ਸੁਨਾਮ : ਰਾਸ਼ਟਰੀ ਸਕੂਲ ਖੇਡਾਂ ਵਿੱਚ ਭਾਗ ਲੈਂਦਿਆਂ ਪੰਜਾਬ ਦੇ ਮੁੰਡਿਆਂ ਦੀ ਸ਼ਤਰੰਜ ਟੀਮ ਨੇ (ਅੰਡਰ 14) ਵਿੱਚ ਕਈ ਸੂਬਿਆਂ ਨੂੰ ਪਛਾੜਕੇ ਰਾਸ਼ਟਰੀ ਪੱਧਰ ਤੇ ਚੌਥਾ ਸਥਾਨ ਹਾਸਲ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਨਾਮ ਦੇ ਜੰਮਪਲ ਖੇਡ ਲੇਖਕ ਅਤੇ ਡੀਪੀਈ ਮਨਦੀਪ ਸਿੰਘ ਸੁਨਾਮ ਨੇ ਦੱਸਿਆ ਕਿ 13 ਤੋਂ 16 ਜਨਵਰੀ 2026 ਤੱਕ ਰਾਂਚੀ ਝਾਰਖੰਡ ਦੇ ਮੈਗਾ ਸਪੋਰਟਸ ਕੰਪਲੈਕਸ ਖੇਲਗਾਓਂ ਵਿਖੇ ਆਯੋਜਿਤ ਵਕਾਰੀ ਐਸ ਜੀ ਐਫ਼ ਆਈ (SGFI) ਨੈਸ਼ਨਲ ਸਕੂਲ ਦੇ 69ਵੇਂ ਐਡੀਸ਼ਨ ਵਿੱਚ ਪੰਜਾਬ ਦੀ ਟੀਮ ਚੌਥੇ ਸਥਾਨ 'ਤੇ ਰਹੀ। ਉਨ੍ਹਾਂ ਕਿਹਾ ਕਿ ਸਮੀਰ ਸ਼ੇਰਗਿੱਲ, ਅਗਮਜੋਤ ਗਿੱਲ, ਸ਼੍ਰੇਆਂਸ਼ ਜੈਨ, ਕਾਰਤਿਕ ਮਿੱਤਲ ਅਤੇ ਅਨੰਤਵੀਰ ਗਰਗ ਦੀ ਮੁੰਡਿਆਂ ਦੀ ਸ਼ਤਰੰਜ ਟੀਮ ਨੇ ਆਪਣੇ ਅੰਤਿਮ ਦੌਰ ਵਿੱਚ ਸ਼ਤਰੰਜ ਪਾਵਰ ਹਾਊਸ ਆਂਧਰਾ ਪ੍ਰਦੇਸ਼ ਨੂੰ ਹਰਾਇਆ ਅਤੇ ਟੂਰਨਾਮੈਂਟ ਜੇਤੂ ਤਾਮਿਲਨਾਡੂ- ਇੱਕ ਹੋਰ ਸ਼ਤਰੰਜ ਪਾਵਰ ਹਾਊਸ, ਤੋਂ ਆਪਣਾ ਇੱਕੋ-ਇੱਕ ਮੁਕਾਬਲਾ ਹਾਰਿਆ । ਉਨ੍ਹਾਂ ਆਖਿਆ ਪੰਜਾਬ ਦੇ ਮੁੰਡੇ ਟਾਈ-ਬ੍ਰੇਕਰਾਂ ਵਿੱਚ ਪੋਡੀਅਮ ਫਿਨਿਸ਼ ਤੋਂ ਖੁੰਝ ਗਏ। ਸ਼ਤਰੰਜ ਟੀਮ ਦੇ ਕੋਚ ਮਨਦੀਪ ਸਿੰਘ ਅਤੇ ਜਤਿੰਦਰ ਕੁਮਾਰ ਨੇ ਦੱਸਿਆ ਕਿ ਇਹ ਪਹਿਲੀ ਵਾਰ ਹੈ ਜਦੋਂ ਪੰਜਾਬ ਦੀ ਕਿਸੇ ਸ਼ਤਰੰਜ ਟੀਮ ਨੇ ਰਾਸ਼ਟਰੀ ਚੈਂਪੀਅਨਸ਼ਿਪ ਵਿੱਚ ਚੋਟੀ ਦੇ 4 ਸਥਾਨਾਂ 'ਤੇ ਪੁਜੀਸ਼ਨ ਪ੍ਰਾਪਤ ਕੀਤੀ ਹੈ।
ਉਨ੍ਹਾਂ ਦੱਸਿਆ ਕਿ ਗੁਰਿੰਦਰ ਸਿੰਘ ਸੋਢੀ, ਡਾਇਰੈਕਟਰ ਸਕੂਲ ਸਿੱਖਿਆ ਪੰਜਾਬ, ਅਤੇ ਸੁਨੀਲ ਕੁਮਾਰ ਡਿਪਟੀ ਡਾਇਰੈਕਟਰ ਸਰੀਰਕ ਸਿੱਖਿਆ ਨੇ ਜਿੱਤ ਨੂੰ ਇਤਿਹਾਸਕ ਦੱਸਿਆ ਅਤੇ ਪੰਜਾਬ ਰਾਜ ਨੂੰ ਸ਼ਤਰੰਜ ਦੇ ਰਾਸ਼ਟਰੀ ਨਕਸ਼ੇ 'ਤੇ ਲਿਆਉਣ ਲਈ ਟੀਮ ਨੂੰ ਵਧਾਈ ਦਿੱਤੀ।