਿਸ ਨਾਲ ਵਿਜੀਲੈਂਸ ਬਿਊਰੋ ਯੂਨਿਟ ਐਸਬੀਐਸ ਨਗਰ ਨੇ ਇਨ੍ਹਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਵਿਜੀਲੈਂਸ ਬਿਊਰੋ ਨੇ ਜੰਗਲਾਤ ਵਿਭਾਗ ਦਫ਼ਤਰ ਨਵਾਂਸ਼ਹਿਰ ਦੇ ਬਲਾਕ ਅਫਸਰ ਚਿਰਾਗ ਲਖੋਤਰਾ ਦੇ ਘਰ ਅਤੇ ਹੋਰ ਥਾਵਾਂ ’ਤੇ ਛਾਪੇਮਾਰੀ ਕਰਨ ਲਈ ਟੀਮਾਂ ਦਾ ਗਠਨ ਕੀਤਾ ਹੈ ਤਾਂ ਜੋ ਉਸਨੂੰ ਜਲਦ ਹੀ ਗ੍ਰਿਫਤਾਰ ਕੀਤਾ ਜਾ ਸਕੇ। ਇਸ ਸਬੰਧ ਵਿੱਚ ਜੇਕਰ ਜੰਗਲਾਤ ਵਿਭਾਗ ਦੇ ਕਿਸੇ ਹੋਰ ਅਧਿਕਾਰੀ ਜਾਂ ਕਰਮਚਾਰੀ ਵਿਰੁੱਧ ਕੋਈ ਸਬੂਤ ਸਾਹਮਣੇ ਆਉਂਦਾ ਹੈ ਤਾਂ ਉਸ ਅਧਿਕਾਰੀ ਵਿਰੁੱਧ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਇਸ ਸਬੰਧ ਵਿੱਚ ਇਨ੍ਹਾਂ ਮੁਲਜ਼ਮਾਂ ਵਿਰੁੱਧ ਵਿਜੀਲੈਂਸ ਬਿਊਰੋ ਪੁਲਿਸ ਥਾਣਾ ਜਲੰਧਰ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ ਅਤੇ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।